ਮਜੀਠੀਆ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਕੇ ਭਗਵੰਤ ਮਾਨ ਨੇ ਦਲੇਰੀ ਦਿਖਾਈ-ਮਨੀਸ਼ ਸਿਸੋਦੀਆ
ਨਵੀਂ ਦਿੱਲੀ 28 ਅਕਤੂਬਰ (ਅਜੀਤ ਬਿਊਰੋ)-ਇਕ ਪਾਸੇ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਫੈਲਾਉਣ ਵਾਲੇ ਮਜੀਠੀਆ ਵਰਗੇ ਤਾਕਤਵਰ ਨੇਤਾ ਖ਼ਿਲਾਫ਼ ਅਦਾਲਤ ’ਚ ਚਾਰਜਸ਼ੀਟ ਦਾਇਰ ਕਰ ਰਹੀ ਹੈ ਤੇ ਦੂਜੇ ਪਾਸੇ ਭਾਜਪਾ ਮਜੀਠੀਆ ਦੀ ਪਾਰਟੀ ਨਾਲ ਗਠਜੋੜ ਕਰਕੇ ਫਿਰ ਤੋਂ ਨਸ਼ਾ ਵਧਾਉਣ ਦੀ ਫਿਰਾਕ ’ਚ ਹੈ। ਭਾਜਪਾ ਦੀ ਇਸ ਨਾਪਾਕ ਕੋਸ਼ਿਸ਼ ’ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਹੋਰ ਸੀਨੀਅਰ ਨੇਤਾਵਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜਿਸ ਨੇ ਪੰਜਾਬ ’ਚ 736 ਕਰੋੜ ਰੁਪਏ ਦਾ ਨਸ਼ਾ ਵੇਚ ਕੇ ਉਹ ਪੈਸੇ ਆਪਣੇ ਬੈਂਕਾਂ ’ਚ ਜਮ੍ਹਾਂ ਕਰਵਾਏ, ਅਮਿਤ ਸ਼ਾਹ ਉਸ ਨਾਲ ਗੱਠਜੋੜ ਕਰਕੇ ਪੰਜਾਬ ਨੂੰ ਫਿਰ ਤੋਂ ਨਸ਼ਿਆਂ ’ਚ ਡੋਬਣ ਦੀ ਤਿਆਰੀ ਕਰ ਰਹੇ ਹਨ। ਕੀ ਹੁਣ ਗੁਜਰਾਤ ਦੇ ਰਸਤੇ ਨਸ਼ਾ ਲਿਆ ਕੇ ਪੰਜਾਬ ’ਚ ਵੇਚਿਆ ਜਾਵੇਗਾ? ਪੰਜਾਬੀ ਇਹ ਬਿਲਕੁਲ ਨਹੀਂ ਹੋਣ ਦੇਣਗੇ। ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਕੇ ਹਿੰਮਤ ਤੇ ਦਲੇਰੀ ਵਿਖਾਈ ਹੈ, ਜਿਸ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।