01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

‘ਇੰਡੀਆ’ ਗੱਠਜੋੜ ਵਲੋਂ ਗਿਆਨੇਸ਼ ਕੁਮਾਰ ਖ਼ਿਲਾਫ਼ ‘ਮੌਕ ਸੰਸਦ’ ’ਚ ਲਿਆਂਦਾ ਜਨਤਕ ਮਹਾਂਦੋਸ਼ ਪ੍ਰਸਤਾਵ ਪਾਸ

* ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਚੱਲੇ ਦੇਸ਼ ਧ੍ਰੋਹ ਦਾ ਕੇਸ-ਰਾਹੁਲ * ਖੜਗੇ ਨੇ ਪੇਸ਼ ਕੀਤਾ ਮਤਾ

ਅਜੀਤ ਡੈਸਕ 01-11-2026

* ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਚੱਲੇ ਦੇਸ਼ ਧ੍ਰੋਹ ਦਾ ਕੇਸ-ਰਾਹੁਲ * ਖੜਗੇ ਨੇ ਪੇਸ਼ ਕੀਤਾ ਮਤਾ

ਨਵੀਂ ਦਿੱਲੀ, 31 ਅਕਤੂਬਰ (ਉਪਮਾ ਡਾਗਾ ਪਾਰਥ)- ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਲਿਆਂਦੇ ਜਨਤਕ ਮਹਾਂਦੋਸ਼ ਦੇ ਪ੍ਰਸਤਾਵ ਨੂੰ ਤਕਰੀਬਨ ਸਾਢੇ ਤਿੰਨ ਘੰਟੇ ਚੱਲੀ ‘ਮੌਕ ਸੰਸਦ’ ’ਚ ਹੋਈ ਬਹਿਸ ਤੋਂ ਬਾਅਦ ਪਾਸ ਕਰ ਦਿੱਤਾ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਗਿਆਨੇਸ਼ ਕੁਮਾਰ ਵਲੋਂ ਐਸ.ਆਈ.ਆਰ. ਰਾਹੀਂ 13.3 ਕਰੋੜ ਵੋਟਰਾਂ ਦੇ ਨਾਂਅ ਕੱਟਣ ਨੂੰ ਵੱਡਾ ਜੁਰਮ ਦੱਸਦਿਆਂ ਕਿਹਾ ਕਿ ਉਨ੍ਹਾਂ (ਗਿਆਨੇਸ਼ ਕੁਮਾਰ) ਖ਼ਿਲਾਫ਼ ਦੇਸ਼ ਧਰੋਹ ਦਾ ਮੁਕੱਦਮਾ ਚੱਲਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਆਧਾਰ ’ਤੇ 2024 ਦੀਆਂ ਲੋਕ ਸਭਾ ਚੋਣਾਂ ਗ਼ੈਰ-ਕਾਨੂੰਨੀ ਹਨ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਰਿਹਾਇਸ਼ ’ਤੇ ਹੋਏ ਇਸ ਮੌਕ ਸੰਸਦ ’ਚ 19 ਵਿਰੋਧੀ ਧਿਰਾਂ ਦੇ 215 ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਖੜਗੇ ਨੇ ਜਨਤਕ ਮਹਾਂਦੋਸ਼ ਦਾ ਮਤਾ ਪੇਸ਼ ਕੀਤਾ, ਜਿਸ ਦੀ ਪ੍ਰਧਾਨਗੀ ਸਾਬਕਾ ਸਪੀਕਰ ਮੀਰਾ ਕੁਮਾਰ ਨੇ ਕੀਤੀ। ਖੜਗੇ ਨੇ ਗਿਆਨੇਸ਼ ਕੁਮਾਰ  ’ਤੇ 6 ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਕਿੰਨੇ ਸੰਘਰਸ਼ਾਂ ਨਾਲ ਹਾਸਿਲ ਕੀਤਾ ਲੋਕਤੰਤਰ ਅੱਜ ਖ਼ਤਰੇ ’ਚ ਹੈ, ਕਿਉਂਕਿ ਗਿਆਨੇਸ਼ ਕੁਮਾਰ ਸਿੱਧੇ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਅਤੇ ਗ੍ਰਹਿ ਮੰਤਰੀ (ਅਮਿਤ ਸ਼ਾਹ) ਦੇ ਨਿਰਦੇਸ਼ਾਂ ’ਤੇ ਕਮਿਸ਼ਨ ਚਲਾ ਰਹੇ ਹਨ। ਉਨ੍ਹਾਂ ਮਹਾਰਾਸ਼ਟਰ ਅਤੇ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਗੜਬੜੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਚੋਰੀ ਫੜੀ ਗਈ ਤਾਂ ਐਸ.ਆਈ.ਆਰ. ਦਾ ਐਲਾਨ ਕਰ ਦਿੱਤਾ, ਜਿਸ ਦੇ ਡਿਜਾਈਨ ’ਚ ਹੀ ਕਈ ਖ਼ਾਮੀਆਂ ਹਨ। ਖੜਗੇ ਨੇ ਮੁੱਖ ਚੋਣ ਕਮਿਸ਼ਨਰ ਨੂੰ ਫੌਰੀ ਅਹੁਦੇ ਤੋਂ ਹਟਾਉਣ, ਐਸ.ਆਈ.ਆਰ. ਨੂੰ ਰੋਕਣ ਅਤੇ 2023 ਦੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ, ਜਿਸ ’ਚ ਮੁੱਖ ਚੋਣ ਕਮਿਸ਼ਨਰ ਨੂੰ ਕਈ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਗਈਆਂ ਸਨ। ਖੜਗੇ ਦੀ ਰਿਹਾਇਸ਼ ’ਚ ਬਾਹਰ ਲਾਨ ’ਚ ਸੰਸਦ ਵਾਂਗ ਬਣਾਇਆ ਗਿਆ ਸੀ ਅਤੇ ਮੀਰਾ ਕੁਮਾਰ ਜਿਸ ਆਸਣ ’ਤੇ ਬੈਠੇ ਸਨ, ਉਸ ਨੂੰ ਪੁਰਾਣੀ ਸੰਸਦ ਦੀ ਇਮਾਰਤ ਦੇ ਸੈਂਟਰਲ ਹਾਲ ਵਾਂਗ ਬਣਾਇਆ ਗਿਆ ਸੀ। ਇਸ ਮੌਕ ਸੰਸਦ ’ਚ ਕਈ ਅਜਿਹੇ ਲੋਕ ਵੀ ਸ਼ਾਮਿਲ ਸਨ, ਜਿਨ੍ਹਾਂ ਦੇ ਵੋਟ ਐਸ.ਆਈ.ਆਰ. ਕਵਾਇਦ ਦੌਰਾਨ ਕੱਟੇ ਗਏ ਸਨ। ਦੱਸਣਯੋਗ ਹੈ ਕਿ ਮੌਕ ਸੰਸਦ ਵਿਰੋਧੀ ਧਿਰਾਂ ਵਲੋਂ ਐਲਾਨੀ 1 ਨਵੰਬਰ ਨੂੰ ਰਾਮਲੀਲ੍ਹਾ ਮੈਦਾਨ ’ਚ ਹੋਣ ਵਾਲੀ ਰੈਲੀ ਤੋਂ ਇਕ ਦਿਨ ਪਹਿਲਾਂ ਕੀਤੀ ਗਈ। ਮੀਰਾ ਕੁਮਾਰ ਨੇ ਮੌਕ ਸੰਸਦ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਲੋਕਾਂ ਦੇ ਵੋਟ ਗ਼ੈਰ-ਵਾਜਬ ਤਰੀਕਿਆਂ ਨਾਲ ਕੱਟੇ ਜਾ ਰਹੇ ਹਨ। ਜਦੋਂ ਸਵਾਲ ਉਠਾਏ ਗਏ ਤਾਂ ਜਵਾਬਾਂ ’ਚ ਕੋਈ ਪਾਰਦਰਸ਼ਤਾ ਨਹੀਂ ਸੀ, ਇਸੇ ਲਈ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਲਈ ਮਹਾਂਦੋਸ਼ ਪ੍ਰਸਤਾਵ ਲਿਆਂਦਾ ਗਿਆ। ਮੌਕ ਸੰਸਦ ਦਾ ਇਜਲਾਸ ਖ਼ਤਮ ਹੋਣ ਤੋਂ ਬਾਅਦ ਜਨਤਕ ਮਹਾਂਦੋਸ਼ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਮੁੱਖ ਚੋਣ ਕਮਿਸ਼ਨਰ ਨੂੰ ਹਟਣਾ ਹੀ ਹੋਏਗਾ-ਰਾਹੁਲ ਗਾਂਧੀ
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਦੁਹਰਾਉਂਦਿਆਂ ਕਿਹਾ ਕਿ ਭਾਜਪਾ ਭਾਵੇਂ ਚੋਣਾਂ ’ਚ ਧਾਂਦਲੀ ਕਰਦੀ ਰਹੇ ਪਰ ਭਾਰਤ ਦੀ ਜਨਤਾ ਅਤੇ ਵਿਰੋਧੀ ਧਿਰਾਂ ਦੇ ਮੈਂਬਰ ਇਸ ਨੂੰ ਨਾ ਤਾਂ ਭੁੱਲਣਗੇ ਅਤੇ ਨਾ ਹੀ ਮੁਆਫ਼ ਕਰਨਗੇ। ਉਨ੍ਹਾਂ ਕਿਹਾ ਕਿ ਗਿਆਨੇਸ਼ ਕੁਮਾਰ ਖ਼ਿਲਾਫ਼ ਦੇਸ਼ ਧਰੋਹ ਦਾ ਮੁਕੱਦਮਾ ਚਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਨਿਆਂ ਦੇ ਦਾਇਰੇ ਹੇਠ ਲਿਆਉਣਾ ਹੀ ਹੋਵੇਗਾ। ਇਸ ਮੌਕ ਸੰਸਦ ’ਚ ਕਈ ਰਾਜਾਂ ਦੇ ਮੁੱਖ ਮੰਤਰੀ ਵੀ ਮੌਜੂਦ ਸਨ।

ਪਿਛਲੀ ਖ਼ਬਰ ਸਕੂਲਾਂ ਦਾ ਸਮਾਂ ਬਦਲਿਆ ਅਗਲੀ ਖ਼ਬਰ ਅੱਜ ਤੋਂ ਦਿੱਲੀ ’ਚ ਨਹੀਂ ਦਾਖ਼ਲ ਹੋ ਸਕਣਗੇ ਗੈਰ ਬੀ.ਐਸ.-6 ਵਾਹਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।