01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਤੋਂ ਪਹਿਲਾਂ ਦਿੱਲੀ ’ਚ ਉੱਚ ਪੱਧਰੀ ਬੈਠਕ

ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਤੋਂ ਪਹਿਲਾਂ ਦਿੱਲੀ ’ਚ ਉੱਚ ਪੱਧਰੀ ਬੈਠਕ

ਅਜੀਤ ਡੈਸਕ 01-11-2026

ਪੰਜਾਬ ਇਕ ਫ਼ੈਸਲਾਕੁੰਨ ਬਦਲਾਅ ਅਤੇ ਨਵੀਂ ਸ਼ੁਰੂਆਤ ਦੀ ਤਿਆਰੀ ’ਚ

ਨਵੀਂ ਦਿੱਲੀ, 31 ਅਕਤੂਬਰ (ਉਪਮਾ ਡਾਗਾ ਪਾਰਥ)- ਕਾਂਗਰਸ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਰਸਮੀ ਤੌਰ ’ਤੇ ਬਿਗਲ ਵਜਾਉਣ ਲਈ ਅਤੇ ਪਾਰਟੀ ਨੇਤਾਵਾਂ ਦੀ ਇਕਜੁੱਟਤਾ ਦਾ ਸੁਨੇਹਾ ਦੇਣ ਲਈ ਰਾਹੁਲ ਗਾਂਧੀ ਦੀ ਪ੍ਰਸਤਾਵਿਤ 4 ਨਵੰਬਰ ਦੀ ਸੰਗਰੂਰ ਰੈਲੀ ਨੂੰ ਲੈ ਕੇ ਸਨਿਚਰਵਾਰ ਨੂੰ ਦਿੱਲੀ ਸਥਿਤ ਇੰਦਰਾ ਭਵਨ ’ਚ ਅਹਿਮ ਬੈਠਕ ਹੋਈ, ਜਿਸ ’ਚ ਰਾਹੁਲ ਗਾਂਧੀ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਪੰਜਾਬ ਦੀ ਸਿਖ਼ਰਲੀ ਲੀਡਰਸ਼ਿਪ ਵੀ ਮੌਜੂਦ ਰਹੀ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ, ਪੰਜਾਬ ਪ੍ਰਦੇਸ਼ ਪ੍ਰਧਾਨ ਪਰਗਟ ਸਿੰਘ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਜੇ ਇੰਦਰ ਸਿੰਗਲਾ, ਰਾਜ ਕੁਮਾਰ ਵੇਰਕਾ ਸਮੇਤ ਕਈ ਹੋਰ ਨੇਤਾ ਮੌਜੂਦ ਸਨ। ਬੈਠਕ ਦਾ ਮੁੱਖ ਏਜੰਡਾ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਉਲੀਕਣਾ ਅਤੇ ਸੂਬੇ ’ਚ ਪਾਰਟੀ ਦੀ ਸਥਿਤੀ ਦੀ ਸਮੀਖਿਆ ਕਰਨਾ ਸੀ। ਵੜਿੰਗ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਕਿਹਾ ਕਿ ਬੈਠਕ ’ਚ ਮੁੱਖ ਤੌਰ ’ਤੇ 3 ਮੁੱਦਿਆਂ ’ਤੇ ਚਰਚਾ ਹੋਈ। ਜਿਸ ’ਚ ਸਭ ਤੋਂ ਉੱਪਰ 4 ਨਵੰਬਰ ਨੂੰ ਹੋਣ ਵਾਲੀ ਸੰਗਰੂਰ ਰੈਲੀ ਸੀ। ਇਸ ਤੋਂ ਇਲਾਵਾ ਚੋਣਾਂ ’ਚ ਕਾਂਗਰਸ ਦੀ ਰਣਨੀਤੀ ’ਤੇ ਵੀ ਚਰਚਾ ਕੀਤੀ ਗਈ। ਨਾਲ ਹੀ ਉਨ੍ਹਾਂ ਲੋਕ ਪੱਖੀ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ, ਜੋ ਸੂਬੇ ਦੇ ਲੋਕਾਂ ਦੇ ਸਰੋਕਾਰ ਹਨ। ਹਾਸਿਲ ਜਾਣਕਾਰੀ ਮੁਤਾਬਿਕ ਸੰਗਰੂਰ ਰੈਲੀ ’ਚ ਤਕਰੀਬਨ ਇਕ ਲੱਖ ਕਾਰਜਕਰਤਾਵਾਂ ਨੂੰ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਖੜਗੇ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤਸਵੀਰ
ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਮੀਟਿੰਗ ਦੀ ਤਸਵੀਰ ਸਾਂਝੀ ਕੀਤੀ, ਜਿਸ ’ਚ ਸਾਰੇ ਨੇਤਾ ਵਿਚਾਰ-ਵਟਾਂਦਰਾ ਕਰਦੇ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ’ਚ ਖੁੱਲ੍ਹੀ ਖਾਨਾਜੰਗੀ ਅਤੇ ਚੰਨੀ ਤੇ ਵੜਿੰਗ ਧੜੇ ਦਰਮਿਆਨ ਆਪਸੀ ਤੁਹਮਤਬਾਜ਼ੀ ਤੋਂ ਬਾਅਦ ਪੰਜਾਬ ਪ੍ਰਧਾਨ ਬਦਲਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਹਾਈਕਮਾਨ ਨੇ ਪੰਜਾਬ ਦੀ ਲੀਡਰਸ਼ਿਪ ਨਾਲ ਇਕੱਠੇ ਮੁਲਾਕਾਤ ਕੀਤੀ ਹੈ। ਇਸ ਤੋਂ ਪਹਿਲਾਂ ਸਚਿਨ ਪਾਈਲਟ ਆਪਣੇ ਪੰਜਾਬ ਦੌਰੇ ਦੌਰਾਨ ਵੀ ਪਾਰਟੀ ਆਗੂਆਂ ਨੂੰ ਇਹ ਸਖ਼ਤ ਅਤੇ ਸਪੱਸ਼ਟ ਸੰਦੇਸ਼ ਦਿੱਤਾ ਸੀ ਕਿ ਕੋਈ ਵੀ ਆਗੂ ਆਪਣਾ ਨਿੱਜੀ ਏਜੰਡਾ ਨਹੀਂ ਚਲਾਏਗਾ। ਖੜਗੇ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਸੰਦੇਸ਼ ’ਚ ਲਿਖਿਆ ਕਿ ਪੰਜਾਬ ਇਕ ਫ਼ੈਸਲਾਕੁੰਨ ਬਦਲਾਅ ਅਤੇ ਇਕ ਨਵੀਂ ਸ਼ੁਰੂਆਤ ਲਈ ਤਰਸ ਰਿਹਾ ਹੈ। ਕਾਂਗਰਸ ਪ੍ਰਧਾਨ ਨੇ ਅੱਗੇ ਲਿਖਿਆ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਭਰੋਸੇ ਨੂੰ ਤੋੜਿਆ ਹੈ। ਉਨ੍ਹਾਂ ਦੇ ਵੱਡੇ-ਵੱਡੇ ਵਾਅਦਿਆਂ ਦੀ ਥਾਂ ਹੁਣ ਨਾਕਾਮ ਸ਼ਾਸਨ, ਭ੍ਰਿਸ਼ਟਾਚਾਰ, ਨਸ਼ੇ ਦੀ ਸਮੱਸਿਆ, ਵਧਦੀ ਅਸੁਰੱਖਿਆ ਅਤੇ ਟੁੱਟੀਆਂ ਹੋਈਆਂ ਉਮੀਦਾਂ ਨੇ ਲੈ ਲਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਮਾਣ-ਸਨਮਾਨ ਅਤੇ ਸ਼ਾਨ ਨੂੰ ਬਹਾਲ ਕਰਨ, ਇਸਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਸੂਬੇ ’ਚ ਸ਼ਾਂਤੀ, ਵਿਕਾਸ ਅਤੇ ਪ੍ਰਗਤੀ ਦਾ ਇਕ ਨਵਾਂ ਦੌਰ ਲਿਆਉਣ ’ਚ ਕੋਈ ਕਸਰ ਨਹੀਂ ਛਡੇਗੀ।
ਰਾਹੁਲ ਗਾਂਧੀ ਕਰ ਸਕਦੇ ਹਨ ਝੋਟੇ ਦੇ ਪਰਿਵਾਰ ਨਾਲ ਮੁਲਾਕਾਤ
ਰਾਹੁਲ ਗਾਂਧੀ ਆਪਣੇ ਪੰਜਾਬ ਦੌਰੇ ਦੌਰਾਨ ਨਸ਼ਿਆਂ ਖ਼ਿਲਾਫ਼ ਸਮਾਜਿਕ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰ ਸਕਦੇ ਹਨ। ਹਾਲਾਂਕਿ ਇਸ ਮੁਲਾਕਾਤ ਨੂੰ ਲੈ ਕੇ ਕਾਂਗਰਸ ਨੇਤਾਵਾਂ ਨੇ ਕੋਈ ਪੁਸ਼ਟੀ ਨਹੀਂ ਕੀਤੀ। ਪਰ ਕਾਂਗਰਸ ਵਲੋਂ ਚੋਣਾਂ ਲਈ ਤਿਆਰ ਕੀਤੇ ਜਾਣ ਵਾਲੇ ਘੋਸ਼ਣਾ ਪੱਤਰ ਲਈ ਲੋਕਾਂ ਤੋਂ ਲਏ ਜਾ ਰਹੇ ਸੁਝਾਵਾਂ ਦੀ ਕਵਾਇਦ ਹੇਠ ਨਸ਼ਾ ਇਕ ਅਹਿਮ ਮੁੱਦਾ ਬਣ ਕੇ ਉੱਭਰਿਆ ਹੈ। ਜਿਸ ਕਾਰਨ ਇਹ ਕਿਆਸ ਲਾਏ ਜਾ ਰਹੇ ਹਨ ਕਿ ਰਾਹੁਲ ਗਾਂਧੀ ਆਪਣੇ ਦੌਰੇ ਦੌਰਾਨ ਝੋਟੇ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਹਾਲ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਪਣੇ ਪੰਜਾਬ ਦੌਰੇ ਦੌਰਾਨ ਝੋਟੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਅਤੇ ਪੰਜਾਬ ਨੂੰ 2029 ਤੱਕ ਨਸ਼ਾ ਮੁਕਤ ਕਰਨ ਦਾ ਵਾਅਦਾ ਵੀ ਕੀਤਾ ਸੀ।
ਰਾਹੁਲ ਦੇ ਦੌਰੇ ਤੋਂ ਬਾਅਦ ਕਾਂਗਰਸ ਲਿਆ ਸਕਦੀ ਹੈ ਉਮੀਦਵਾਰਾਂ ਦੀ ਪਹਿਲੀ ਸੂਚੀ
ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਨੂੰ ਪੰਜਾਬ ਲਈ ਕਾਂਗਰਸ ਦੇ ਚੋਣ ਪ੍ਰਚਾਰ ਦੀ ਰਸਮੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਪਾਰਟੀ ਵਲੋਂ ਚੋਣ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ। ਸੂਚੀ ਜਾਰੀ ਹੋਣ ਨੂੰ ਲੈ ਕੇ ਪਾਰਟੀ ਨੇਤਾਵਾਂ ਨੇ ਸਪੱਸ਼ਟ ਤੌਰ ’ਤੇ ਕੁਝ ਨਾ ਕਹਿੰਦਿਆਂ ਇਹ ਵੀ ਕਿਹਾ ਕਿ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਸੁਚੱਜੇ ਢੰਗ ਨਾਲ ਉਮੀਦਵਾਰਾਂ ਦੀ ਜਿੱਤਣ ਦੀ ਸਮਰੱਥਾ ਨੂੰ ਧਿਆਨ ’ਚ ਰੱਖਦਿਆਂ ਲਿਆਂਦੀ ਜਾਏਗੀ। ਪਰ ਆਮ ਆਦਮੀ ਪਾਰਟੀ ਵਲੋਂ ਸਨਿਚਰਵਾਰ ਨੂੰ ਪਹਿਲੀ ਸੂਚੀ ਜਾਰੀ ਕਰਨ ਨੂੰ ਵੇਖਦਿਆਂ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਛੇਤੀ ਹੀ ਕਾਂਗਰਸ ਵੀ ਆਪਣੀ ਸੂਚੀ ਜਾਰੀ ਕਰ ਸਕਦੀ ਹੈ।

ਪਿਛਲੀ ਖ਼ਬਰ ‘ਆਪ’ ਵਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਅਗਲੀ ਖ਼ਬਰ ਸਕੂਲਾਂ ਦਾ ਸਮਾਂ ਬਦਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।