ਨਵੀਂ ਦਿੱਲੀ, 3 ਨਵੰਬਰ (ਉਪਮਾ ਡਾਗਾ ਪਾਰਥ)- ਸੀ.ਆਈ.ਐਸ.ਐਫ. ਦੇ ਦੋ ਲੱਖ ਤੋਂ ਵੱਧ ਜਵਾਨ ਅਤੇ ਅਧਿਕਾਰੀ ਛੇਤੀ ਹੀ ਨਵੀਂ ਵਰਦੀ ’ਚ ਨਜ਼ਰ ਆਉਣਗੇ। ਵਰਦੀ ਦੇ ਡਿਜ਼ਾਇਨ ’ਚ ਇਹ ਬਦਲਾਅ ਤਕਰੀਬਨ 20 ਸਾਲ ਬਾਅਦ ਹੋਏ ਹਨ। ਇਹ ਬਦਲਾਅ ਦੀਵਾਲੀ ਤੋਂ ਸ਼ੁਰੂ ਹੋ ਕੇ 26 ਜਨਵਰੀ ਤੱਕ ਸਾਰੇ ਜਵਾਨਾਂ ਅਤੇ ਅਫ਼ਸਰਾਂ ਲਈ ਮੁਕੰਮਲ ਹੋ ਜਾਏਗਾ। ਦੀਵਾਲੀ ਤੋਂ ਬਾਅਦ ਹੋਣ ਵਾਲੇ ਬਦਲਾਵਾਂ ਲਈ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਯੂਨੀਫਾਰਮ ਲਈ ਟੈਂਡਰ ਜਾਰੀ ਕੀਤੇ ਗਏ ਹਨ। ਇਹ ਵਰਦੀ 4-5 ਰੰਗਾਂ ਦੇ ਮੇਲ ਨਾਲ ਤਿਆਰ ਕੀਤੀ ਗਈ ਹੈ। ਇਹ ਵਰਦੀ ਦੁਸ਼ਮਣ, ਸੀ.ਸੀ.ਟੀ.ਵੀ. ਕੈਮਰਿਆਂ ਅਤੇ ਡਰੋਨ ਨਾਲ ਜਲਦੀ ਨਜ਼ਰ ਨਹੀਂ ਆਏਗੀ। ਸੂਤੀ ਦੀ ਬਣੀ ਹੋਣ ਕਾਰਨ ਇਸ ’ਚ ਪਸੀਨਾ ਛੇਤੀ ਸੁੱਕੇਗਾ।