16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਰਾਜਸਥਾਨ ਰੇਲਵੇ ਟਰੈਕ ਧਮਾਕਾ ਮਾਮਲੇ ਦੀਆਂ ਤਾਰਾਂ ਪੰਜਾਬ ਨਾਲ ਜੁੜੀਆਂ

ਰਾਜਸਥਾਨ ਰੇਲਵੇ ਟਰੈਕ ਧਮਾਕਾ ਮਾਮਲੇ ਦੀਆਂ ਤਾਰਾਂ ਪੰਜਾਬ ਨਾਲ ਜੁੜੀਆਂ

ਅਜੀਤ ਡੈਸਕ 16-11-2026

 

ਗੁਰਦਾਸਪੁਰ/ਕਲਾਨੌਰ, 15 ਨਵੰਬਰ (ਚੱਕਰਾਜਾ, ਪੁਰੇਵਾਲ)-ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ 3 ਨਵੰਬਰ ਨੂੰ ਰਾਮਸਿੰਘਪੁਰ ’ਚ ਰੇਲਵੇ ਲਾਈਨ ’ਤੇ ਹੋਏ ਧਮਾਕੇ ਦੇ ਸੰਬੰਧ ’ਚ ਦੋ ਮੁਲਜ਼ਮਾਂ ਨੂੰ ਪੰਜਾਬ ਦੇ ਗੁਰਦਾਸਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੇ ਪਾਕਿਸਤਾਨੀ ਹੈਂਡਲਰਾਂ ਨਾਲ ਸੰਬੰਧ ਹਨ। ਰਾਜਸਥਾਨ ਪੁਲਿਸ ਨੇ ਗੁਰਦਾਸਪੁਰ ਪੁਲਿਸ ਦੀ ਸਹਾਇਤਾ ਨਾਲ ਗੁਰਦਾਸਪੁਰ ਦੇ ਸਰਹੱਦੀ ਖੇਤਰ ਕਲਾਨੌਰ ਦੇ ਪਿੰਡ ਚੌੜਾ ਕਲਾਂ ਤੋਂ ਇਕ ਨੌਜਵਾਨ ਦਵਿੰਦਰ ਸਿੰਘ ਅਤੇ ਦੋਸਤਪੁਰ ਪਿੰਡ ਦੀ ਇਕ ਲੜਕੀ  ਮਹਿਕਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਦੀ ਉਮਰ 21 ਸਾਲ ਦੀ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਮਹਿਕਦੀਪ ਕੌਰ ‘ਸ਼ਾਹ’ ਨਾਮਕ ਇਕ ਪਾਕਿਸਤਾਨੀ ਹੈਂਡਲਰ ਦੇ ਸੰਪਰਕ ’ਚ ਸੀ ਅਤੇ ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਰਾਮਸਿੰਘਪੁਰ ਥਾਣਾ ਖੇਤਰ ’ਚ ਰੇਲਵੇ ਟਰੈਕ ’ਤੇ ਧਮਾਕਾ ਕਰਨ ਦੀ ਸਾਜਿਸ਼ ਰਚੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਵਿਦੇਸ਼ੀ ਬਣਤਰ ਦੇ ਦੋ ਪਿਸਤੌਲ, 46 ਕਾਰਤੂਸ ਅਤੇ 30,000 ਰੁਪਏ ਬਰਾਮਦ ਕੀਤੇ ਗਏ ਹਨ, ਜੋ ਉਨ੍ਹਾਂ ਧਮਾਕਾ ਕਰਨ ਲਈ ਪ੍ਰਾਪਤ ਕੀਤੇ ਸਨ। ਇਹ ਗ੍ਰਿਫ਼ਤਾਰੀਆਂ 14 ਨਵੰਬਰ ਨੂੰ ਕੀਤੀਆਂ ਗਈਆਂ। ਇਹ ਕਾਰਵਾਈ ਰਾਜਸਥਾਨ ਏ.ਟੀ.ਐੱਸ. ਅਤੇ ਸ੍ਰੀ ਗੰਗਾਨਗਰ ਪੁਲਿਸ ਵਲੋਂ ਪੰਜਾਬ ਕਾਊਂਟਰ ਇੰਟੈਲੀਜੈਂਸ ਅਤੇ ਗੁਰਦਾਸਪੁਰ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ ਸੀ। ਜਾਂਚ ’ਚ ਗੁਰਦਾਸਪੁਰ ਦੇ ਰਹਿਣ ਵਾਲੇ ਮਹਿਕਦੀਪ ਕੌਰ ਅਤੇ ਦਵਿੰਦਰ ਸਿੰਘ ਦੀ ਸ਼ਮੂਲੀਅਤ ਸਾਹਮਣੇ ਆਈ। ਇਸ ਤੋਂ ਬਾਅਦ ਜਾਂਚ ਅਧਿਕਾਰੀ ਅਤੇ ਪ੍ਰੋਬੇਸ਼ਨਰੀ ਆਈ.ਪੀ.ਐੱਸ. ਅਧਿਕਾਰੀ ਨਿਤਿਨ ਚੌਧਰੀ ਅਤੇ ਏ.ਟੀ.ਐੱਸ. ਬੀਕਾਨੇਰ ਇਕਾਈ ਦੇ ਇੰਚਾਰਜ ਸੁਰਿੰਦਰ ਕੁਮਾਰ ਦੀ ਅਗਵਾਈ ’ਚ ਇਕ ਟੀਮ ਪੰਜਾਬ ਭੇਜੀ ਗਈ। ਰਾਜਸਥਾਨ ਦੀ ਟੀਮ ਨੇ ਪੰਜਾਬ ਕਾਊਂਟਰ ਇੰਟੈਲੀਜੈਂਸ ਅਤੇ ਗੁਰਦਾਸਪੁਰ ਦੇ ਐਸ.ਐਸ.ਪੀ. ਆਦਿਤਿਆ ਨਾਲ ਖ਼ੁਫ਼ੀਆ ਅਤੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ, ਜਿਸ ਤੋਂ ਬਾਅਦ ਦੋਵਾਂ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਗਿਆ ਅਤੇ ਪੁੱਛਗਿੱਛ ਉਪਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਹਿਕਦੀਪ ਕੌਰ ਦੇ ਪਤੀ ਕਰਨਵੀਰ ਸਿੰਘ ਨੂੰ ਪਹਿਲਾਂ ਹੀ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ। ਜਾਂਚ ਅਨੁਸਾਰ ਮੁਲਜ਼ਮਾਂ ਨੇ ਸ਼ੁਰੂ ’ਚ 6 ਅਕਤੂਬਰ ਨੂੰ ਰਾਮਸਿੰਘਪੁਰ ਇਲਾਕੇ ’ਚ ਧਮਾਕਾ ਕਰਨ ਦੀ ਯੋਜਨਾ ਬਣਾਈ ਸੀ, ਪਰ ਵਿਸਫੋਟਕ ਸਮੱਗਰੀ ਉਪਲਬਧ ਨਾ ਹੋਣ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਬਾਅਦ ’ਚ 12-13 ਅਕਤੂਬਰ ਨੂੰ ਰੇਲਵੇ ਟਰੈਕ ’ਤੇ ਇਕ ਟਾਈਮਰ ਬੰਬ ਰੱਖਿਆ ਗਿਆ ਸੀ, ਜੋ ਸ਼ਾਹ ਵਲੋਂ ਮੁਹੱਈਆ ਕਰਵਾਇਆ ਗਿਆ ਸੀ, ਪਰ ਤਕਨੀਕੀ ਖਰਾਬੀ ਕਾਰਨ ਇਹ ਫਟਿਆ ਨਹੀਂ। ਅੰਤ ’ਚ 3 ਨਵੰਬਰ ਨੂੰ ਰਾਤ ਕਰੀਬ 9:45 ਵਜੇ ਇਕ ਹੋਰ ਟਾਈਮਰ ਬੰਬ ਦੀ ਵਰਤੋਂ ਕਰਕੇ ਧਮਾਕਾ ਕੀਤਾ ਗਿਆ, ਇਹ ਬੰਬ ਵੀ ਪਾਕਿਸਤਾਨੀ ਹੈਂਡਲਰ ਦੁਆਰਾ ਹੀ ਮੁਹੱਈਆ ਕਰਵਾਇਆ ਗਿਆ ਸੀ। ਮਹਿਕਦੀਪ ਸ਼ਾਹ ਦੇ ਸੰਪਰਕ ਵਿਚ ਆਈ ਸੀ। ਉਸ ਨੂੰ ਸ਼ਾਹ ਅਤੇ ‘ਚਾਚਾ’ ਨਾਮਕ ਇਕ ਵਿਅਕਤੀ ਵਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਸਨ। ਪੁਲਿਸ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਇਸ ‘ਚਾਚਾ’ ਦੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਨਾਲ ਸੰਬੰਧ ਹਨ।
ਕਹਿਣੇ ਤੋਂ ਬਾਹਰ ਸੀ ਮਹਿਕਦੀਪ
ਲੜਕੀ ਮਹਿਕਦੀਪ ਕੌਰ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਉਸ ਦੇ ਕਾਬੂ ਤੋਂ ਬਾਹਰ ਸੀ । ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ, ਪਰ ਵਿਆਹ ਦੇ 6 ਮਹੀਨਿਆਂ ਬਾਅਦ ਉਸ ਨੇ ਤਲਾਕ ਦੇ ਦਿੱਤਾ ਸੀ । ਉਹ ਪਰਿਵਾਰ ਦੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ । ਉਨ੍ਹਾਂ ਦੱਸਿਆ ਕਿ ਧਮਾਕੇ ਤੋਂ ਦੋ ਦਿਨ ਪਹਿਲਾਂ ਉਸ ਦੀ ਧੀ ਇਕ ਦੋਸਤ ਨੂੰ ਮਿਲਣ ਦੇ ਬਹਾਨੇ ਘਰੋਂ ਚਲੀ ਗਈ ਸੀ । ਉਹ ਧਮਾਕੇ ਤੋਂ ਚਾਰ ਜਾਂ ਪੰਜ ਦਿਨ ਬਾਅਦ ਘਰ ਵਾਪਸ ਆਈ ਅਤੇ ਆਪਣੇ ਕਮਰੇ ਵਿਚ ਕਿਸੇ ਨਾਲ ਫ਼ੋਨ ’ਤੇ ਗੱਲ ਕਰ ਰਹੀ ਸੀ। ਉਸ ਦੀ ਮਾਂ ਕਹਿੰਦੀ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਹ ਧਮਾਕੇ ਵਿਚ ਸ਼ਾਮਿਲ ਸੀ ਜਾਂ ਨਹੀਂ।

ਪਿਛਲੀ ਖ਼ਬਰ ਫਾਜ਼ਿਲਕਾ ਨੇੜੇ ਸੜਕ ਹਾਦਸੇ ’ਚ 3 ਬੱਚਿਆਂ ਤੇ ਔਰਤ ਸਮੇਤ 5 ਦੀ ਮੌਤ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਬੱਸ ਹਾਦਸੇ ਦੇ ਜ਼ਖ਼ਮੀਆਂ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।