![]()
ਨਵੀਂ ਦਿੱਲੀ, 23 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨਿਪਾਲ ਲਈ 24,000 ਕਰੋੜ ਨਿਪਾਲੀ ਰੁਪਏ (ਕਰੀਬ 15 ਹਜ਼ਾਰ ਕਰੋੜ ਰੁਪਏ) ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ। ਉਨ੍ਹਾਂ ਨੇ ਨਿਪਾਲੀ ਹਮਰੁਤਬਾ ਬਾਲੇਂਦਰ ਸ਼ਾਹ ਨਾਲ ਮਿਲ ਕੇ ਸਰਹੱਦ ਪਾਰ ਯਾਤਰੀ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ। ਇਸ ਦੌਰਾਨ ਦੋਵਾਂ ਧਿਰਾਂ ਨੇ ਇਕ ‘ਵਿਜ਼ਨ ਦਸਤਾਵੇਜ਼’ (ਭਵਿੱਖੀ ਰੂਪ-ਰੇਖਾ) ਨੂੰ ਅੰਤਿਮ ਰੂਪ ਦਿੱਤਾ ਅਤੇ ਦੁਵੱਲੇ ਸਹਿਯੋਗ ਨੂੰ ਡੂੰਘਾ ਕਰਨ ਲਈ ਅੱਠ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਇਹ ਕਦਮ ਲੰਬੇ ਸਮੇਂ ਤੋਂ ਚੱਲ ਰਹੇ ਸਰਹੱਦੀ ਵਿਵਾਦ ਕਾਰਨ ਪੈਦਾ ਹੋਈ ਤਣਾਅਪੂਰਨ ਸਥਿਤੀ ਤੋਂ ਬਾਅਦ, ਦੋਵਾਂ ਦੇਸ਼ਾਂ ਦੇ ਸੰਬੰਧਾਂ ’ਚ ਵੱਡੀ ਨਵੀਂ ਸ਼ੁਰੂਆਤ ਦਾ ਸੰਕੇਤ ਹੈ। ਦੋਵਾਂ ਆਗੂਆਂ ਨੇ ਵਰਚੁਅਲ ਤਰੀਕੇ ਨਾਲ ਨਿਪਾਲ ’ਚ ਭਾਰਤ ਦੀ ਵਿੱਤੀ ਸਹਾਇਤਾ ਨਾਲ ਚੱਲ ਰਹੇ ਊਰਜਾ ਅਤੇ ਸੰਪਰਕ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਤਿੰਨ ਹੋਰ ਪਹਿਲਕਦਮੀਆਂ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਈ ਹੋਰ ਅਹਿਮ ਖੇਤਰਾਂ ’ਚ ਆਪਸੀ ਸਹਿਯੋਗ ਦਾ ਵਿਸਤਾਰ ਕਰਨ ਦਾ ਵੀ ਸੰਕਲਪ ਲਿਆ। ਬਾਲੇਂਦਰ ਸ਼ਾਹ ਦੀ ਮੌਜੂਦਗੀ ’ਚ ਮੀਡੀਆ ਨੂੰ ਦਿੱਤੇ ਬਿਆਨ ’ਚ ਮੋਦੀ ਨੇ ਕਿਹਾ ਕਿ ਭਾਰਤ ਅਤੇ ਨਿਪਾਲ ਵਿਚਕਾਰ ਸੰਬੰਧ ਸਿਰਫ਼ ਗੁਆਂਢੀ ਹੋਣ ਤੱਕ ਸੀਮਤ ਨਹੀਂ ਹਨ, ਸਗੋਂ ਇਹ ਨੇੜਤਾ ਅਤੇ ਅਟੁੱਟ ਭਰੋਸੇ ’ਤੇ ਅਧਾਰਿਤ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਹਾਂ ਤੇ ਸਾਡੀਆਂ ਚੁਣੌਤੀਆਂ ਵੀ ਸਾਂਝੀਆਂ ਹਨ। ਅਸੀਂ ਇਕ-ਦੂਜੇ ਦੀ ਤਰੱਕੀ ’ਚ ਭਾਈਵਾਲ ਹਾਂ ਤੇ ਮੁਸ਼ਕਿਲ ਸਮੇਂ ’ਚ ਵੀ ਇਕ-ਦੂਜੇ ਦਾ ਸਾਥ ਦਿੰਦੇ ਹਾਂ। ਬਲੇਂਦਰ ਸ਼ਾਹ, ਜੋ ਪਿਛਲੇ ਸਾਲ ਨੌਜਵਾਨਾਂ ਦੀ ਅਗਵਾਈ ’ਚ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਨਿਪਾਲ ਦੀਆਂ ਸੰਸਦੀ ਚੋਣਾਂ ’ਚ ਭਾਰੀ ਜਿੱਤ ਪ੍ਰਾਪਤ ਕਰਕੇ ਮਾਰਚ ’ਚ ਸੱਤਾ ’ਚ ਆਏ ਸਨ, ਐਤਵਾਰ ਨੂੰ ਆਪਣੀ ਪਹਿਲੀ ਵਿਦੇਸ਼ੀ ਦੁਵੱਲੀ ਯਾਤਰਾ ’ਤੇ ਭਾਰਤ ਪਹੁੰਚੇ। ਆਪਣੇ ਸੰਬੋਧਨ ’ਚ ਨਿਪਾਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਆਪਸੀ ਸਤਿਕਾਰ, ਪੱਕਾ ਭਰੋਸਾ ਅਤੇ ਅਟੁੱਟ ਸਦਭਾਵਨਾ’ ਨਿਪਾਲ-ਭਾਰਤ ਸੰਬੰਧਾਂ ਦੀ ਨੀਂਹ ਹਨ। ਉਨ੍ਹਾਂ ਕਿਹਾ ਕਿ ਇਸ ਬੇਮਿਸਾਲ ਰਿਸ਼ਤੇ ਦੇ ਕੇਂਦਰ ’ਚ ਸਾਡੇ ਦੋਵਾਂ ਦੇਸ਼ਾਂ ਦੇ ਲੋਕ ਹਨ। ਨਿਪਾਲ ਅਤੇ ਭਾਰਤ ਵਿਚਕਾਰ ਸੰਬੰਧ ਹਿਮਾਲਿਆ ਵਾਂਗ ਅਟੱਲ ਅਤੇ ਸਮੁੰਦਰਾਂ ਵਾਂਗ ਵਿਸ਼ਾਲ ਹਨ, ਇਹ ਨੇੜਤਾ ਏਨੀ ਡੂੰਘੀ ਹੈ ਕਿ ਸ਼ਬਦਾਂ ’ਚ ਇਸਨੂੰ ਬਿਆਨ ਕਰਨਾ ਮੁਸ਼ਕਿਲ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਭਰੋਸੇਮੰਦ ਗੁਆਂਢੀ ਵਜੋਂ ਭਾਰਤ ਕੁਦਰਤੀ ਆਫ਼ਤਾਂ ਅਤੇ ਮੁਸ਼ਕਿਲ ਸਮੇਂ ’ਚ ਹਮੇਸ਼ਾਂ ਪਹਿਲਾਂ ਮਦਦ ਲਈ ਅੱਗੇ ਆਇਆ ਹੈ। ਇਸ ਦੇ ਲਈ ਉਹ ਭਾਰਤ ਸਰਕਾਰ ਅਤੇ ਇਥੋਂ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਨਿਪਾਲ ਦੀ ਵਿਕਾਸ ਯਾਤਰਾ ਪ੍ਰਤੀ ਭਾਰਤ ਦੇ ਅਟੁੱਟ ਸਮਰਥਨ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਨਿਪਾਲ ਨੂੰ 24000 ਕਰੋੜ ਨਿਪਾਲੀ ਰੁਪਏ (15000 ਕਰੋੜ ਰੁਪਏ) ਦੀ ਵਿਕਾਸ ਸਹਾਇਤਾ ਪ੍ਰਦਾਨ ਕਰੇਗਾ। ਇਸ ਵਿਚ ਨਿਪਾਲ ’ਚ ਭੁਚਾਲ ਤੋਂ ਬਾਅਦ ਮੁੜ-ਨਿਰਮਾਣ ਅਤੇ ਨਵੇਂ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ 5,600 ਕਰੋੜ ਨਿਪਾਲੀ ਰੁਪਏ (3,500 ਕਰੋੜ ਭਾਰਤੀ ਰੁਪਏ) ਦੀ ਗ੍ਰਾਂਟ (ਸਹਾਇਤਾ ਰਾਸ਼ੀ) ਅਤੇ ਊਰਜਾ ਖੇਤਰ ਦੇ ਪ੍ਰਾਜੈਕਟਾਂ ਲਈ 18,400 ਕਰੋੜ ਨਿਪਾਲੀ ਰੁਪਏ (11,500 ਕਰੋੜ ਭਾਰਤੀ ਰੁਪਏ) ਦੀ ਕਰਜ਼ਾ ਸਹੂਲਤ ਸ਼ਾਮਿਲ ਹੈ। ਦੋਵਾਂ ਧਿਰਾਂ ਵਿਚਕਾਰ ਹੋਏ ਸਮਝੌਤਿਆਂ ਦਾ ਉਦੇਸ਼ ਫੋਰੈਂਸਿਕ ਵਿਗਿਆਨ, ਸਿਹਤ, ਟਿਕਾਊ ਸ਼ਹਿਰੀ ਵਿਕਾਸ ਤੇ ਮੱਛੀ ਪਾਲਣ ਸਮੇਤ ਕਈ ਖੇਤਰਾਂ ’ਚ ਸਹਿਯੋਗ ਨੂੰ ਵਧਾਉਣਾ ਹੈ। ਦੋਵਾਂ ਪ੍ਰਧਾਨ ਮੰਤਰੀਆਂ ਨੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਅਤੇ ਨਿਪਾਲ ਦੇ ਜਨਕਪੁਰ ਵਿਚਕਾਰ ‘ਸਰਯੂ-ਕਮਲਾ ਐਕਸਪ੍ਰੈਸ’ ਰੇਲ ਸੇਵਾ ਦੀ ਸ਼ੁਰੂਆਤ ਕੀਤੀ। ਇਸ ਨਾਲ ਨਾ ਸਿਰਫ਼ ਆਵਾਜਾਈ ਸੰਪਰਕ ’ਚ ਸੁਧਾਰ ਹੋਵੇਗਾ, ਸਗੋਂ ‘ਰਾਮਾਇਣ ਸਰਕਟ’ ਦੇ ਨਾਲ-ਨਾਲ ਧਾਰਮਿਕ ਅਤੇ ਸੱਭਿਆਚਾਰਕ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਦੋਵੇਂ ਨੇਤਾਵਾਂ ਨੇ ਬੋਧੀ ਅਤੇ ਸ਼ਿਵ-ਸ਼ਕਤੀ ਧਾਰਮਿਕ ਸੈਰ-ਸਪਾਟਾ ਸਰਕਟਾਂ ਨੂੰ ਵਿਕਸਿਤ ਕਰਨ ਲਈ ਇਸੇ ਤਰ੍ਹਾਂ ਦੇ ਸੰਪਰਕ ਮਾਰਗਾਂ ਦੀ ਸੰਭਾਵਨਾ ਲੱਭਣ ’ਤੇ ਸਹਿਮਤੀ ਪ੍ਰਗਟਾਈ। ਮੋਦੀ ਅਤੇ ਸ਼ਾਹ ਨੇ ‘ਵਿਕਸਿਤ ਭਾਰਤ ਅਤੇ ਸਮੁੰਨਤ ਨਿਪਾਲ’ ਲਈ ਇਕ ਸਾਂਝਾ ਦ੍ਰਿਸ਼ਟੀਕੋਣ ਅਪਣਾਇਆ, ਜੋ ਦੋਵਾਂ ਦੇਸ਼ਾਂ ਵਿਚਕਾਰ ਇਕ ਉਤਸ਼ਾਹੀ ਅਤੇ ਭਵਿੱਖ-ਮੁਖੀ ਭਾਈਵਾਲੀ ਲਈ ਇਕ ਰੂਪ-ਰੇਖਾ ਪ੍ਰਦਾਨ ਕਰਦਾ ਹੈ। ਇਸ ’ਚ ਆਰਥਿਕ ਅਤੇ ਵਿਕਾਸ ਭਾਈਵਾਲੀ, ਸੰਪਰਕ, ਊਰਜਾ ਅਤੇ ਜਲ ਸਰੋਤਾਂ, ਅਤੇ ਲੋਕਾਂ ਵਿਚਕਾਰ ਆਪਸੀ ਸੰਬੰਧਾਂ ਵਰਗੇ ਰਵਾਇਤੀ ਤੌਰ ’ਤੇ ਮਜ਼ਬੂਤ ਸਹਿਯੋਗੀ ਖੇਤਰਾਂ ਨੂੰ ਹੋਰ ਵਧਾਉਣ ਦੀਆਂ ਪਹਿਲਕਦਮੀਆਂ ਸ਼ਾਮਿਲ ਹਨ। ਨਾਲ ਹੀ, ਜਲਵਾਯੂ ਲਚਕਤਾ, ਆਫ਼ਤ ਘਟਾਉਣ ਅਤੇ ਪ੍ਰਬੰਧਨ, ਖੇਡਾਂ, ਸਟਾਰਟ-ਅੱਪਸ, ਡਿਜੀਟਲ ਸੇਵਾਵਾਂ, ਪੁਲਾੜ ਅਤੇ ਨਵੀਨਤਾ ਵਰਗੇ ਖੇਤਰਾਂ ’ਚ ਨਵੇਂ ਸਹਿਯੋਗ ਦੇ ਮੌਕੇ ਵੀ ਸ਼ਾਮਿਲ ਹਨ। ਪ੍ਰਧਾਨ ਮੰਤਰੀ ਮੋਦੀ ਨੇ ਦੀਨਦਿਆਲ ਪੋਰਟ (ਕਾਂਡਲਾ, ਗੁਜਰਾਤ) ਰਾਹੀਂ ਨਿਪਾਲ ਦੇ ਵਪਾਰ (ਟ੍ਰਾਂਜ਼ਿਟ ਵਪਾਰ) ਲਈ ਨਵਾਂ ਸੰਪਰਕ ਮਾਰਗ ਖੋਲ੍ਹਣ ਦਾ ਐਲਾਨ ਕੀਤਾ। ਵਿਦੇਸ਼ ਮੰਤਰਾਲੇ ਅਨੁਸਾਰ, ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਹੋਣ ’ਤੇ ਨਿਪਾਲ ਨੂੰ ਓਡੀਸ਼ਾ ’ਚ ਪਾਰਾਦੀਪ ਬੰਦਰਗਾਹ ਤੱਕ ਪਹੁੰਚ ਵੀ ਉਪਲਬਧ ਕਰਵਾਈ ਜਾਵੇਗੀ।
ਬਨਬਾਸਾ ਵਿਖੇ ਨਵੇਂ ‘ਇੰਟੀਗ੍ਰੇਟਿਡ ਚੈੱਕ ਪੋਸਟ’ ਦਾ ਨੀਂਹ ਪੱਥਰ ਰੱਖਿਆ
ਦੋਵਾਂ ਆਗੂਆਂ ਨੇ ਬਨਬਾਸਾ ਵਿਖੇ ਇਕ ਨਵੇਂ ‘ਇੰਟੀਗ੍ਰੇਟਿਡ ਚੈੱਕ ਪੋਸਟ’ ਦਾ ਨੀਂਹ ਪੱਥਰ ਵਰਚੁਅਲ ਤਰੀਕੇ ਨਾਲ ਰੱਖਿਆ ਅਤੇ ਭੈਰਹਵਾ, ਸੁਨੌਲੀ ਅਤੇ ਦੋਧਾਰਾ-ਚਾਂਦਨੀ ਵਿਖੇ ਬਣ ਰਹੇ ਆਈ. ਸੀ. ਪੀਜ਼. ਦੇ ਨਿਰਮਾਣ ਕਾਰਜ ’ਚ ਹੋਈ ਪ੍ਰਗਤੀ ’ਤੇ ਤਸੱਲੀ ਪ੍ਰਗਟਾਈ।
ਨਵੇਂ ਮੋਟਰ ਪੁਲ ਦਾ ਉਦਘਾਟਨ
ਆਗੂਆਂ ਨੇ ਭਾਰਤ ਦੇ ਧਾਰਚੂਲਾ ਅਤੇ ਨਿਪਾਲ ਦੇ ਧਾਰਚੂਲਾ ਵਿਚਕਾਰ ਸਰਹੱਦ ਪਾਰ ਕਰਨ ਵਾਲੇ ਇਕ ਨਵੇਂ ਮੋਟਰ-ਯੋਗ ਪੁਲ ਦਾ ਉਦਘਾਟਨ ਕੀਤਾ। ਸਾਂਝੇ ਪ੍ਰੈੱਸ ਬਿਆਨ ਅਨੁਸਾਰ, ਮੋਦੀ ਅਤੇ ਸ਼ਾਹ ਨੇ ਸਰਹੱਦੀ ਥੰਮ੍ਹਾਂ ਦੀ ਸਾਂਭ-ਸੰਭਾਲ ਅਤੇ ਮੁਰੰਮਤ ਨਾਲ ਸੰਬੰਧਿਤ ਸਾਂਝੇ ਖੇਤਰੀ ਕੰਮਾਂ ’ਚ ਹੋਈ ਪ੍ਰਗਤੀ ’ਤੇ ਤਸੱਲੀ ਪ੍ਰਗਟਾਈ ਅਤੇ ਵਿਦੇਸ਼ ਸਕੱਤਰਾਂ ਨੂੰ ਸਰਹੱਦ ਨਾਲ ਸੰਬੰਧਿਤ ਬਾਕੀ ਰਹਿੰਦੇ ਮੁੱਦਿਆਂ ’ਤੇ ਕੰਮ ਕਰਨ ਲਈ ਨਿਰਦੇਸ਼ ਦਿੱਤੇ। ਭਾਰਤ ਅਤੇ ਨਿਪਾਲ ਵਿਚਕਾਰ ਸਰਹੱਦ ਪਾਰ ਪੈਟਰੋਲੀਅਮ ਬੁਨਿਆਦੀ ਢਾਂਚੇ ਦੇ ਵਿਸਤਾਰ ਵਜੋਂ, ਆਗੂਆਂ ਨੇ ‘ਮੋਤੀਹਾਰੀ-ਅਮਲੇਖਗੰਜ ਪਾਈਪਲਾਈਨ’ ਦੇ ਦੂਜੇ ਪੜਾਅ ਨੂੰ ਨਿਪਾਲ ਦੇ ਲੋਕਾਂ ਨੂੰ ਸਮਰਪਿਤ ਕੀਤਾ। ਦੋਵਾਂ ਆਗੂਆਂ ਨੇ ਨਿਪਾਲ ਦੇ ਝਾਪਾ ਵਿਖੇ ਪੈਟਰੋਲੀਅਮ ਟਰਮੀਨਲ ਦੇ ਵਿਕਾਸ ਲਈ ਵਰਚੁਅਲ ਤਰੀਕੇ ਨਾਲ ਨੀਂਹ ਪੱਥਰ ਰੱਖਿਆ ਤੇ ਸਿਲੀਗੁੜੀ ਤੇ ਝਾਪਾ ਵਿਚਕਾਰ ਪੈਟਰੋਲੀਅਮ ਪਾਈਪਲਾਈਨ ’ਤੇ ਕੰਮ ਜਲਦੀ ਸ਼ੁਰੂ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਦੋਵਾਂ ਧਿਰਾਂ ਨੇ ਭਾਰਤ ਤੇ ਨਿਪਾਲ ਵਿਚਕਾਰ ਗੈਸ ਪਾਈਪਲਾਈਨਾਂ ਦੇ ਨਿਰਮਾਣ ’ਚ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ’ਤੇ ਸਹਿਮਤੀ ਪ੍ਰਗਟਾਈ। ਭਾਰਤ ਤੇ ਨਿਪਾਲ ਨੇ ਪਣ-ਬਿਜਲੀ ਖੇਤਰ ’ਚ ਹੋਈ ਪ੍ਰਗਤੀ ’ਤੇ ਵੀ ਤਸੱਲੀ ਪ੍ਰਗਟਾਈ। ਦੋਵਾਂ ਆਗੂਆਂ ਨੇ 669 ਮੈਗਾਵਾਟ ਦੇ ‘ਲੋਅਰ ਅਰੁਣ ਹਾਈਡਰੋ-ਇਲੈਕਟ੍ਰਿਕ ਪ੍ਰਾਜੈਕਟ’ (ਜਲ-ਬਿਜਲੀ ਪ੍ਰਾਜੈਕਟ) ਦਾ ਵਰਚੁਅਲ ਤਰੀਕੇ ਨਾਲ ਨੀਂਹ ਪੱਥਰ ਰੱਖਿਆ। ਇਸ ਗੱਲ ’ਤੇ ਵੀ ਸਹਿਮਤੀ ਹੋਈ ਕਿ ਭਾਰਤ ਨਿਪਾਲ ’ਚ ਇਕ ਆਈ.ਆਈ.ਟੀ. ਕੈਂਪਸ ਸਥਾਪਿਤ ਕਰੇਗਾ। ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਗੱਲਬਾਤ ਦੌਰਾਨ ਹਾਸਿਲ ਕੀਤੇ ਗਏ ਇਹ “ਇਤਿਹਾਸਕ ਮੀਲ ਪੱਥਰ” ਨਿਪਾਲ-ਭਾਰਤ ਸੰਬੰਧਾਂ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣਗੇ।
ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਇਸ ਪੱਕੇ ਅਤੇ ਸਦੀਵੀ ਰਿਸ਼ਤੇ ਦੀ ਮਜ਼ਬੂਤ ਨੀਂਹ ’ਤੇ ਖੜ੍ਹੇ ਹੋਈਏ ਅਤੇ ਭਵਿੱਖ ਲਈ ਮਜ਼ਬੂਤ ਥੰਮ੍ਹ ਉਸਾਰੀਏ। ਸਾਡੇ ਹਿਮਾਲਿਆ, ਜੋ ਸਾਫ਼ ਪਾਣੀ ਦੇ ਸਰੋਤ ਹਨ, ਇਸ ਖੇਤਰ ਦੇ ਲੱਖਾਂ ਲੋਕਾਂ ਦਾ ਜੀਵਨ-ਆਧਾਰ ਹਨ। ਉਨ੍ਹਾਂ ਕਿਹਾ ਕਿ ਨਿਪਾਲ ਅਤੇ ਭਾਰਤ ਭਗਵਾਨ ਰਾਮ ਅਤੇ ਮਾਤਾ ਜਾਨਕੀ ਦੇ ਪਵਿੱਤਰ ਯੁੱਗ ਤੋਂ ਹੀ ਇਤਿਹਾਸਕ, ਸੱਭਿਆਚਾਰਕ ਤੇ ਸੱਭਿਅਤਾਗਤ ਸੰਬੰਧਾਂ ਨਾਲ ਜੁੜੇ ਹੋਏ ਹਨ। ਅੱਜ ਅਸੀਂ ਇਸ ਰਿਸ਼ਤੇ ਨੂੰ ਹੋਰ ਵੀ ਜੀਵੰਤ ਬਣਾਉਣ ਲਈ ਰੇਲ ਸੰਪਰਕ ਦੀ ਸ਼ੁਰੂਆਤ ਕੀਤੀ ਹੈ। ਆਪਣੇ ਬਿਆਨ ’ਚ ਪ੍ਰਧਾਨ ਮੰਤਰੀ ਮੋਦੀ ਨੇ ਊਰਜਾ ਖੇਤਰ ’ਚ ਨਿਪਾਲ ਨੂੰ ਭਾਰਤ ਵਲੋਂ ਦਿੱਤੀ ਜਾ ਰਹੀ ਸਹਾਇਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ‘ਗੁਆਂਢੀ ਪਹਿਲਾਂ’ ਨੀਤੀ ਦੀ ਭਾਵਨਾ ਅਨੁਸਾਰ, ਇਸ ਸਾਲ ਤੇਲ ਦੀ ਸਪਲਾਈ ਨਾਲ ਜੁੜੀਆਂ ਗੰਭੀਰ ਚੁਣੌਤੀਆਂ ਦੇ ਬਾਵਜੂਦ, ਅਸੀਂ ਨਿਪਾਲ ਨੂੰ ਬਾਲਣ, ਖਾਦਾਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਜਾਰੀ ਰੱਖੀ ਹੈ।
8 ਸਮਝੌਤੇ ਸਹੀਬੱਧ
1. ਫੌਰੈਂਸਿਕ ਵਿਗਿਆਨ ’ਚ ਸਹਿਯੋਗ-ਗੁਜਰਾਤ ਦੇ ਗਾਂਧੀਨਗਰ ਸਥਿਤ ਰਾਸ਼ਟਰੀ ਵਿਗਿਆਨ ਫੌਰੈਂਸਿਕ ਵਿਗਿਆਨ ਯੂਨੀਵਰਸਿਟੀ ਅਤੇ ਨਿਪਾਲ ਪੁਲਿਸ ਦੇ ਅਪਰਾਧ ਜਾਂਚ ਵਿਭਾਗ ਦਰਮਿਆਨ ਪੜ੍ਹਾਈ ਅਤੇ ਸੋਧ ’ਚ ਸਹਿਯੋਗ ਹੋਵੇਗਾ।
2. ਪੁਲਿਸ ਸਿਖਲਾਈ-ਭਾਰਤ ਦੀ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਅਤੇ ਨਿਪਾਲ ਦੀ ਰਾਸ਼ਟਰੀ ਪੁਲਿਸ ਅਕਾਦਮੀ ਦਰਮਿਆਨ ਸਮਝੌਤਾ ਹੋਇਆ।
3. ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਿਖਲਾਈ-ਭਾਰਤ ਦਾ ਨੈਸ਼ਨਲ ਸੈਂਟਰ ਫਾਰ ਗੁਡ ਗਵਰਨੈਂਸ ਅਤੇ ਨਿਪਾਲ ਦਾ ਐਡਮਿਨਿਸਟ੍ਰੇਟਿਵ ਸਟਾਫ਼ ਕਾਲਜ ਮਿਲ ਕੇ ਨਿਪਾਲੀ ਸਰਕਾਰੀ ਅਧਿਕਾਰੀਆਂ ਨੂੰ ਸਿਖਲਾਈ ਦੇਣਗੇ।
4. ਆਯੁਰਵੇਦ ਅਤੇ ਪਰੰਪਰਾਗਤ ਇਲਾਜ-ਦੋਵੇਂ ਦੇਸ਼ ਆਯੁਰਵੇਦ ਅਤੇ ਇਲਾਜ ਦੇ ਦੂਜੇ ਪਰੰਪਰਾਗਤ ਤਰੀਕਿਆਂ ’ਚ ਸਹਿਯੋਗ ਕਰਨਗੇ।
5. ਉਪ ਗ੍ਰਹਿ ਸੰਚਾਰ-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਨਿਪਾਲ ਦੇ ਸੂਚਨਾ ਤੇ ਸੰਚਾਰ ਮੰਤਰਾਲੇ ਦਰਮਿਆਨ ਦੱਖਣ ਏਸ਼ੀਆ ਉਪ ਗ੍ਰਹਿ ਦੀ ਵਰਤੋਂ ਲਈ ਉਪ ਗ੍ਰਹਿ ਸੰਚਾਰ ਨੈਟਵਰਕ ਬਣਾਉਣ ’ਤੇ ਸਮਝੌਤਾ ਹੋਇਆ।
6 . ਸ਼ਹਿਰੀ ਵਿਕਾਸ-ਦੋਵੇਂ ਦੇਸ਼ ਟਿਕਾਊ ਸ਼ਹਿਰੀ ਵਿਕਾਸ ਦੇ ਖੇਤਰ ’ਚ ਤਕਨੀਕੀ ਸਹਿਯੋਗ ਕਰਨਗੇ।
7. ਸਿਹਤ ਅਤੇ ਇਲਾਜ-ਭਾਰਤ ਅਤੇ ਨਿਪਾਲ ਸਿਹਤ ਸੇਵਾਵਾਂ ਅਤੇ ਇਲਾਜ ਦੇ ਖੇਤਰ ’ਚ ਮਿਲ ਕੇ ਕੰਮ ਕਰਨਗੇ।
8 . ਪਸ਼ੂ ਪਾਲਣ ਅਤੇ ਮੱਛੀ ਪਾਲਣ-ਦੋਵੇਂ ਦੇਸ਼ ਪਸ਼ੂ ਪਾਲਣ ਅਤੇ ਮੱਛੀ ਪਾਲਣ ਦੇ ਲਈ ਸਹਿਯੋਗ ਕਰਨਗੇ।