ਬਹਿ ਨੰਗਲ ਵਿਖੇ 15 ਤੋਲੇ ਸੋਨਾ ਤੇ 50 ਹਜ਼ਾਰ ਰੁਪਏ ਨਕਦੀ ਚੋਰੀ
ਤਲਵਾੜਾ, 6 ਸਤੰਬਰ (ਮਹਿਤਾ)-ਕਾਮਾਹੀ ਦੇਵੀ ਖੇਤਰ ਦੇ ਪਿੰਡ ਬਹਿ ਨੰਗਲ ਦੇ ਡਡਵਾਲ ਮੁਹੱਲਾ ਵਿਖੇ ਚੋਰਾਂ ਨੇ ਇਕ ਮਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਗਹਿਣੇ ਤੇ ਨਕਦ ਕੈਸ਼ ’ਤੇ ਆਪਣਾ ਹੱਥ ਸਾਫ਼ ਕਰ ਲਿਆ। ਚੋਰੀ ਦੀ ਇਸ ਵੱਡੀ ਵਾਰਦਾਤ ਕਰਕੇ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਕ
ਕਾਮਾਹੀ ਦੇਵੀ ਦੇ ਪਿੰਡ ਬਹਿ ਨੰਗਲ ਵਿਖੇ ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਰਾਕੇਸ਼ ਕੁਮਾਰ। ਤਸਵੀਰ : ਮਹਿਤਾ
07-09-2026
ਤਲਵਾੜਾ, 6 ਸਤੰਬਰ (ਮਹਿਤਾ)-ਕਾਮਾਹੀ ਦੇਵੀ ਖੇਤਰ ਦੇ ਪਿੰਡ ਬਹਿ ਨੰਗਲ ਦੇ ਡਡਵਾਲ ਮੁਹੱਲਾ ਵਿਖੇ ਚੋਰਾਂ ਨੇ ਇਕ ਮਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਗਹਿਣੇ ਤੇ ਨਕਦ ਕੈਸ਼ ’ਤੇ ਆਪਣਾ ਹੱਥ ਸਾਫ਼ ਕਰ ਲਿਆ। ਚੋਰੀ ਦੀ ਇਸ ਵੱਡੀ ਵਾਰਦਾਤ ਕਰਕੇ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਰਾਕੇਸ਼ ਕੁਮਾਰ ਪੁੱਤਰ ਬਜੀਰ ਸਿੰਘ ਨਿਵਾਸੀ ਬਹਿ ਨੰਗਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਮਾਤਾ ਨਾਲ ਘਰ ਵਿਚ ਸੁੱਤੇ ਹੋਏ ਸਨ। ਚੋਰ ਘਰ ਦੇ ਪਿਛਲੇ ਹਿੱਸੇ ’ਚ ਲੱਗੀ ਸੁਰੱਖਿਆ ਤਾਰ ਤੇ ਜਾਲੀ ਨੂੰ ਕੱਟਿਆ ਅਤੇ ਕਮਰੇ ਦੀ ਗਰਿੱਲ ਤੋੜ ਕੇ ਘਰ ਦੇ ਅੰਦਰ ਦਾਖਲ ਹੋ ਗਏ। ਚੋਰਾਂ ਨੇ ਪੂਰੇ ਘਰ ਨੂੰ ਖੰਘਾਲਿਆ ਅਤੇ ਅਲਮਾਰੀ ’ਚ ਰੱਖੇ ਕਰੀਬ 15 ਤੋਲੇ ਸੋਨਾ ਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੇਟੇ ਦੇ ਵਿਆਹ ਲਈ ਗਹਿਣੇ ਰੱਖੇ ਸਨ। ਪੀੜਤ ਦੇ ਬੇਟੇ ਦਾ ਵਿਆਹ ਹੋਣ ਵਾਲਾ ਸੀ, ਜਿਸ ਕਰਕੇ ਘਰਾਂ ’ਚ ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਲਿਆ ਕੇ ਰੱਖਿਆ ਸੀ। ਘਟਨਾ ਦੀ ਸੂਚਨਾ ਤੁਰੰਤ ਪਿੰਡ ਦੇ ਸਰਪੰਚ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਤਲਵਾੜਾ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਕੰਡੀ ਖੇਤਰ ’ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਨਾਲ ਲੋਕਾਂ ਵਿਚ ਅਸੁਰੱਖਿਆ ਦੀਆਂ ਭਾਵਨਾਵਾਂ ਹਨ। ਮਹਿਜ਼ ਇਕ ਹਫ਼ਤੇ ਪਹਿਲਾਂ ਕਾਮਾਹੀ ਦੇਵੀ ਸਥਿਤ ਮਹਿਤਾ ਪਰਿਵਾਰ ਦੇ ਕੁੱਲ ਦੇਵਤਾ ਮੰਦਰ ਦੀ ਗੋਲਕ ਤੋੜੀ ਗਈ ਸੀ। ਕਾਮਾਹੀ ਦੇਵੀ ਖੇਤਰ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ’ਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਜਾਵੇ।