ਦਸੂਹਾ, 4 ਨਵੰਬਰ (ਭੁੱਲਰ)- ਕੇ.ਐਮ.ਐੱਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ ਦਸੂਹਾ ਵਿਖੇ ਆਈ.ਸੀ.ਟੀ. ਅਕੈਡਮੀ ਦੇ ਸਹਿਯੋਗ ਡਿਜੀਟਲ ਮਾਰਕੀਟਿੰਗ ਸਬੰਧੀ ਆਯੋਜਿਤ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫਲਤਾ-ਪੂਰਵਕ ਸੰਪੰਨ ਹੋ ਗਿਆ। ਇਸ ਪ੍ਰੋਗਰਾਮ ਦੌਰਾਨ ਆਈ.ਸੀ.ਟੀ. ਅਕੈਡਮੀ, ਤਾਮਿਲਨਾਡੂ ਤੋਂ ਆਏ ਸੀਨੀਅਰ ਟੈਕਨੀਕਲ ਟਰੇਨਰ ਮਿ. ਸਚਿਨ ਸੈਂਗਰ ਵਲੋਂ ਫੈਕਲਟੀ ਮੈਂਬਰਾਂ ਨੂੰ ਡਿਜੀਟਲ ਮਾਰਕੀਟਿੰਗ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ-ਪੂਰਵਕ ਅਤੇ ਵਿਹਾਰਕ ਜਾਣਕਾਰੀ ਗਈ। ਉਨ੍ਹਾਂ ਨੇ ਫੈਕਲਟੀ ਮੈਂਬਰਾਂ ਨੂੰ ਕਿਊ.ਆਰ. ਕੋਡ ਜਨਰੇਟ ਕਰਨਾ, ਆਪਣੀ ਵੈੱਬਸਾਈਟ ਬਣਾਉਣਾ, ਬਲੌਗਿੰਗ ਕਰਨਾ ਅਤੇ ਡਿਜੀਟਲ ਪਲੇਟਫਾਰਮਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਰਨਾ ਸਿਖਾਇਆ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਮਾਰਕੀਟਿੰਗ, ਆਨਲਾਈਨ ਪ੍ਰਚਾਰ ਅਤੇ ਡਿਜੀਟਲ ਮਾਰਕੀਟਿੰਗ ਦੀਆਂ ਆਧੁਨਿਕ ਤਕਨੀਕਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸਿਖਲਾਈ ਦੌਰਾਨ ਫੈਕਲਟੀ ਮੈਂਬਰਾਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈਂਦੇ ਹੋਏ ਨਵੀਆਂ ਤਕਨੀਕਾਂ ਨੂੰ ਵਿਹਾਰਕ ਤੌਰ ’ਤੇ ਸਿੱਖਿਆ, ਜਿਸ ਨਾਲ ਉਨ੍ਹਾਂ ਦੇ ਤਕਨੀਕੀ ਗਿਆਨ ਅਤੇ ਹੁਨਰਾਂ ਵਿਚ ਵਾਧਾ ਹੋਇਆ। ਇਸ ਮੌਕੇ ਪ੍ਰਿੰਸੀਪਲ ਡਾ. ਮਾਨਵ ਸੈਣੀ ਨੇ ਕਿਹਾ ਕਿ ਅਜੋਕੇ ਡਿਜੀਟਲ ਯੁੱਗ ਵਿਚ ਅਧਿਆਪਕਾਂ ਲਈ ਨਵੀਆਂ ਤਕਨੀਕਾਂ ਅਤੇ ਡਿਜੀਟਲ ਸਾਧਨਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਤਾਮਿਲਨਾਡੂ ਤੋਂ ਆਏ ਆਈ . ਸੀ.ਟੀ. ਅਕੈਡਮੀ ਦੇ ਸੀਨੀਅਰ ਟੈਕਨੀਕਲ ਟਰੇਨਰ ਮਿ. ਸਚਿਨ ਸੈਂਗਰ ਦਾ ਧੰਨਵਾਦ ਕੀਤਾ ਅਤੇ ਆਈ.ਸੀ.ਟੀ. ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਮੌਕੇ ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ ਤੇ ਹੋਰ ਹਾਜ਼ਰ ਸਨ।