ਅਣ-ਐਲਾਨੇ ਪਾਵਰਕੱਟਾਂ ਤੋਂ ਦੁਖੀ ਕਿਸਾਨਾਂ ਦਾ ਵਫ਼ਦ ਐਕਸੀਅਨ ਰਾਏਕੋਟ ਨੂੰ ਮਿਲਿਆ
ਰਾਏਕੋਟ, 8 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਇਲਾਕੇ ਵਿਚ ਬਿਜਲੀ ਦਾ ਸੰਕਟ ਦਿਨੋਂ-ਦਿਨ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ, ਖ਼ਾਸ ਕਰਕੇ ਖੇਤੀਬਾੜੀ ਖੇਤਰ ਲਈ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਵਿਚ ਲਗਾਤਾਰ ਵੱਡੇ ਕੱਟ ਲਗਾਏ ਜਾਣ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਲਾਕੇ ਦੇ ਫੀਡਰਾਂ ਸ਼ਾਹਜਹਾਨਪੁਰ ਗਰਿੱਡ, ਬੱਸੀਆਂ, ਸੀਲੋਆਣੀ ਅਤੇ ਕੜਕੜੀ ਸ਼ਾਹ ਪਿੰਡ ਤਲਵੰਡੀ ਰਾਏ ਅਧੀਨ ਪੈਂਦੇ ਪਿੰਡਾਂ ਵਿਚ ਬਿਜਲੀ ਸਪਲਾਈ ਦੀ ਹਾਲਤ ਬੇਹੱਦ ਮਾੜੀ ਬਣੀ ਹੋਈ ਹੈ।
ਰਾਏਕੋਟ, 8 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਇਲਾਕੇ ਵਿਚ ਬਿਜਲੀ ਦਾ ਸੰਕਟ ਦਿਨੋਂ-ਦਿਨ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ, ਖ਼ਾਸ ਕਰਕੇ ਖੇਤੀਬਾੜੀ ਖੇਤਰ ਲਈ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਵਿਚ ਲਗਾਤਾਰ ਵੱਡੇ ਕੱਟ ਲਗਾਏ ਜਾਣ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਲਾਕੇ ਦੇ ਫੀਡਰਾਂ ਸ਼ਾਹਜਹਾਨਪੁਰ ਗਰਿੱਡ, ਬੱਸੀਆਂ, ਸੀਲੋਆਣੀ ਅਤੇ ਕੜਕੜੀ ਸ਼ਾਹ ਪਿੰਡ ਤਲਵੰਡੀ ਰਾਏ ਅਧੀਨ ਪੈਂਦੇ ਪਿੰਡਾਂ ਵਿਚ ਬਿਜਲੀ ਸਪਲਾਈ ਦੀ ਹਾਲਤ ਬੇਹੱਦ ਮਾੜੀ ਬਣੀ ਹੋਈ ਹੈ। ਇਸ ਗੰਭੀਰ ਸਮੱਸਿਆ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦਾ ਵਫ਼ਦ ਸੀਨੀਅਰ ਕਿਸਾਨ ਆਗੂ ਗੁਰਮਿੰਦਰ ਸਿੰਘ ਗੋਗੀ ਸੀਲੋਆਣੀ ਤੇ ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਪਾਵਰਕਾਮ ਰਾਏਕੋਟ ਦੇ ਐਕਸੀਅਨ ਕੁਲਵੰਤ ਸਿੰਘ ਰਾਏਕੋਟ ਨੂੰ ਮਿਲਿਆ। ਐਕਸੀਅਨ ਰਾਏਕੋਟ ਨਾਲ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਖੇਤੀਬਾੜੀ ਸੈਕਟਰ ਵਿਚ ਬਿਜਲੀ ਦੇ ਅਣ-ਐਲਾਨੇ ਅਤੇ ਲੰਮੇ ਕੱਟ ਲਗਾਏ ਜਾ ਰਹੇ ਹਨ। ਕਿਸਾਨ ਆਗੂਆਂ ਨੇ ਖੁਲਾਸਾ ਕੀਤਾ ਕਿ ਪਿਛਲੇ 8 ਦਿਨਾਂ ਦੌਰਾਨ ਸਿਰਫ਼ ਇਕ ਦਿਨ ਹੀ ਕਿਸਾਨਾਂ ਨੂੰ ਮਹਿਜ਼ 5 ਘੰਟੇ ਬਿਜਲੀ ਨਸੀਬ ਹੋਈ ਹੈ, ਜਦਕਿ ਬਾਕੀ ਦਿਨਾਂ ਵਿਚ ਰੋਜ਼ਾਨਾ ਸਿਰਫ਼ ਦੋ-ਦੋ ਘੰਟੇ ਹੀ ਬਿਜਲੀ ਦਿੱਤੀ ਜਾ ਰਹੀ ਹੈ। ਇਸ ਮੌਕੇ ਪੱਤਰਕਾਰਾਂ ਸਾਹਮਣੇ ਕਿਸਾਨਾਂ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਇਸ ਭਿਆਨਕ ਗਰਮੀ ਅਤੇ ਬਿਜਲੀ ਦੀ ਘਾਟ ਕਾਰਨ ਉਹ ਆਪਣੀਆਂ ਫ਼ਸਲਾਂ ਨੂੰ ਪਾਲਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜਰਨੇਟਰ ਅਤੇ ਟਰੈਕਟਰ ਚਲਾਉਣ ਲਈ ਮਜ਼ਬੂਰ ਹਨ, ਜਿਸ ਨਾਲ ਉਨ੍ਹਾਂ ਦਾ ਵਿੱਤੀ ਬੋਝ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਮੌਕੇ ਜਥੇਬੰਦੀ ਦੇ ਵਫ਼ਦ ਨੇ ਪਾਵਰਕਾਮ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਖੇਤੀਬਾੜੀ ਸੈਕਟਰ ਲਈ ਬਿਜਲੀ ਦੀ ਸਮੱਸਿਆ ਦਾ ਤੁਰੰਤ ਕੋਈ ਸਥਾਈ ਹੱਲ ਨਾ ਕੱਢਿਆ ਗਿਆ ਅਤੇ ਬਿਜਲੀ ਸਪਲਾਈ ਦਾ ਸਮਾਂ ਨਾ ਵਧਾਇਆ ਗਿਆ ਤਾਂ ਕਿਸਾਨ ਤਿੱਖੇ ਸੰਘਰਸ਼ ਲਈ ਮਜ਼ਬੂਰ ਹੋਣਗੇ। ਉਨ੍ਹਾਂ ਐਲਾਨ ਕੀਤਾ ਕਿ ਹੱਲ ਨਾ ਹੋਣ ਦੀ ਸੂਰਤ ਵਿਚ ਰਾਏਕੋਟ-ਲੁਧਿਆਣਾ ਮੁੱਖ ਮਾਰਗ ’ਤੇ ਚੱਕਾ ਜਾਮ ਕਰਕੇ ਵਿਸ਼ਾਲ ਧਰਨਾ ਲਗਾਇਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪਾਵਰਕਾਮ ਵਿਭਾਗ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸੁੱਖਾ ਸਿੰਘ ਸੀਲੋਆਣੀ, ਕਮਲ ਸਿੰਘ ਬੱਸੀਆਂ, ਬਲਾਕ ਆਗੂ ਬਿੰਦਰ ਸਿੰਘ ਔਲਖ, ਸੀਲੋਆਣੀ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ, ਜਸਪਾਲ ਸਿੰਘ ਗਰੇਵਾਲ, ਰਾਜ ਸਿੰਘ ਆਂਡਲੂ, ਡੀ.ਸੀ. ਸਿੰਘ ਸੀਲੋਆਣੀ, ਜੱਗੀ ਸਿੰਘ ਸਿੱਧੂ, ਹਰਪ੍ਰੀਤ ਸਿੰਘ ਔਲਖ, ਬੀਤੀ ਸਿੰਘ ਔਲਖ, ਤਾਲਬ ਸਿੰਘ, ਕਿੰਦਰੀ ਸਿੰਘ, ਸੁਰਿੰਦਰ ਸਿੰਘ ਸੁੱਖੀ ਉਮਰਪੁਰਾ, ਹਰਜਿੰਦਰ ਸਿੰਘ ਬੱਸੀਆਂ, ਚਰਨਜੀਤ ਸਿੰਘ ਬੱਸੀਆਂ, ਵਰਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।