31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਰਵਿੰਦਰਾ ਡਾਲਵੀ ਨੇ ਜਗਰਾਉਂ ’ਚ ਮੀਟਿੰਗ ਦੌਰਾਨ ਆਗੂਆਂ ਨੂੰ ਪਾਰਟੀ ਲਈ ਡਟ ਕੇ ਕੰਮ ਕਰਨ ਦਾ ਪਾਠ ਪੜ੍ਹਾਇਆ

ਜਗਰਾਉਂ, 30 ਅਕਤੂਬਰ (ਗੁਰਦੀਪ ਸਿੰਘ ਮਲਕ)-ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ’ਚ ਹੁਣ ਕੰਮ-ਚਲਾਊ ਤੇ ਸਮਾਂ-ਟਪਾਊ ਨੀਤੀ ਨਹੀਂ ਚੱਲਣੀ। ਬਿਹਤਰ ਨਤੀਜੇ ਦੇਣ ਲਈ ਤਨਦੇਹੀ ਨਾਲ ਜਾਂ ਤਾਂ ਕੰਮ ਕਰਨਾ ਹੋਵੇਗਾ ਜਾਂ ਲਾਂਭੇ ਹੋਣਾ ਪਵੇਗਾ।

ਅਜੀਤ ਡੈਸਕ 31-10-2026
ਜਗਰਾਉਂ, 30 ਅਕਤੂਬਰ (ਗੁਰਦੀਪ ਸਿੰਘ ਮਲਕ)-ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ’ਚ ਹੁਣ ਕੰਮ-ਚਲਾਊ ਤੇ ਸਮਾਂ-ਟਪਾਊ ਨੀਤੀ ਨਹੀਂ ਚੱਲਣੀ। ਬਿਹਤਰ ਨਤੀਜੇ ਦੇਣ ਲਈ ਤਨਦੇਹੀ ਨਾਲ ਜਾਂ ਤਾਂ ਕੰਮ ਕਰਨਾ ਹੋਵੇਗਾ ਜਾਂ ਲਾਂਭੇ ਹੋਣਾ ਪਵੇਗਾ। ਨਵਾਂ ਕੈਪਟਨ ਆ ਗਿਆ ਹੈ ਜੋ ਆਪਣੀ ਨਵੀਂ ਟੀਮ ਚੁਣ ਰਿਹਾ ਹੈ। ਇਸ ਲਈ ਮਿਹਨਤ ਤੇ ਕੰਮ ਤੋਂ ਭੱਜਣ ਵਾਲੇ ਕਾਂਗਰਸੀ ਅਹੁਦੇਦਾਰ ਪਾਸੇ ਹੋ ਜਾਣ ਕਿਉਂਕਿ ਅਗਾਮੀ ਵਿਧਾਨ ਸਭਾ ਚੋਣਾਂ ਜਿੱਤਣ ਲਈ ਹੁਣ ਕਾਂਗਰਸ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕਰੇਗੀ। ਇਹ ਤਾੜਨਾ ਅੱਜ ਇਥੇ ਬਲਾਕ ਪ੍ਰਧਾਨਾਂ, ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਲਈ ਪਹੁੰਚੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਵਿੰਦਰ ਡਾਲਵੀ ਨੇ ਕੀਤੀ। ਨਾਲ ਹੀ ਉਨ੍ਹਾਂ ਰਾਹੁਲ ਗਾਂਧੀ ਦੀ ਚਾਰ ਨਵੰਬਰ ਵਾਲੀ ਸੰਗਰੂਰ ਫੇਰੀ ਲਈ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਾ ਕੇ ਉਨ੍ਹਾਂ ਨੂੰ ਲਾਮਬੰਦ ਕੀਤਾ। ਬਲਾਕ ਕਾਂਗਰਸ ਪ੍ਰਧਾਨ ਨਵਦੀਪ ਗਰੇਵਾਲ ਦੇ ਗ੍ਰਹਿ ਵਿਖੇ ਰੱਖੀ ਕਾਂਗਰਸ ਦੀ ਮੀਟਿੰਗ ਵਿੱਚ ਬੋਲਦਿਆਂ ਰਵਿੰਦਰ ਡਾਲਵੀ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਜਾ ਰਹੀ ਹੈ। ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਢਿੱਲ, ਅਨੁਸ਼ਾਸਨਹੀਣਤਾ ਤੇ ਪਾਰਟੀ ਵਿਰੋਧੀ ਗਤੀਵਿਧੀ ਨੂੰ ਕਿਸੇ ਕੀਮਤ ’ਤੇ ਹੁਣ ਸਹਿਣ ਨਹੀਂ ਕੀਤਾ ਜਾਵੇਗਾ। ਬਲਾਕ ਪ੍ਰਧਾਨਾਂ ਸਣੇ ਹੋਰ ਅਹੁਦੇਦਾਰਾਂ ਨੂੰ ਜਾਂ ਤਾਂ ਕੰਮ ਕਰਨਾ ਹੋਵੇਗਾ ਜਾਂ ਪ੍ਰਧਾਨਗੀਆਂ ਛੱਡਣੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਅਹੁਦੇਦਾਰ ਤੇ ਵਰਕਰ ਹੀ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਇਨ੍ਹਾਂ ਨੇ ਹੀ ਅਗਾਮੀ ਵਿਧਾਨ ਸਭਾ ਚੋਣਾਂ ਜਿਤਾਉਣੀਆਂ ਹਨ। ਇਸ ਮੌਕੇ ਉਨ੍ਹਾਂ ਬਲਾਕ ਪ੍ਰਧਾਨਾਂ ਤੋਂ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਵੀ ਲਿਆ। ਨਸੀਹਤ ਦੇਣ ਤੋਂ ਇਲਾਵਾ ਆਪਣੀ ਗੱਲ ਬਾਰੇ ਗੰਭੀਰਤਾ ਦਿਖਾਉਂਦਿਆਂ ਉਨ੍ਹਾਂ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਨੂੰ ਇਕੱਲੇ ਇਕੱਲੇ ਕਰਕੇ ਜਾਣ-ਪਛਾਣ ਕੀਤੀ। ਕਾਮਰੇਡ ਰਵਿੰਦਰਪਾਲ ਰਾਜੂ ਦੀ ਅਗਵਾਈ ਵਿੱਚ ਇਸ ਸਮੇਂ ਆਜ਼ਾਦ ਤੌਰ ’ਤੇ ਬਲਾਕ ਸੰਮਤੀ ਚੋਣ ਜਿੱਤੀ ਹਰਬੰਸ ਕੌਰ ਨੂੰ ਕਾਂਗਰਸ ਵਿੱਚ ਸ਼ਾਮਿਲ ਕੀਤਾ ਗਿਆ। ਡਾਲਵੀ ਨੇ ਬਿਨਾਂ ਪਰਗਟ ਸਿੰਘ ਦਾ ਨਾਮ ਲਏ ਤੋਂ ਕਿਹਾ ਕਿ ਹੁਣ ‘ਕੈਪਟਨ’ ਨਵਾਂ ਹੈ ਤੇ ਉਹ ਆਪਣੀ ਟੀਮ ਚੁਣ ਰਿਹਾ ਹੈ। ਇਸ ਲਈ ਕੰਮ ਕਰਨ ਤੇ ਨਤੀਜੇ ਦੇਣ ਵਾਲੇ ਹੀ ਟੀਮ ਵਿੱਚ ਟਿਕ ਸਕਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਭ ਤੋਂ ਖੁਸ਼ਹਾਲ ਤੇ ਮੋਹਰੀ ਸੂਬਾ ਰਹੇ ਪੰਜਾਬ ਦੇ ਜਿਹੜੇ ਹਾਲਾਤ ਅੱਜ ਹੋ ਗਏ ਹਨ ਇਸ ਲਈ ਕਮਜ਼ੋਰ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸਰਕਾਰ ਜ਼ਿੰਮੇਵਾਰ ਹੈ। ਇਸ ਸਮੇਂ ਮੰਚ ’ਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਪ੍ਰਸ਼ੋਤਮ ਲਾਲ ਖਲੀਫਾ, ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਆਦਿ ਮੌਜੂਦ ਸਨ ਜਿਨ੍ਹਾਂ ਵਰਕਰਾਂ ਨੂੰ ਸੰਬੋਧਨ ਵੀ ਕੀਤਾ। ਮੀਟਿੰਗ ਵਿੱਚ ਕੁਲਵੰਤ ਸਿੰਘ ਡਾਂਗੀਆਂ, ਨਗਰ ਕੌਂਸਲ ਦੇ ਮੀਤ ਪ੍ਰਧਾਨ ਵਰਿੰਦਰ ਸਿੰਘ ਕਲੇਰ, ਸਰਪੰਚ ਦਰਸ਼ਨ ਸਿੰਘ ਡਾਂਗੀਆਂ, ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਗੀਟਾ, ਸੰਜੇ ਕੱਕੜ, ਡਾ: ਗੁਰਪ੍ਰੀਤ ਸਿੰਘ ਮੀਰਪੁਰ ਹਾਂਸ, ਅਮਨ ਕਪੂਰ ਬੌਬੀ, ਹਰਦੀਪ ਜੱਸੀ, ਸਵਰਨ ਸਿੰਘ ਰਾਮਗੜ੍ਹ, ਚਮਕੌਰ ਸਿੰਘ ਗੋਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਿਆਂ ਦੇ ਖ਼ਾਤਮੇ ਲਈ ਹੁਣ ਪੰਜਾਬੀਆਂ ਨੂੰ ਇਕਜੁੱਟ ਹੋਣ ਦੀ ਲੋੜ- ਸੰਧੂ/ਪੱਬੀਆਂ/ਧਾਲੀਵਾਲ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਪ੍ਰਾਇਮਰੀ ਖਿਡਾਰੀਆਂ ਦੀ 91 ਮੈਡਲਾਂ ਨਾਲ ਵੱਡੀ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।