ਦੇਹੜਕਾ ਮੰਡੀ ’ਚ ਖ਼ਰੀਦ ਬੰਦ ਹੋਣ ’ਤੇ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਰੋਸ ਪ੍ਰਦਰਸ਼ਨ
ਹਠੂਰ, 12 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਮਾਰਕੀਟ ਕਮੇਟੀ ਹਠੂਰ ਨਾਲ ਸਬੰਧਤ ਪਿੰਡ ਦੇਹੜਕਾ ਦੀ ਮੰਡੀ ਵਿਖੇ ਝੋਨੇ ਦੀ ਖ਼ਰੀਦ ਬੰਦ ਕਰਨ ਕਰਕੇ ਕਿਸਾਨਾਂ ਤੇ ਆੜ੍ਹਤੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ ਤੇ ਜਿਸ ਵਜੋਂ ਉਨ੍ਹਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ਼ ਗਿੱਲ) ਦੇ ਇਕਾਈ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਖਹਿਰਾ ਦੀ ਅਗਵਾਈ ’ਚ ਮੰਡੀ ਦੇ ਰਾਹ ਨੂੰ ਬੰਦ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਅਤੇ ਆੜ੍ਹਤੀਆਂ ਨੇ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਦੌਰਾਨ ਦੋਸ਼ ਲਾਉਂਦਿਆਂ ਕਿਹਾ ਕਿ ਇਸ ਮੰਡੀ ਨੂੰ 9 ਨਵੰਬਰ ਤੋਂ ਇਹ ਕਹਿ ਕਿ ਬੰਦ ਕਰ ਦਿੱਤਾ ਗਿਆ ਹੈ, ਕਿ ਝੋਨੇ ਦੀ ਖਰੀਦ ਪੂਰੀ ਹੋ ਚੁੱਕੀ ਹੈ, ਜਦਕਿ ਅਜੇ ਬਹੁਤ ਸਾਰੇ ਕਿਸਾਨਾਂ ਦਾ ਝੋਨਾ ਵੇਚਣ ਵਾਲਾ ਵੀ ਹੈ।
ਹਠੂਰ, 12 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਮਾਰਕੀਟ ਕਮੇਟੀ ਹਠੂਰ ਨਾਲ ਸਬੰਧਤ ਪਿੰਡ ਦੇਹੜਕਾ ਦੀ ਮੰਡੀ ਵਿਖੇ ਝੋਨੇ ਦੀ ਖ਼ਰੀਦ ਬੰਦ ਕਰਨ ਕਰਕੇ ਕਿਸਾਨਾਂ ਤੇ ਆੜ੍ਹਤੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ ਤੇ ਜਿਸ ਵਜੋਂ ਉਨ੍ਹਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ਼ ਗਿੱਲ) ਦੇ ਇਕਾਈ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਖਹਿਰਾ ਦੀ ਅਗਵਾਈ ’ਚ ਮੰਡੀ ਦੇ ਰਾਹ ਨੂੰ ਬੰਦ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਅਤੇ ਆੜ੍ਹਤੀਆਂ ਨੇ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਦੌਰਾਨ ਦੋਸ਼ ਲਾਉਂਦਿਆਂ ਕਿਹਾ ਕਿ ਇਸ ਮੰਡੀ ਨੂੰ 9 ਨਵੰਬਰ ਤੋਂ ਇਹ ਕਹਿ ਕਿ ਬੰਦ ਕਰ ਦਿੱਤਾ ਗਿਆ ਹੈ, ਕਿ ਝੋਨੇ ਦੀ ਖਰੀਦ ਪੂਰੀ ਹੋ ਚੁੱਕੀ ਹੈ, ਜਦਕਿ ਅਜੇ ਬਹੁਤ ਸਾਰੇ ਕਿਸਾਨਾਂ ਦਾ ਝੋਨਾ ਵੇਚਣ ਵਾਲਾ ਵੀ ਹੈ। ਆੜ੍ਹਤੀ ਰਵਿੰਦਰ ਕੁਮਾਰ ਰਾਜੂ, ਰਾਜਵੀਰ ਸਿੰਘ ਧਾਲੀਵਾਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਬੰਧਤ ਇੰਸਪੈਕਟਰ ਵਲੋਂ ਆਪਣੇ ਚਹੇਤੇ ਆੜ੍ਹਤੀਆਂ ਤੇ ਵੱਡੀਆਂ ਫਰਮਾਂ ਦਾ ਝੋਨਾ ਮੰਡੀ ਵਿਖੇ ਆਉਣ ਤੋਂ ਪਹਿਲਾਂ ਹੀ ਰਜਿਸਟਰਡ ’ਚ ਦਰਜ ਕਰ ਲਿਆ ਹੈ ਤੇ ਚਾਰ ਦਿਨ ਪਹਿਲਾਂ ਬੰਦ ਮੰਡੀ ਵਿਚ ਬਾਹਰੀ ਕਿਸਾਨਾਂ ਦੇ ਝੋਨੇ ਦੀਆਂ ਟਰਾਲੀਆਂ ਅੱਜ ਵੀ ਉਕਤ ਮੰਡੀ ਵਿਖੇ ਲਹਿਣ ਲਈ ਆ ਰਹੀਆਂ ਹਨ, ਜਦਕਿ ਛੋਟੇ ਆੜ੍ਹਤੀਆਂ ਦਾ ਝੋਨਾ ਖਰੀਦਿਆ ਨਹੀਂ ਜਾ ਰਿਹਾ। ਇਸ ਸਬੰਧ ਵਿਚ ਪੁੱਜੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਭਲਕੇ ਐੱਸ. ਡੀ. ਐੱਮ. ਜਗਰਾਉਂ ਨੂੰ ਜਾ ਕੇ ਉਕਤ ਮਸਲੇ ਦੇ ਹੱਲ ਲਈ ਮਿਲਿਆ ਜਾਵੇਗਾ। ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ਼ ਗਿੱਲ) ਦੇ ਇਕਾਈ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਖਹਿਰਾ ਨੇ ਕਿਹਾ ਕਿ ਮਸਲੇ ਦੇ ਹੱਲ ਲਈ ਮੌਕੇ ’ਤੇ ਰੋਸ ਧਰਨਾ ਲਾਉਣ ਦੀ ਗੱਲ ਕਹੀ। ਇਸ ਸਬੰਧੀ ਇੰਸਪੈਕਟਰ ਚੋਪੜਾ ਤੇ ਹਰਪਾਲ ਸਿੰਘ ਨੇ ਕਿਹਾ ਕਿ ਏਜੰਸੀ ਦਾ ਜਿੰਨਾਂ ਖ਼ਰੀਦ ਟਾਰਗੇਟ ਸੀ ਉਹ ਪੂਰਾ ਹੋ ਗਿਆ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਕਰਮਜੀਤ ਸਿੰਘ ਡੱਲਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦਾ ਮਸਲਾ ਝੋਰੜਾਂ ਮੰਡੀ ਵਿਖੇ ਵੀ ਆ ਰਿਹਾ ਜਿਸ ਦੇ ਹੱਲ ਲਈ ਉਹ ਲੱਗੇ ਹੋਏ ਹਨ। ਇਸ ਮੌਕੇ ਕਿਸਾਨ ਆਗੂ ਇਕਾਈ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਖਹਿਰਾ, ਸੁਖਦੇਵ ਸਿੰਘ ਘੋਨਾ, ਬਲਦੇਵ ਸਿੰਘ ਧਾਲੀਵਾਲ, ਗੁਰਮੀਤ ਸਿੰਘ ਪੱਪੂ, ਹਰਬੰਸ ਸਿੰਘ ਦੇਹੜਕਾ, ਪ੍ਰੀਤਮ ਸਿੰਘ ਭੰਗੜ ਜਗਰੂਪ ਸਿੰਘ, ਜੱਗੀ ਸਿੰਘ ਖਹਿਰਾ, ਵੀਰ ਸਿੰਘ ਖਹਿਰਾ, ਦਿਆਲ ਸਿੰਘ ਤੇ ਹੋਰ ਹਾਜ਼ਰ ਸਨ।