ਰੈਲਮਾਜਰਾ ਦਾ ਖੇਡ ਮੈਦਾਨ ਸੁਰਖੀਆਂ ’ਚ, 25 ਲੱਖ ਦਿਓ ਨਹੀਂ ਤਾਂ ਕਰਾਂਗੇ ਸੰਘਰਸ਼
ਕਾਠਗੜ੍ਹ, 18 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰੈਲਮਾਜਰਾ ਦਾ ਖੇਡ ਮੈਦਾਨ ਅੱਜ ਸੁਰਖੀਆਂ ’ਚ ਰਿਹਾ। ਸਵਰਗੀ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦੇ ਬੇਟੇ ਕੁੰਵਰ ਜਗਵੀਰ ਸਿੰਘ ਸਹੂੰਗੜਾ ਅੱਜ ਉਚੇਚੇ ਤੌਰ ’ਤੇ ਰੈਲਮਾਜਰਾ ਵਿਖੇ ਪਹੁੰਚੇ ਅਤੇ ਖੇਡ ਮੈਦਾਨ ਵਿੱਚ ਖੜ੍ਹ ਕੇ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਸਾਫ਼ ਸ਼ਬਦਾਂ ’ਚ ਅਲਟੀਮੇਟਮ ਦਿੱਤਾ ਕਿ ਰੈਲ ਮਾਜਰਾ ਦੇ ਖੇਡ ਮੈਦਾਨ ਲਈ ਮਨਜ਼ੂਰ ਪੂਰੇ 25 ਲੱਖ ਰੁਪਏ ਦਿੱਤੇ ਜਾਣ, ਨਹੀਂ ਤਾਂ ਸੰਘਰਸ਼ ਕੀਤਾ ਜਾਵੇਗਾ।
ਕਾਠਗੜ੍ਹ, 18 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰੈਲਮਾਜਰਾ ਦਾ ਖੇਡ ਮੈਦਾਨ ਅੱਜ ਸੁਰਖੀਆਂ ’ਚ ਰਿਹਾ। ਸਵਰਗੀ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦੇ ਬੇਟੇ ਕੁੰਵਰ ਜਗਵੀਰ ਸਿੰਘ ਸਹੂੰਗੜਾ ਅੱਜ ਉਚੇਚੇ ਤੌਰ ’ਤੇ ਰੈਲਮਾਜਰਾ ਵਿਖੇ ਪਹੁੰਚੇ ਅਤੇ ਖੇਡ ਮੈਦਾਨ ਵਿੱਚ ਖੜ੍ਹ ਕੇ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਸਾਫ਼ ਸ਼ਬਦਾਂ ’ਚ ਅਲਟੀਮੇਟਮ ਦਿੱਤਾ ਕਿ ਰੈਲ ਮਾਜਰਾ ਦੇ ਖੇਡ ਮੈਦਾਨ ਲਈ ਮਨਜ਼ੂਰ ਪੂਰੇ 25 ਲੱਖ ਰੁਪਏ ਦਿੱਤੇ ਜਾਣ, ਨਹੀਂ ਤਾਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪ੍ਰਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ ਅਤੇ ਮਿਸਲ ਸਤਲੁਜ ਦੇ ਤੇਜੀ ਮਾਂਗਟ ਰੈਲ ਮਾਜਰਾ ਵੀ ਹਾਜ਼ਰ ਸਨ। ਤਿੰਨਾਂ ਆਗੂਆਂ ਨੇ ਇਕੱਠੇ ਖੇਡ ਸਟੇਡੀਅਮ ਦੀ ਹਾਲਤ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਕੁੰਵਰ ਜਗਵੀਰ ਸਿੰਘ ਸਹੂੰਗੜਾ ਨੇ ਕਿਹਾ ਕਿ ਪਿੰਡ ਦੇ ਨੌਜਵਾਨਾਂ ਲਈ ਖੇਡ ਮੈਦਾਨ ਹੀ ਉਨ੍ਹਾਂ ਦੇ ਭਵਿੱਖ ਦੀ ਨੀਂਹ ਹੈ। ਜੇ ਮੈਦਾਨ ਹੀ ਅਧੂਰਾ ਰਹਿ ਗਿਆ ਤਾਂ ਨੌਜਵਾਨਾਂ ਨੂੰ ਖੇਡਾਂ ਵੱਲ ਕਿਵੇਂ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਡ ਮੈਦਾਨ ਲਈ ਪੈਸਾ ਮਨਜ਼ੂਰ ਹੋਣ ਦੇ ਬਾਵਜੂਦ ਕੰਮ ਅਧੂਰਾ ਪਿਆ ਹੈ, ਜੋ ਪਿੰਡ ਵਾਸੀਆਂ ਨਾਲ ਸਰਾਸਰ ਧੋਖਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਖੇਡਾਂ ਅਤੇ ਨੌਜਵਾਨਾਂ ਦੇ ਨਾਂ ’ਤੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਜ਼ਮੀਨੀ ਪੱਧਰ ’ਤੇ ਹਾਲਤ ਕੁਝ ਹੋਰ ਹੀ ਹੈ। ਰੈਲਮਾਜਰੇ ਦਾ ਖੇਡ ਮੈਦਾਨ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ। ਕੁੰਵਰ ਜਗਵੀਰ ਸਿੰਘ ਸਹੂੰਗੜਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਪੂਰੇ 25 ਲੱਖ ਰੁਪਏ ਨਾਲ ਖੇਡ ਮੈਦਾਨ ਦਾ ਕੰਮ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੂੰ ਨਾਲ ਲੈ ਕੇ ਵੱਡੇ ਪੱਧਰ ’ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।