29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਅਮਲੋਹ ਦੇ ਮੇਨ ਬਾਜ਼ਾਰ ’ਚ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਕੱਪੜਾ ਸੜ ਕੇ ਸੁਆਹ

ਅਮਲੋਹ, 28 ਸਤੰਬਰ (ਹਰਪ੍ਰੀਤ ਸਿੰਘ ਗਿੱਲ)- ਅਮਲੋਹ ਦੇ ਮੇਨ ਬਾਜ਼ਾਰ ਵਿਚ ਬੀਤੀ ਰਾਤ ਐੱਸ ਕਲੈਕਸ਼ਨ (ਖੰਨੇ ਵਾਲਿਆਂ ਦੀ ਹੱਟੀ) ਨਾਮਕ ਦੁਕਾਨ ਵਿਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਕੱਪੜਾ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਵਰਨਣਯੋਗ ਹੈ ਕਿ ਅੱਗ ਏਨੀ ਭਿਆਨਕ ਸੀ ਕਿ ਇਸ ਨਾਲ ਦੁਕਾਨ ਦੀ ਇਮਾਰਤ ਦਾ ਵੀ ਨੁਕਸਾਨ ਹੋਇਆ ਹੈ।

ਅਮਲੋਹ ਦੇ ਮੇਨ ਬਾਜ਼ਾਰ ਵਿਚ ਅੱਗ ਨਾਲ ਨੁਕਸਾਨੀ ‘ਐਸ ਕੁਲੈਕਸ਼ਨ’ ਨਾਮਕ ਦੁਕਾਨ ਅਤੇ ਸੜ ਕੇ ਸੁਆਹ ਹੋਏ ਕੱਪੜੇ। ਤਸਵੀਰਾਂ: ਗਿੱਲ 29-09-2026
ਅਮਲੋਹ, 28 ਸਤੰਬਰ (ਹਰਪ੍ਰੀਤ ਸਿੰਘ ਗਿੱਲ)- ਅਮਲੋਹ ਦੇ ਮੇਨ ਬਾਜ਼ਾਰ ਵਿਚ ਬੀਤੀ ਰਾਤ ਐੱਸ ਕਲੈਕਸ਼ਨ (ਖੰਨੇ ਵਾਲਿਆਂ ਦੀ ਹੱਟੀ) ਨਾਮਕ ਦੁਕਾਨ ਵਿਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਕੱਪੜਾ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਵਰਨਣਯੋਗ ਹੈ ਕਿ ਅੱਗ ਏਨੀ ਭਿਆਨਕ ਸੀ ਕਿ ਇਸ ਨਾਲ ਦੁਕਾਨ ਦੀ ਇਮਾਰਤ ਦਾ ਵੀ ਨੁਕਸਾਨ ਹੋਇਆ ਹੈ। ਇਮਾਰਤ ਦੇ ਮਾਲਕ ਐਡ. ਮੋਹਿਤ ਗਰਗ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਵੱਧੇ ਤਾਪਮਾਨ ਨੇ ਇਮਾਰਤ ਦਾ ਭਾਰੀ ਨੁਕਸਾਨ ਕੀਤਾ ਹੈ। ਦੁਕਾਨਦਾਰ ਪ੍ਰੀਤ ਕੰਵਰਜੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਬਾਜ਼ਾਰ ਦੇ ਚੌਕੀਦਾਰ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਸੂਚਿਤ ਕੀਤਾ ਕਿ ਦੁਕਾਨ ਵਿਚੋਂ ਧੂੰਆਂ ਨਿਕਲ ਰਿਹਾ ਹੈ। ਸੂਚਨਾ ਮਿਲਦਿਆਂ ਹੀ ਉਹ ਤੁਰੰਤ ਅਮਲੋਹ ਪਹੁੰਚੇ, ਜਿੱਥੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਰਾਤ ਕਰੀਬ ਢਾਈ ਵਜੇ ਅੱਗ ’ਤੇ ਕਾਬੂ ਪਾਇਆ। ਫਾਇਰ ਅਫ਼ਸਰ ਮੰਡੀ ਗੋਬਿੰਦਗੜ੍ਹ ਜਗਜੀਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਅਫ਼ਸਰ ਉਮੇਸ਼ ਕੁਮਾਰ, ਡਰਾਈਵਰ ਅਮਰਿੰਦਰ ਸਿੰਘ, ਫਾਇਰਮੈਨ ਹਿਤੇਸ਼ ਮੈਨਰੋ, ਯੁੱਧਵੀਰ ਸਿੰਘ ਅਤੇ ਸੁਖਜਿੰਦਰ ਸਿੰਘ ਦੀ ਟੀਮ ਨੂੰ ਅਮਲੋਹ ਭੇਜਿਆ ਗਿਆ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਕਾਫ਼ੀ ਮਿਹਨਤ ਨਾਲ ਅੱਗ ’ਤੇ ਕਾਬੂ ਪਾਇਆ। ਦੁਕਾਨਦਾਰ ਨੇ ਦੱਸਿਆ ਕਿ ਅੱਗ ਬੁਝਣ ਤੋਂ ਬਾਅਦ ਦੁਕਾਨ ਦੀ ਸੁਰੱਖਿਆ ਲਈ ਸਿਕਿਉਰਿਟੀ ਗਾਰਡ ਤਾਇਨਾਤ ਕਰਕੇ ਉਹ ਆਪਣੇ ਘਰ ਚੱਲੇ ਗਏ, ਪਰ ਰਾਤ ਕਰੀਬ ਸਾਢੇ ਤਿੰਨ ਵਜੇ ਚੌਕੀਦਾਰ ਦਾ ਦੁਬਾਰਾ ਫ਼ੋਨ ਆਇਆ ਕਿ ਦੁਕਾਨ ਵਿਚ ਮੁੜ ਅੱਗ ਭੜਕ ਗਈ ਹੈ ਅਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਧੂੰਆਂ ਨਿਕਲ ਰਿਹਾ ਹੈ। ਇਸ ’ਤੇ ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਅਫ਼ਸਰ ਜਗਜੀਤ ਸਿੰਘ ਨੇ ਵੀ ਪੁਸ਼ਟੀ ਕਿ ਦੁਕਾਨਦਾਰ ਵਲੋਂ ਮੁੜ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਦੁਬਾਰਾ ਅਮਲੋਹ ਭੇਜੀ ਗਈ, ਜਿੱਥੇ ਟੀਮ ਨੇ ਮੁੜ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਬਾਜ਼ਾਰ ਦੇ ਹੋਰ ਦੁਕਾਨਦਾਰ ਅਤੇ ਲੋਕ ਵੀ ਮੌਕੇ ’ਤੇ ਇਕੱਠੇ ਹੋ ਗਏ ਅਤੇ ਅੱਗ ਨੂੰ ਹੋਰ ਦੁਕਾਨਾਂ ਤੱਕ ਫੈਲਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਪ੍ਰੀਤ ਕੰਵਰਜੀਤ ਸਿੰਘ ਨੇ ਦੱਸਿਆ ਕਿ ਅੱਗ ਕਾਰਨ ਉਨ੍ਹਾਂ ਦੀ ਪੂਰੀ ਦੁਕਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਦੁਕਾਨ ਵਿਚ ਜਵੈਲਰੀ ਤੋਂ ਇਲਾਵਾ ਲੇਡੀਜ਼ ਸੂਟਾਂ ਦਾ ਕਾਰੋਬਾਰ ਵੀ ਕੀਤਾ ਜਾਂਦਾ ਸੀ ਅਤੇ ਅੱਗ ਕਾਰਨ ਲਗਭਗ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਭਾਵੁਕ ਹੁੰਦਿਆਂ ਅੱਗ ’ਤੇ ਕਾਬੂ ਪਾਉਣ ਲਈ ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ, ਪੁਲਿਸ ਪ੍ਰਸ਼ਾਸਨ ਅਤੇ ਬਾਜ਼ਾਰ ਦੇ ਦੁਕਾਨਦਾਰਾਂ ਤੇ ਲੋਕਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਕਾਲੇਵਾਲ-ਭਾਦਲਾ ਸੜਕ ਦੀ ਬਦਹਾਲੀ ਲੋਕਾਂ ਲਈ ਬਣੀ ਪਰੇਸ਼ਾਨੀ ਦਾ ਸਬੱਬ ਅਗਲੀ ਖ਼ਬਰ ਵਿਧੀ ਚੰਦ ਕਾਲੋਨੀ ’ਚ ਘਰ ’ਚੋਂ ਵਿਅਕਤੀ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।