ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਦਾ ਸ਼ਰੇਆਮ ਕਤਲ ਕੀਤਾ ਜਾਣਾ ਬੇਹੱਦ ਚਿੰਤਾਜਨਕ- ਐਡ. ਧਾਰਨੀ
ਫ਼ਤਹਿਗੜ੍ਹ ਸਾਹਿਬ, 14 ਅਕਤੂਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰਾ ਤੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਨੂੰ ਬੇਹੱਦ ਚਿੰਤਾਜਨਕ ਦੱਸਦਿਆਂ ਪਰਿਵਾਰ ਤੇ ਐਕਸ਼ਨ ਕਮੇਟੀ ਵਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦੇ ਸੱਦੇ ਦਾ ਪੂਰਨ ਸਮਰਥਨ ਕਰਦੇ ਹੋਏ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿਚ ਖੜ੍ਹਨਾ ਸਿਰਫ਼ ਕਿਸੇ ਇਕ ਵਿਅਕਤੀ ਦਾ ਸਮਰਥਨ ਕਰਨਾ ਨਹੀਂ, ਸਗੋਂ ਪੰਜਾਬ ਵਿਚ ਨਸ਼ਿਆਂ ਦੀ ਗੰਭੀਰ ਸਮੱਸਿਆ ਵਿਰੁੱਧ ਉੱਠ ਰਹੀ ਆਵਾਜ਼ ਨੂੰ ਸਮਰਥਨ ਦੇਣਾ ਹੈ। ਅੱਜ ਪੰਜਾਬ ਦਾ ਹਰ ਉਹ ਪਰਿਵਾਰ ਚਿੰਤਤ ਹੈ, ਜਿਸ ਦੇ ਬੱਚਿਆਂ ਦਾ ਭਵਿੱਖ ਨਸ਼ਿਆਂ ਕਾਰਨ ਖ਼ਤਰੇ ਵਿਚ ਹੈ।
ਫ਼ਤਹਿਗੜ੍ਹ ਸਾਹਿਬ, 14 ਅਕਤੂਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰਾ ਤੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਨੂੰ ਬੇਹੱਦ ਚਿੰਤਾਜਨਕ ਦੱਸਦਿਆਂ ਪਰਿਵਾਰ ਤੇ ਐਕਸ਼ਨ ਕਮੇਟੀ ਵਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦੇ ਸੱਦੇ ਦਾ ਪੂਰਨ ਸਮਰਥਨ ਕਰਦੇ ਹੋਏ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿਚ ਖੜ੍ਹਨਾ ਸਿਰਫ਼ ਕਿਸੇ ਇਕ ਵਿਅਕਤੀ ਦਾ ਸਮਰਥਨ ਕਰਨਾ ਨਹੀਂ, ਸਗੋਂ ਪੰਜਾਬ ਵਿਚ ਨਸ਼ਿਆਂ ਦੀ ਗੰਭੀਰ ਸਮੱਸਿਆ ਵਿਰੁੱਧ ਉੱਠ ਰਹੀ ਆਵਾਜ਼ ਨੂੰ ਸਮਰਥਨ ਦੇਣਾ ਹੈ। ਅੱਜ ਪੰਜਾਬ ਦਾ ਹਰ ਉਹ ਪਰਿਵਾਰ ਚਿੰਤਤ ਹੈ, ਜਿਸ ਦੇ ਬੱਚਿਆਂ ਦਾ ਭਵਿੱਖ ਨਸ਼ਿਆਂ ਕਾਰਨ ਖ਼ਤਰੇ ਵਿਚ ਹੈ। ਉਨ੍ਹਾਂ ਕਿਹਾ ਕਿ ਮਾਵਾਂ ਆਪਣੇ ਪੁੱਤਾਂ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੀਆਂ ਹਨ ਅਤੇ ਨੌਜਵਾਨਾਂ ਦੀ ਜ਼ਿੰਦਗੀ ਬਚਾਉਣ ਲਈ ਸਮਾਜ ਦੇ ਜਾਗਰੂਕ ਲੋਕ ਆਪੋ-ਆਪਣੇ ਪੱਧਰ ’ਤੇ ਯਤਨ ਕਰ ਰਹੇ ਹਨ। ਐਡਵੋਕੇਟ ਧਾਰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿਚ ਆਉਣ ਸਮੇਂ ਨਸ਼ਿਆਂ ਦੇ ਖ਼ਾਤਮੇ ਸਬੰਧੀ ਵੱਡੇ-ਵੱਡੇ ਵਾਅਦੇ ਕੀਤੇ ਸਨ। ਲੋਕਾਂ ਨੂੰ ਉਮੀਦ ਸੀ ਕਿ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਜਾਲ ਵਿਚੋਂ ਬਾਹਰ ਕੱਢਿਆ ਜਾਵੇਗਾ। ਪਰ ਸਰਕਾਰ ਉਕਤ ਸਾਰੇ ਮਾਮਲਿਆਂ ਵਿਚ ਫ਼ੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਸੂਬੇ ਵਿਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਹੈ ਅਤੇ ਦੂਸਰੇ ਪਾਸੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਦਾ ਸ਼ਰੇਆਮ ਕਤਲੇਆਮ ਕੀਤਾ ਜਾ ਰਿਹਾ ਹੈ, ਜੋ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ਤੇ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ, ਕਿਉਂਕਿ ਸਵਾਲ ਇਹ ਹੈ ਕਿ ਜੇਕਰ ਆਮ ਲੋਕ ਨਸ਼ਿਆਂ ਵਿਰੁੱਧ ਆਵਾਜ਼ ਉਠਾਉਂਦੇ ਹਨ, ਤਾਂ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਸੁਣਿਆ ਕਿਉਂ ਨਹੀਂ ਜਾਂਦਾ? ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਅਸਲ ਦੋਸ਼ੀਆਂ ਵਿਰੁੱਧ ਨਿਰਪੱਖ ਅਤੇ ਸਖ਼ਤ ਕਾਰਵਾਈ ਕਰੇ ਅਤੇ ਨਸ਼ਿਆਂ ਵਿਰੁੱਧ ਕੰਮ ਕਰਨ ਵਾਲੇ ਲੋਕਾਂ ਦੀਆਂ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਯਕੀਨੀ ਬਣਾਏ। ਇਸ ਲਈ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿਚ ਵੀ ਕਾਨੂੰਨ ਦੇ ਦਾਇਰੇ ਅੰਦਰ ਨਿਰਪੱਖਤਾ, ਪਾਰਦਰਸ਼ਤਾ ਅਤੇ ਇਨਸਾਫ਼ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਐਡ. ਧਾਰਨੀ ਨੇ ਕਿਹਾ ਕਿ ਪੰਜਾਬ ਨੂੰ ਰਾਜਨੀਤਿਕ ਬਿਆਨਬਾਜ਼ੀ ਨਹੀਂ, ਸਗੋਂ ਠੋਸ ਨਤੀਜੇ ਚਾਹੀਦੇ ਹਨ, ਕਿਉਂਕਿ ਪੰਜਾਬ ਦੀ ਜਵਾਨੀ ਬਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਹੋਵੇ, ਨੌਜਵਾਨਾਂ ਨੂੰ ਨਸ਼ਾ ਮੁਕਤੀ ਅਤੇ ਰੁਜ਼ਗਾਰ ਦੇ ਮੌਕੇ ਮਿਲਣ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਬਜਾਏ ਸੁਣਿਆ ਜਾਵੇ।