ਫਤਿਹਗੜ੍ਹ ਚੂੜੀਆਂ, 15 ਨਵੰਬਰ( ਐਮ.ਐਸ.ਫੁੱਲ)-ਪੰ. ਮੋਹਨ ਲਾਲ ਗਲੋਬਲ ਸਕੂਲ ਫਤਿਹਗੜ੍ਹ ਚੂੜੀਆਂ ਵਿਖੇ ਸਾਲਾਨਾ ਖੇਡ ਦਿਵਸ ਬੜੇ ਉਤਸ਼ਾਹ, ਜੋਸ਼ ਅਤੇ ਖੇਡ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਨਰਸਰੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਅਨਿਲ ਸ਼ਰਮਾ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸਰਦਾਰ ਮਨਦੀਪ ਸਿੰਘ, ਸਕੂਲ ਚੇਅਰਮੈਨ ਗੋਰਖਨਾਥ , ਵੀ.ਐੱਸ. ਕ੍ਰਿਕਟ ਅਕੈਡਮੀ ਅੰਮ੍ਰਿਤਸਰ ਦੇ ਮੁਖੀ ਵਿਕਰਮ ਸਿੰਘ ਬੁੱਟਰ ਅਤੇ ਕ੍ਰਿਕਟ ਅਕੈਡਮੀ ਦੇ ਕੋਚ ਮਨਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਮਾਗਮ ਦੀ ਸ਼ੁਰੂਆਤ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ, ਉਪਰੰਤ ਖੇਡ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਇਮਾਨਦਾਰੀ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਖੇਡਣ ਦਾ ਪ੍ਰਣ ਲਿਆ। ਇਸ ਤੋਂ ਬਾਅਦ ਸਵਾਗਤੀ ਗੀਤ, ਝੰਡਾ ਲਹਿਰਾਉਣ ਦੀ ਰਸਮ ਅਤੇ ਮਸ਼ਾਲ ਜਗਾਉਣ ਦੀ ਰਸਮ ਅਦਾ ਕੀਤੀ ਗਈ, ਜੋ ਏਕਤਾ, ਜੋਸ਼ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਤੀਕ ਸੀ। ਖੇਡ ਸਮਾਗਮ ਦੌਰਾਨ ਵੱਖ-ਵੱਖ ਵਰਗਾਂ ਦੇ ਵਿਦਿਆਰਥੀਆਂ ਲਈ ਕਈ ਦਿਲਚਸਪ ਮੁਕਾਬਲੇ ਕਰਵਾਏ ਗਏ। ਨਰਸਰੀ ਤੋਂ ਯੂ.ਕੇ.ਜੀ. ਤੱਕ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ 50 ਮੀਟਰ ਦੌੜ, ਪਹਿਲੀ ਤੋਂ ਚੌਥੀ ਜਮਾਤ ਲਈ 100 ਮੀਟਰ ਦੌੜ ਅਤੇ ਪੰਜਵੀਂ ਤੋਂ ਦਸਵੀਂ ਜਮਾਤ ਲਈ 100 ਅਤੇ 200 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਗੇਂਦ ਇਕੱਠੀ ਕਰਨ ਦੀ ਦੌੜ, ਬੋਰੀ ਦੌੜ, ਰੱਸੀ ਟੱਪਣਾ, ਗੋਲਾ ਸੁੱਟਣਾ, ਜੈਵਲਿਨ ਥਰੋ, ਡਿਸਕਸ ਥਰੋ, ਲੰਬੀ ਛਾਲ, ਰਿਲੇਅ ਦੌੜ ਅਤੇ ਰੱਸਾਕਸ਼ੀ ਵਰਗੇ ਮੁਕਾਬਲਿਆਂ ਨੇ ਸਮਾਗਮ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ। ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਲਈ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿਚੋਂ ਅੱਠਵੀਂ ਜਮਾਤ ਦੇ ਆਕਾਸ਼ਦੀਪ ਸਿੰਘ ਨੂੰ ਲੜਕਿਆਂ ਵਿਚੋਂ ਸਰਵੋਤਮ ਖਿਡਾਰੀ ਅਤੇ ਛੇਵੀਂ ਜਮਾਤ ਦੀ ਐਸ਼ਰੀਤ ਕੌਰ ਨੂੰ ਲੜਕੀਆਂ ਵਿੱਚੋਂ ਸਰਵੋ ਤਮ ਖਿਡਾਰਨ ਐਲਾਨਿਆ ਗਿਆ। ਇਸੇ ਤਰ੍ਹਾਂ ਅਰਨਵ ਪਰਮਾਰ ਨੂੰ ਬਿਹਤਰੀਨ ਖੇਡ ਭਾਵਨਾ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਖੇਡ ਅਧਿਆਪਕ ਗੁਰਦੇਵ ਸਿੰਘ ਅਤੇ ਮਿਸ ਜਸ਼ਨ ਨੂੰ ਖੇਡਾਂ ਦੇ ਸਫ਼ਲ ਆਯੋਜਨ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਪਾਏ ਗਏ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਮਿਸ ਵਰਿੰਦਰ ਕੌਰ ਨੇ ਸਮਾਗਮ ਦੀ ਸਫ਼ਲਤਾ ਲਈ ਸਮੂਹ ਮਹਿਮਾਨਾਂ, ਅਧਿਆਪਕਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਸਮਾਗਮ ਵਿੱਚ ਕੋਆਰਡੀਨੇਟਰ ਮਿਸ ਅਮਨਦੀਪ ਕੌਰ ਅਧਿਆਪਕਾਂ ਮਨਪ੍ਰੀਤ, ਸਰਬਜੀਤ, ਕੁਲਬੀਰ, ਸਲੋਨੀ, ਨੀਲਮ, ਅਮਨਪ੍ਰੀਤ, ਜੋਬਨ, ਆਰਤੀ, ਅਰਸ਼ਦੀਪ, ਰਾਜਿੰਦਰ, ਸੋਨੀਆ, ਰੂਪਨੀਤ, ਨੰਦਿਨੀ, ਜਗਰੂਪ ਸਿੰਘ, ਸੁਮਿਤ, ਸੰਦੀਪ ਅਤੇ ਦਿਸ਼ਾ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।