ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 4 ਮੁਕੱਦਮੇ ਦਰਜ
ਫ਼ਾਜ਼ਿਲਕਾ, 13 ਅਕਤੂਬਰ (ਦਵਿੰਦਰ ਪਾਲ ਸਿੰਘ)-ਥਾਣਾ ਅਮੀਰ ਖ਼ਾਸ ਪੁਲਿਸ ਨੇ ਹੈਰੋਇਨ ਦਾ ਸੇਵਨ ਕਰਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਲਿੰਕ ਰੋਡ ਚੱਕ ਕਾਠਗੜ੍ਹ ਉਰਫ਼ ਰੋਹੀਵਾਲਾ ਵਿਖੇ ਮੌਜੂਦ ਸੀ ਤਾਂ ਸੜਕ ਕਿਨਾਰੇ ਝਾੜੀਆਂ ਕੋਲ ਬੈਠਾ ਇਕ ਨੌਜਵਾਨ ਧੂੰਆਂ ਅੰਦਰ ਖਿੱਚਦਾ ਦਿਖਾਈ ਦਿੱਤਾ, ਜੋ ਪੁਲਿਸ ਗੱਡੀ ਦੇਖ ਕੇ ਭੱਜਣ ਲੱਗਿਆ।
ਫ਼ਾਜ਼ਿਲਕਾ, 13 ਅਕਤੂਬਰ (ਦਵਿੰਦਰ ਪਾਲ ਸਿੰਘ)-ਥਾਣਾ ਅਮੀਰ ਖ਼ਾਸ ਪੁਲਿਸ ਨੇ ਹੈਰੋਇਨ ਦਾ ਸੇਵਨ ਕਰਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਲਿੰਕ ਰੋਡ ਚੱਕ ਕਾਠਗੜ੍ਹ ਉਰਫ਼ ਰੋਹੀਵਾਲਾ ਵਿਖੇ ਮੌਜੂਦ ਸੀ ਤਾਂ ਸੜਕ ਕਿਨਾਰੇ ਝਾੜੀਆਂ ਕੋਲ ਬੈਠਾ ਇਕ ਨੌਜਵਾਨ ਧੂੰਆਂ ਅੰਦਰ ਖਿੱਚਦਾ ਦਿਖਾਈ ਦਿੱਤਾ, ਜੋ ਪੁਲਿਸ ਗੱਡੀ ਦੇਖ ਕੇ ਭੱਜਣ ਲੱਗਿਆ। ਪੁਲਿਸ ਵਲੋਂ ਉਸ ਨੂੰ ਕਾਬੂ ਕਰਕੇ ਤਲਾਸ਼ੀ ਲੈਣ ’ਤੇ ਉਸ ਦੇ ਕੋਲੋਂ ਸੜੀ ਹੋਈ ਹੈਰੋਇਨ ਵਾਲੀ ਸਿਲਵਰ ਪੰਨੀ, ਲਾਈਟਰ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। ਫੜੇ ਗਏ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੱਬਰ ਪੁੱਤਰ ਮਨਜੀਤ ਸਿੰਘ ਵਾਸੀ ਚੱਕ ਸਵਾਹ ਵਾਲਾ ਵਜੋਂ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਕਾਬੂ ਫਾਜ਼ਿਲਕਾ- ਥਾਣਾ ਅਰਨੀਵਾਲਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਪਿੰਡ ਇਸਲਾਮ ਵਾਲਾ ਨੇੜੇ ਗਸ਼ਤ ਕਰ ਰਹੀ ਸੀ ਤਾਂ ਇਕ ਔਰਤ ਪੁਲਿਸ ਦੀ ਗੱਡੀ ਦੇਖ ਕੇ ਹੱਥ ਵਿਚ ਫੜਿਆ ਲਿਫ਼ਾਫ਼ਾ ਸੁੱਟ ਕੇ ਤੇਜ਼ ਕਦਮਾਂ ਨਾਲ ਜਾਣ ਲੱਗੀ। ਪੁਲਿਸ ਨੇ ਉਸ ਨੂੰ ਕਾਬੂ ਕਰਕੇ ਸੁੱਟੇ ਲਿਫ਼ਾਫ਼ੇ ਦੀ ਚੈਕਿੰਗ ਕੀਤੀ ਤਾਂ ਉਸ ਵਿਚੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਕਾਬੂ ਕੀਤੀ ਔਰਤ ਦੀ ਪਛਾਣ ਪਰਮਜੀਤ ਕੌਰ ਪਤਨੀ ਮੰਗਤ ਸਿੰਘ ਵਾਸੀ ਪਿੰਡ ਅਲਿਆਣਾ ਵਜੋਂ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਕਦੀ ਅਤੇ ਸਾਮਾਨ ਚੋਰੀ ਕਰਨ ਵਾਲੇ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਫਾਜ਼ਿਲਕਾ- ਥਾਣਾ ਅਰਨੀਵਾਲਾ ਪੁਲਿਸ ਨੇ ਕਾਰ ’ਤੇ ਹਮਲਾ ਕਰਕੇ ਨਕਦੀ ਅਤੇ ਹੋਰ ਸਾਮਾਨ ਚੋਰੀ ਕਰਨ ਵਾਲੇ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜੈਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਨਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਡੱਬਵਾਲਾ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਲਿੰਕ ਰੋਡ ਮੂਲਿਆਂ ਵਾਲੀ ਤੋਂ ਬੰਨਾ ਵੱਲ ਜਾ ਰਿਹਾ ਸੀ ਤਾਂ ਕੁੱਝ ਅਣਪਛਾਤੇ ਵਿਅਕਤੀਆਂ ਨੇ ਮੂੰਹ ਬੰਨ੍ਹ ਕੇ ਉਸ ਦੀ ਗੱਡੀ ’ਤੇ ਇੱਟਾਂ-ਰੋੜੇ ਮਾਰੇ। ਇਸ ਨਾਲ ਉਸ ਦੀ ਗੱਡੀ ਦੇ ਸ਼ੀਸ਼ੇ ਅਤੇ ਹੋਰ ਹਿੱਸੇ ਟੁੱਟ ਗਏ। ਉਕਤ ਵਿਅਕਤੀਆਂ ਨੇ ਉਸ ਦੀ ਕਾਰ ਵਿਚੋਂ ਪਰਸ ਚੋਰੀ ਕਰ ਲਿਆ। ਜਿਸ ਵਿਚ ਲਗਭਗ 1 0 ਹਜ਼ਾਰ ਰੁਪਏ, 250 ਆਸਟਰੇਲੀਅਨ ਡਾਲਰ, ਆਧਾਰ ਕਾਰਡ ਅਤੇ ਜ਼ਰੂਰੀ ਕਾਗ਼ਜ਼ਾਤ ਸਨ। ਪੁਲਿਸ ਵਲੋਂ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਨਸ਼ੇ ਦੀ ਹਾਲਤ ਵਿਚ ਘੁੰਮਦੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਫਾਜ਼ਿਲਕਾ- ਥਾਣਾ ਖੂਈ ਖੇੜਾ ਪੁਲਿਸ ਨੇ ਨਸ਼ੇ ਦੀ ਹਾਲਤ ਵਿਚ ਘੁੰਮਦੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਗੋਬਿੰਦਗੜ੍ਹ ਕਮਾਲ ਵਾਲਾ ਵਿਖੇ ਮੌਜੂਦ ਸੀ ਤਾਂ 3 ਨੌਜਵਾਨ ਨਸ਼ੇ ਦੀ ਹਾਲਤ ਵਿਚ ਅਤੇ ਸ਼ੱਕੀ ਹਾਲਾਤ ’ਚ ਆਉਂਦੇ ਦਿਖਾਈ ਦਿੱਤੇ। ਪੁਲਿਸ ਵਲੋਂ ਉਨ੍ਹਾਂ ਦਾ ਸਿਵਲ ਹਸਪਤਾਲ ਤੋਂ ਡੋਪ ਟੈੱਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ। ਉਨ੍ਹਾਂ ਦੀ ਪਛਾਣ ਧਰਮਪਾਲ ਉਰਫ਼ ਮਦਨ ਲਾਲ ਪੁੱਤਰ ਪ੍ਰਿਥੀ ਰਾਮ, ਸੰਜੂ ਉਰਫ਼ ਸ਼ੰਕਰ ਰਾਮ ਪੁੱਤਰ ਮੁਕੇਸ਼ ਕੁਮਾਰ ਅਤੇ ਸਾਗਰ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਪਿੰਡ ਕਮਾਲ ਵਾਲਾ ਵਜੋਂ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਤਿੰਨੋਂ ਜਣਿਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।