11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਕਰੀਬ 20 ਦਿਨਾਂ ਬਾਅਦ ਹੋਇਆ ਅਜੈ ਅਟਵਾਲ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਇਨਸਾਫ਼ ਦੀ ਮੰਗ ਨੂੰ ਲੈ ਕੇ ਪਰਿਵਾਰ ਅਤੇ ਸਮਾਜ ਨੇ ਬਾਜ਼ਾਰ ਦੇ ਮੁੱਖ ਚੌਕ ’ਚ ਲਗਾਇਆ ਧਰਨਾ

ਅਬੋਹਰ, 10 ਨਵੰਬਰ(ਵਿਵੇਕ ਹੂੜੀਆ)-ਕਰੀਬ ਤਿੰਨ ਹਫ਼ਤੇ ਪਹਿਲਾਂ ਅਬੋਹਰ ਦੇ ਸੰਤ ਨਗਰ ਵਾਸੀ ਅਜੈ ਅਟਵਾਲ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਕਰੀਬ 20 ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋਣ ਉਪਰੰਤ ਪਰਿਵਾਰਕ ਮੈਂਬਰਾਂ ਅਤੇ ਸਮਾਜ ਦੇ ਲੋਕਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਬਾਜ਼ਾਰ ਨੰਬਰ-12 ਦੇ ਮੁੱਖ ਚੌਕ ਵਿਚ ਮ੍ਰਿਤਕ ਦੇਹ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਅਤੇ ਸ਼ਹਿਰ ਵਾਸੀਆਂ ਨੇ ਧਰਨੇ ਵਿਚ ਸ਼ਮੂਲੀਅਤ ਕਰਦਿਆਂ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ।

ਅਜੀਤ ਡੈਸਕ 11-11-2026
ਅਬੋਹਰ, 10 ਨਵੰਬਰ(ਵਿਵੇਕ ਹੂੜੀਆ)-ਕਰੀਬ ਤਿੰਨ ਹਫ਼ਤੇ ਪਹਿਲਾਂ ਅਬੋਹਰ ਦੇ ਸੰਤ ਨਗਰ ਵਾਸੀ ਅਜੈ ਅਟਵਾਲ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਕਰੀਬ 20 ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋਣ ਉਪਰੰਤ ਪਰਿਵਾਰਕ ਮੈਂਬਰਾਂ ਅਤੇ ਸਮਾਜ ਦੇ ਲੋਕਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਬਾਜ਼ਾਰ ਨੰਬਰ-12 ਦੇ ਮੁੱਖ ਚੌਕ ਵਿਚ ਮ੍ਰਿਤਕ ਦੇਹ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਅਤੇ ਸ਼ਹਿਰ ਵਾਸੀਆਂ ਨੇ ਧਰਨੇ ਵਿਚ ਸ਼ਮੂਲੀਅਤ ਕਰਦਿਆਂ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ। ਧਰਨਾਕਾਰੀਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਜਾਣਕਾਰੀ ਅਨੁਸਾਰ 27 ਸਤੰਬਰ ਨੂੰ ਦੁਪਹਿਰ ਸਮੇਂ ਸੰਤ ਨਗਰ ਵਿਖੇ ਭਗਵਾਨ ਵਾਲਮੀਕੀ ਮੰਦਰ ਦੇ ਬਾਹਰ ਇਕ ਨੌਜਵਾਨ ਨੇ ਅਜੈ ਅਟਵਾਲ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਸਨ। ਗੰਭੀਰ ਜ਼ਖ਼ਮੀ ਹਾਲਤ ਵਿਚ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਪਰ 19 ਅਕਤੂਬਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਸਮਾਜ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਪਰਿਵਾਰ ਵਲੋਂ ਅਜੈ ਨੂੰ ਇਨਸਾਫ਼ ਦਿਵਾਉਣ ਅਤੇ ਗੋਲੀ ਮਾਰਨ ਵਾਲੇ ਨੌਜਵਾਨ ਸਮੇਤ ਹੋਰ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਉਸ ਦੀ ਮ੍ਰਿਤਕ ਦੇਹ ਹਸਪਤਾਲ ਦੀ ਮੋਰਚਰੀ ਵਿਚ ਰੱਖ ਕੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ। ਪੁਲਿਸ ਪ੍ਰਸ਼ਾਸਨ ਵਲੋਂ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲਾਉਂਦਿਆਂ ਪਰਿਵਾਰ ਨੇ ਹਾਈਕੋਰਟ ਦਾ ਰੁਖ਼ ਕੀਤਾ ਸੀ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਉਪਰੰਤ ਜਦੋਂ ਪਰਿਵਾਰਕ ਮੈਂਬਰ ਅੰਤਿਮ ਸੰਸਕਾਰ ਲਈ ਮ੍ਰਿਤਕ ਦੇਹ ਲੈ ਕੇ ਹਸਪਤਾਲ ਤੋਂ ਨਿਕਲੇ ਤਾਂ ਉਨ੍ਹਾਂ ਨੇ ਬਾਜ਼ਾਰ ਨੰਬਰ-12 ਦੇ ਮੁੱਖ ਚੌਕ ਵਿਚ ਦੇਹ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸ ਮੌਕੇ ਹਰਿਆਣਾ ਤੋਂ ਪਹੁੰਚੇ ਦਲਿਤ ਸਮਾਜ ਦੇ ਇਕ ਆਗੂ ਨੇ ਅਜੈ ਅਟਵਾਲ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਦਲਿਤ ਸਮਾਜ ਦੇ ਉਨ੍ਹਾਂ ਆਗੂਆਂ ਦੀ ਆਲੋਚਨਾ ਕੀਤੀ, ਜੋ ਸਮਾਜ ਦੇ ਨਾਂ ’ਤੇ ਵੋਟਾਂ ਤਾਂ ਹਾਸਲ ਕਰਦੇ ਹਨ ਪਰ ਦੁੱਖ ਦੀ ਘੜੀ ਵਿਚ ਲੋਕਾਂ ਦੇ ਨਾਲ ਖੜ੍ਹੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਅਜੈ ਦੀ ਮੌਤ ਤੋਂ ਬਾਅਦ ਅਨੁਸੂਚਿਤ ਜਾਤੀ ਸਮਾਜ ਵਿਚ ਜਾਗਰੂਕਤਾ ਅਤੇ ਏਕਤਾ ਦੀ ਬਹੁਤ ਲੋੜ ਹੈ। ਇਸ ਮੌਕੇ ਲੋਕਾਂ ਨੇ ਕਿਹਾ ਕਿ ਅਜੈ ਅਟਵਾਲ ਦਾ ਮਾਮਲਾ ਵੀ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਾਂਗ ਸੰਘਰਸ਼ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਜਿਸ ਤਰ੍ਹਾਂ ਝੋਟਾ ਦੇ ਪਰਿਵਾਰ ਵਲੋਂ ਮਾਨਸਾ ਵਿਚ ਉਸ ਦੀ ਮ੍ਰਿਤਕ ਦੇਹ ਸੜਕ ’ਤੇ ਰੱਖ ਕੇ ਇਨਸਾਫ਼ ਲਈ ਪ੍ਰਦਰਸ਼ਨ ਕੀਤਾ ਗਿਆ ਸੀ, ਉਸੇ ਤਰ੍ਹਾਂ ਅਜੈ ਦੇ ਪਰਿਵਾਰ ਨੂੰ ਵੀ ਇਨਸਾਫ਼ ਲਈ ਸੜਕਾਂ ’ਤੇ ਉੱਤਰਨਾ ਪਿਆ ਹੈ। ਕਰੀਬ ਦੋ ਘੰਟੇ ਤੱਕ ਚੱਲੇ ਇਸ ਰੋਸ ਪ੍ਰਦਰਸ਼ਨ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਰਿਵਾਰ ਅਤੇ ਸਮਾਜ ਦੇ ਲੋਕਾਂ ਨੂੰ ਮੰਗਾਂ ਸਬੰਧੀ ਭਰੋਸਾ ਦਿੱਤਾ ਗਿਆ। ਇਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਅਤੇ ਪਰਿਵਾਰਕ ਮੈਂਬਰ ਅਜੈ ਅਟਵਾਲ ਦੀ ਮ੍ਰਿਤਕ ਦੇਹ ਲੈ ਕੇ ਅੰਤਿਮ ਸੰਸਕਾਰ ਲਈ ਰਵਾਨਾ ਹੋ ਗਏ। ਦੇਰ ਸ਼ਾਮ ਮੁੱਖ ਸ਼ਿਵਪੁਰੀ ਵਿਖੇ ਭਾਰੀ ਪੁਲਿਸ ਸੁਰੱਖਿਆ ਹੇਠ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪਿਛਲੀ ਖ਼ਬਰ ਸਕੂਲ ਉਸਾਰੀ ਲਈ ਤਿਆਰ ਕੀਤੇ ਗਏ 31 ਵਿੱਘੇ ਬੇਸ਼ਕੀਮਤੀ ਰਕਬੇ ਨੂੰ ਨਾਜਾਇਜ਼ ਕਬਜ਼ਾਕਾਰੀਆਂ ਦੇ ਚੁੰਗਲ ’ਚੋਂ ਆਜ਼ਾਦ ਕਰਾਉਣ ਦੀ... ਅਗਲੀ ਖ਼ਬਰ ਐਨ.ਐੱਚ.ਐੱਮ. ਯੂਨੀਅਨ ਫ਼ਾਜ਼ਿਲਕਾ ਨੇ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਕੀਤੀਆਂ ਮੁਕੰਮਲ, ਵੱਡੀ ਗਿਣਤੀ ਚੰਡੀਗੜ੍ਹ ਵੱਲ ਕੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।