ਅੰਮ੍ਰਿਤਸਰ, 2 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)- ਡੀ. ਏ. ਵੀ. ਕਾਲਜ ਅੰਮ੍ਰਿਤਸਰ ਵਿਖੇ ‘ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ’ ਦੀ ਅਗਵਾਈ ਹੇਠ ਅਤੇ ਕਾਲਜ ਦੇ ਰਸਾਇਣ ਕਲੱਬ ਦੁਆਰਾ ‘ਵਿਸ਼ਵ ਓਜ਼ੋਨ ਦਿਵਸ’ ਮਨਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕੀਤੀ। ਆਪਣੇ ਸੰਬੋਧਨ ’ ਚ ਉਨ੍ਹਾਂ ਦੱਸਿਆ ਕਿ ਓਜ਼ੋਨ ਪਰਤ ਧਰਤੀ ਲਈ ਇਕ ਸੁਰੱਖਿਆ ਕਵਚ ਵਜੋਂ ਕੰਮ ਕਰਦੀ ਹੈ, ਜੋ ਸਾਨੂੰ ਸੂਰਜ ਦੀਆਂ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦੀ ਹੈ। ਉਨ੍ਹਾਂ ਕਿਹਾ ਕਿ ਓਜ਼ੋਨ ਪਰਤ ਦਾ ਘਟਣਾ ਗਲੋਬਲ ਵਾਰਮਿੰਗ, ਜਲਵਾਯੂ ਤਬਦੀਲੀ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਵਧਦੇ ਖ਼ਤਰੇ ਦਾ ਕਾਰਨ ਬਣਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੋਜ਼ਾਨਾ ਜੀਵਨ ’ਚ ਅਜਿਹੀਆਂ ਆਦਤਾਂ ਅਪਣਾਉਣ ਜੋ ਓਜ਼ੋਨ ਪਰਤ ਦੀ ਸੰਭਾਲ ’ਚ ਮਦਦਗਾਰ ਹੋਣ। ਵਿਭਾਗ ਮੁਖੀ ਡਾ. ਰਵੀ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਪੋਸਟਰ ਬਣਾਉਣ ਅਤੇ ਸਲੋਗਨ ਰਾਈਟਿੰਗ ਦਾ ਮੁਕਾਬਲਾ ਕਰਵਾਇਆ ਗਿਆ ਸੀ। ਪੋਸਟਰ ਬਣਾਉਣ ਦੇ ਮੁਕਾਬਲੇ ’ਚ ਵਿਦਿਆਰਥੀਆਂ ਨੇ ਓਜ਼ੋਨ ਪਰਤ ਦੀ ਸੰਭਾਲ, ਸੀ.ਐੱਫ.ਸੀ ਦੇ ਮਾੜੇ ਪ੍ਰਭਾਵਾਂ ਅਤੇ ਵਾਤਾਵਰਨ ਸੰਤੁਲਨ ’ਤੇ ਆਧਾਰਿਤ ਪ੍ਰਭਾਵਸ਼ਾਲੀ ਚਿੱਤਰ ਤਿਆਰ ਕੀਤੇ। ਨਾਅਰੇ ਲਿਖਣ ਦੇ ਮੁਕਾਬਲੇ ’ਚ ਵਿਦਿਆਰਥੀਆਂ ਨੇ ਓਜ਼ੋਨ ਦੀ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਦਮਦਾਰ ਨਾਅਰੇ ਲਿਖੇ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਡਾ. ਮੁਨੀਸ਼ ਗੁਪਤਾ, ਡਾ. ਜੇ.ਜੇ. ਮਹੇਂਦਰੂ ਪ੍ਰੋ ਰਾਜੇਸ਼ ਮਿੱਤੁ, ਪ੍ਰੋ ਪ੍ਰੋ ਰਘੂ ਰਾਜ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।