16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਦਿਵਸ ਮੌਕੇ ਅਣਗੌਲੇ ਵਿਰਾਸਤੀ ਸਮਾਰਕਾਂ ਦੀ ਸਾਂਭ-ਸੰਭਾਲ ਲਈ ਕੀਤੇ ਜਾਣ ਉਪਰਾਲੇ

ਅੰਮ੍ਰਿਤਸਰ, 16 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਸ਼ਹਿਰ ਦੇ 450 ਸਾਲਾ ਸਥਾਪਨਾ ਦਿਵਸ ਨੂੰ ਲੈ ਕੇ ਜਿੱਥੇ ਸਮੁੱਚੇ ਸ਼ਹਿਰ ਅਤੇ ਦੇਸ਼-ਵਿਦੇਸ਼ ’ਚ ਵੱਸਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਇਤਿਹਾਸ ਪ੍ਰੇਮੀਆਂ, ਵਿਰਾਸਤ ਸੰਭਾਲ ਸੰਸਥਾਵਾਂ ਅਤੇ ਸ਼ਹਿਰ ਦੇ ਬੁੱਧੀਜੀਵੀਆਂ ਨੇ ਸ਼ਹਿਰ ਦੇ ਅਣਗੌਲੇ ਇਤਿਹਾਸਿਕ ਅਤੇ ਵਿਰਾਸਤੀ ਸਮਾਰਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ੋਰਦਾਰ ਅਪੀਲ ਕੀਤੀ ਹੈ। ਸਥਾਪਨਾ ਦਿਵਸ ਦੇ ਜਸ਼ਨਾਂ ਦੀ ਰੂਪ-ਰੇਖਾ ਤਿਆਰ ਕਰਦਿਆਂ ਅਣਗੌਲੇ ਵਿਰਾਸਤੀ ਸਮਾਰਕਾਂ ਦੀ ਸਾਂਭ-ਸੰਭਾਲ ਅਤੇ ਪ੍ਰਚਾਰ ਲਈ ਵੀ ਉਪਰਾਲੇ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

ਅਜੀਤ ਡੈਸਕ 17-11-2026
ਅੰਮ੍ਰਿਤਸਰ, 16 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਸ਼ਹਿਰ ਦੇ 450 ਸਾਲਾ ਸਥਾਪਨਾ ਦਿਵਸ ਨੂੰ ਲੈ ਕੇ ਜਿੱਥੇ ਸਮੁੱਚੇ ਸ਼ਹਿਰ ਅਤੇ ਦੇਸ਼-ਵਿਦੇਸ਼ ’ਚ ਵੱਸਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਇਤਿਹਾਸ ਪ੍ਰੇਮੀਆਂ, ਵਿਰਾਸਤ ਸੰਭਾਲ ਸੰਸਥਾਵਾਂ ਅਤੇ ਸ਼ਹਿਰ ਦੇ ਬੁੱਧੀਜੀਵੀਆਂ ਨੇ ਸ਼ਹਿਰ ਦੇ ਅਣਗੌਲੇ ਇਤਿਹਾਸਿਕ ਅਤੇ ਵਿਰਾਸਤੀ ਸਮਾਰਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ੋਰਦਾਰ ਅਪੀਲ ਕੀਤੀ ਹੈ। ਸਥਾਪਨਾ ਦਿਵਸ ਦੇ ਜਸ਼ਨਾਂ ਦੀ ਰੂਪ-ਰੇਖਾ ਤਿਆਰ ਕਰਦਿਆਂ ਅਣਗੌਲੇ ਵਿਰਾਸਤੀ ਸਮਾਰਕਾਂ ਦੀ ਸਾਂਭ-ਸੰਭਾਲ ਅਤੇ ਪ੍ਰਚਾਰ ਲਈ ਵੀ ਉਪਰਾਲੇ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਵਿਰਾਸਤ ਪ੍ਰੇਮੀਆਂ ਦੀ ਇਹ ਵੀ ਅਪੀਲ ਹੈ ਕਿ ਇਨ੍ਹਾਂ ਸਮਾਗਮਾਂ ਦਾ ਮੁੱਖ ਮਕਸਦ ਸਿਰਫ਼ ਰਸਮੀ ਪ੍ਰੋਗਰਾਮਾਂ ਤੱਕ ਸੀਮਤ ਨਾ ਰਹਿ ਕੇ, ਸ਼ਹਿਰ ਦੀ ਅਮੀਰ ਵਿਰਾਸਤ ਨੂੰ ਮੁੜ ਸੁਰਜੀਤ ਕਰਨਾ ਹੋਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਇਕੱਲੇ ਅੰਮ੍ਰਿਤਸਰ ’ਚ ਮੌਜੂਦਾ ਸਮੇਂ 200 ਤੋਂ ਵਧੇਰੇ ਵਿਰਾਸਤੀ ਅਤੇ ਇਤਿਹਾਸਕ ਸਮਾਰਕ ਮੌਜੂਦ ਹਨ, ਪਰ ਸੰਬੰਧਿਤ ਵਿਭਾਗਾਂ ਵਲੋਂ ਅੰਮ੍ਰਿਤਸਰ ਵਿਖੇ ਰੋਜ਼ਾਨਾ ਇਕ ਲੱਖ ਤੋਂ ਵਧੇਰੇ ਗਿਣਤੀ ’ਚ ਦੇਸ਼-ਵਿਦੇਸ਼ ਤੋਂ ਪਹੁੰਚ ਰਹੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਸ੍ਰੀ ਦਰਬਾਰ ਸਾਹਿਬ, ਜਲ੍ਹਿਆਂਵਾਲਾ ਬਾਗ ਜਾਂ ਅਟਾਰੀ ਸਰਹੱਦ ਤੋਂ ਇਲਾਵਾ ਹੋਰਨਾ ਸਮਾਰਕਾਂ ਬਾਰੇ ਜਾਣਕਾਰੀ ਮੁਹੱਈਆ ਨਾ ਕਰਵਾਏ ਜਾਣ ਕਰਕੇ, ਉਹ ਅੰਮ੍ਰਿਤਸਰ ’ਚ ਸਿਰਫ਼ ਇਕ ਦਿਨ ਠਹਿਰਨ ਬਾਅਦ ਅਗਲੇ ਹੀ ਦਿਨ ਵਾਪਸ ਪਰਤ ਜਾਂਦੇ ਹਨ। ਉਨ੍ਹਾਂ ਨੂੰ ਵਿਰਾਸਤੀ ਅਤੇ ਇਤਿਹਾਸਕ ਸਮਾਰਕਾਂ ਦੀ ਹੋਂਦ ਤੋਂ ਜਾਣੂ ਨਾ ਕਰਵਾਏ ਜਾਣ ਕਾਰਨ ਅੰਮ੍ਰਿਤਸਰ ਆ ਕੇ ਜਲਦੀ ਸੈਲਾਨੀਆਂ ਦਾ ਉਤਸ਼ਾਹ ਖ਼ਤਮ ਹੋ ਜਾਂਦਾ ਹੈ ਅਤੇ ਉਹ ਵਾਪਸ ਪਰਤ ਜਾਂਦੇ ਹਨ। ਅੰਮ੍ਰਿਤਸਰ ਸ਼ਹਿਰ ਅਤੇ ਇਸ ਦੇ ਆਸ-ਪਾਸ ਖੇਤਰਾਂ ’ਚ ਮੌਜੂਦ ਸਮਾਰਕਾਂ ’ਚ ਮੁਗ਼ਲ ਕਾਲ ਦੀਆਂ ਬਾਉਲ਼ੀਆਂ, ਹੜੱਪਾ ਕਾਲ ਦੇ ਥੇਹ, ਕਿਲ੍ਹੇ, ਹਵੇਲੀਆਂ, ਸੂਫ਼ੀ ਫ਼ਕੀਰਾਂ ਤੇ ਸੰਤਾਂ ਦੇ ਤੱਕੀਏ, ਮੰਦਰ, ਠਾਕਰਦੁਆਰੇ, ਸਿੱਖ ਰਾਜ ਸਮੇਂ ਸਾਧੂ ਸੰਤਾਂ ਦੇ ਨਿਵਾਸ ਲਈ ਬਣਾਈਆਂ ਬਗੀਚੀਆਂ, ਅਖਾੜੇ, ਮਸਜਿਦਾਂ, ਮੱਠ, ਰਾਜਪੂਤਾਨਾ ਛਤਰੀਆਂ, ਤਲਾਬ, ਬਾਗ, ਬਾਜ਼ਾਰ, ਸਮਾਧਾਂ, ਇਤਿਹਾਸਕ ਖੂਹ ਸਮੇਤ ਕਈ ਹੋਰ ਸਮਾਰਕ ਮੌਜੂਦ ਹਨ, ਜੋ ਸਹੀ ਸਾਂਭ-ਸੰਭਾਲ ਦੀ ਘਾਟ ਕਾਰਨ ਆਪਣੀ ਹੋਂਦ ਗੁਆਉਣ ਦੀ ਕਗਾਰ ‘ਤੇ ਹਨ। ਇਨ੍ਹਾਂ ’ਚੋਂ ਕਈ ਇਮਾਰਤਾਂ ਸਿੱਖ ਰਾਜ ਦੇ ਗੌਰਵਮਈ ਇਤਿਹਾਸ, ਬਹਾਦਰੀ ਅਤੇ ਭਵਨ ਨਿਰਮਾਣ ਕਲਾ ਦੀਆਂ ਅਦਭੁਤ ਮਿਸਾਲਾਂ ਹਨ, ਪਰ ਜਾਣਕਾਰੀ ਦੀ ਘਾਟ ਕਾਰਨ ਆਮ ਲੋਕ ਅਤੇ ਸੈਲਾਨੀ ਇਨ੍ਹਾਂ ਤੋਂ ਅਣਜਾਣ ਰਹਿੰਦੇ ਹਨ। ਪੰਜਾਬ ਅਤੇ ਕੇਂਦਰ ਸਰਕਾਰ ਦੇ ਉਕਤ ਵਿਭਾਗਾਂ ’ਚ ਸਭ ਤੋਂ ਵੱਡੀ ਘਾਟ ਇਹ ਹੈ ਕਿ ਸੂਬੇ ਦੇ ਵਿਰਾਸਤੀ ਸਮਾਰਕਾਂ ਦੀ ਨਵਉਸਾਰੀ ਤੇ ਸੁੰਦਰੀਕਰਨ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਕੋਲ ਇਨ੍ਹਾਂ ਵਿਰਾਸਤੀ ਸਮਾਰਕਾਂ ਦੇ ਸਹੇਜਣ, ਇਨ੍ਹਾਂ ਦੀ ਨਿਸ਼ਾਨਦੇਹੀ ਜਾਂ ਇਨ੍ਹਾਂ ਦੇ ਪ੍ਰਚਾਰ ਲਈ ਕੋਈ ਸਾਰਥਿਕ ਯੋਜਨਾ ਨਹੀਂ ਹੈ। ਵਿਰਾਸਤ ਪ੍ਰੇਮੀਆਂ ਨੇ ਸੁਝਾਅ ਦਿੱਤਾ ਹੈ ਕਿ 450 ਸਾਲਾ ਸਥਾਪਨਾ ਦਿਵਸ ਦੇ ਅਧਿਕਾਰਤ ਸਮਾਗਮਾਂ ਅਤੇ ਪ੍ਰਚਾਰ ਸਮਗਰੀ ’ਚ ਇਨ੍ਹਾਂ ਅਣਗੌਲੇ ਸਮਾਰਕਾਂ ਨੂੰ ਵਿਸ਼ੇਸ਼ ਤੌਰ ’ਤੇ ਸ਼ਾਮਲ ਕੀਤਾ ਜਾਵੇ। ਸਮਾਗਮਾਂ ਦੇ ਸੱਦਾ ਪੱਤਰਾਂ, ਬਰੋਸ਼ਰਾਂ ਅਤੇ ਸਰਕਾਰੀ ਇਸ਼ਤਿਹਾਰਾਂ ’ਚ ਇਹ ਲਿਖਿਆ ਜਾਣਾ ਚਾਹੀਦਾ ਹੈ ਕਿ ਸ਼ਹਿਰ ਵਾਸੀ ਅਤੇ ਬਾਹਰੋਂ ਆਉਣ ਵਾਲੇ ਸੈਲਾਨੀ ਇਨ੍ਹਾਂ ਇਤਿਹਾਸਿਕ ਥਾਵਾਂ ’ਤੇ ਜ਼ਰੂਰ ਪਹੁੰਚਣ ਅਤੇ ਗੁਰੂ ਨਗਰੀ ਦੇ ਡੂੰਘੇ ਇਤਿਹਾਸ ਤੋਂ ਜਾਣੂ ਹੋਣ। ਇਸ ਨਾਲ ਜਿੱਥੇ ਨੌਜਵਾਨ ਪੀੜ੍ਹੀ ਨੂੰ ਆਪਣੇ ਮਾਣਮੱਤੇ ਵਿਰਸੇ ਨਾਲ ਜੁੜਨ ਦਾ ਮੌਕਾ ਮਿਲੇਗਾ, ਉੱਥੇ ਹੀ ਸ਼ਹਿਰ ’ਚ ਵਿਰਾਸਤੀ ਸੈਰ-ਸਪਾਟੇ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਗਈ ਹੈ ਕਿ ਕਿਲ੍ਹਾ ਗੋਬਿੰਦਗੜ੍ਹ, ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ, ਬੁੰਗਾ ਰਾਮਗੜ੍ਹੀਆ, ਗੋਲਡਨ ਟੈਂਪਲ ਪਲਾਜ਼ਾ (ਗੋਲਡਨ ਟੈਂਪਲ ਵਿਆਖਿਆ ਕੇਂਦਰ), ਸਾਡਾ ਪਿੰਡ, ਪਾਰਟੀਸ਼ਨ ਮਿਊਜ਼ੀਅਮ, ਸ਼ਹਿਰ ਦੀ ਸੁਰੱਖਿਆ ਲਈ ਬਣਾਏ ਗਏ ਇਤਿਹਾਸਕ ਦਰਵਾਜ਼ਿਆਂ ’ਚੋਂ ਇੱਕੋ-ਇਕ ਬਾਕੀ ਬਚੇ ਦਰਵਾਜ਼ਾ ਰਾਮ ਬਾਗ਼ ਦੀ ਬਾਹਰੀ ਡਿਉੜੀ, ਪੁਲਿਸ ਮਿਊਜ਼ੀਅਮ, 40 ਖੂਹ ਰੋਜ਼ ਗਾਰਡਨ, ਬਿਜਲੀ ਸਪਲਾਈ ਪਲਾਟ ਪਿਕਨਿਕ ਸਪਾਟ, ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ ਦੇ ਪਿੰਡ ਧਨੋਏ ਕਲਾਂ ਦੇ ਪਾਸ ਮਾਧੋਪੁਰ ਵਲੋਂ ਲਾਹੌਰ ਨੂੰ ਜਾਂਦੀ ਨਹਿਰ ’ਤੇ ਬਣਵਾਈ ਆਲੀਸ਼ਾਨ ਬਾਰਾਂਦਰੀ, ਸ਼ਹਿਰ ਦੇ ਇਤਿਹਾਸਕ ਬਾਗ ਰਾਜਾ ਰੁਲੀਆ ਰਾਮ ਅਤੇ ਸਮਾਧਾਂ, ਤਲਾਬ ਸੁਖਦਿਆਲ, ਗਣੇਸ਼ ਦਾਸ ਦੀ ਛਤਰੀ, ਸਕੱਤਰੀ ਬਾਗ, ਟਕਸਾਲ, ਤਲਾਬ ਸਮਦ-ਜੂ ਕਸ਼ਮੀਰੀ, ਪੁਲ ਮੋਰਾਂ, ਸਰਹੱਦੀ ਪਿੰਡ ਵਣੀਏ ਕੇ ‘ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ 12 ਨੁੱਕਰੀਂ ਢਾਈ ਮੰਜ਼ਲਾਂ ਇਤਿਹਾਸਕ ਬੁਰਜ, ਮਹਾਰਾਜਾ ਦੇ ਸਹੁਰੇ ਪਰਿਵਾਰ ਨਾਲ ਸੰਬੰਧਿਤ ਕਿਲ੍ਹਾ ਕਰਮ ਸਿੰਘ ਛੀਨਾ, ਕਾਲਿਆਂਵਾਲੇ ਸਰਦਾਰਾਂ ਦੀਆਂ ਸਮਾਧਾਂ, ਰਾਜਾਸਾਂਸੀ ਦਾ ਇਤਿਹਾਸਕ ਤਲਾਬ, ਬਾਉਲੀਆਂ ਆਦਿ ਸਮਾਰਕਾਂ ਤੱਕ ਪਹੁੰਚਣ ਵਾਲੇ ਰਸਤਿਆਂ ਨੂੰ ਸਾਫ਼-ਸੁਥਰਾ ਬਣਾਇਆ ਜਾਵੇ, ਉੱਥੇ ਢੁਕਵੇਂ ਦਿਸ਼ਾ-ਨਿਰਦੇਸ਼ ਲਗਾਏ ਜਾਣ ਅਤੇ ਹਰੇਕ ਸਮਾਰਕ ਦੇ ਬਾਹਰ ਉਸ ਦੇ ਇਤਿਹਾਸ ਬਾਰੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ’ਚ ਜਾਣਕਾਰੀ ਦਰਜ ਕੀਤੀ ਜਾਵੇ। ਸਥਾਨਕ ਵਾਸੀਆਂ ਦਾ ਮੰਨਣਾ ਹੈ ਕਿ ਜੇਕਰ 450 ਸਾਲਾ ਸਥਾਪਨਾ ਦਿਵਸ ਦੇ ਇਸ ਇਤਿਹਾਸਿਕ ਮੌਕੇ ’ਤੇ ਇਨ੍ਹਾਂ ਵਿਰਾਸਤੀ ਥਾਵਾਂ ਦੀ ਸਾਰ ਲਈ ਜਾਵੇ, ਤਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਵੱਡਾ ਅਤੇ ਸੱਚਾ ਤੋਹਫ਼ਾ ਹੋਵੇਗਾ।
ਪਿਛਲੀ ਖ਼ਬਰ ਅਮਨਦੀਪ ਹਸਪਤਾਲ ਸਮੂਹ ਅਤੇ ਹਸਪਤਾਲ ਫਾਰ ਸਪੈਸ਼ਲ ਸਰਜਰੀ ਨਿਊਯਾਰਕ ਦਰਮਿਆਨ ‘ਆਰਥੋਪੈਡਿਕ ਨਵੀਨਤਾ ਦਾ ਭਵਿੱਖ’ ਵਿਸ਼ੇ ’ਤੇ ਕੀ... ਅਗਲੀ ਖ਼ਬਰ ਬੁੱਢਾ ਦਲ ਦੇ ਮੁਖੀ ਜਥੇਦਾਰ 96 ਕਰੋੜੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਗੁ: ਲੰਗਰ ਸਾਹਿਬ ਵਿਖੇ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।