ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)—ਸੀ.ਆਈ.ਏ.ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਕੀਤੀ ਕਾਰਵਾਈ ਦੌਰਾਨ 902 ਗ੍ਰਾਮ ਹੈਰੋਇਨ ਅਤੇ 200 ਰੁਪਏ ਦੀ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ ਗਿ੍ਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਸੀ.ਆਈ.ਏ.ਸਟਾਫ਼ ਦੇ ਏ.ਐੱਸ.ਆਈ. ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ.ਐੱਸ.ਪੀ. ਸੁਰਿੰਦਰ ਲਾਂਬਾ, ਐੱਸ.ਪੀ (ਡੀ) ਰਿਪੁਤਪਨ ਸਿੰਘ ਅਤੇ ਸੀ.ਆਈ.ਏ.ਸਟਾਫ਼ ਰੁਪਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਉਨ੍ਹਾਂ ਵਲੋਂ ਖਾਲੜਾ ਦੇ ਵੱਖ-ਵੱਖ ਪਿੰਡਾਂ ਵਿਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੁਖਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਡੱਲ ਜੋ ਪਾਕਿਸਤਾਨ ਤੋਂ ਹੈਰੋਇਨ ਡਰੋਨ ਰਾਹੀਂ ਮੰਗਵਾ ਕੇ ਤਸਕਰੀ ਕਰਦਾ ਹੈ ਅਤੇ ਇਲਾਕੇ ਵਿਚ ਘੁੰਮ ਰਿਹਾ ਹੈ ਤਾਂ ਤੁਰੰਤ ਉਨ੍ਹਾਂ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਗਿ੍ਰਫ਼ਤਾਰ ਕਰਕੇ ਉਸ ਪਾਸੋਂ 902 ਗ੍ਰਾਮ ਹੈਰੋਇਨ, ਇਕ ਮੋਬਾਈਲ ਫੋਨ ਅਤੇ 200 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਖਾਲੜਾ ਵਿਖੇ ਉਕਤ ਕਾਬੂ ਕੀਤੇ ਵਿਅਕਤੀ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ।