ਇਕ ਏਕੜ ਵਿਚ ਫ਼ੈਲਿਆ ਤਿੰਨ ਮੰਜ਼ਿਲਾ ਭਵਨ ਹੁਨਰ ਵਿਕਾਸ, ਸਿਖਲਾਈ, ਲਾਇਬ੍ਰੇਰੀ ਅਤੇ ਸਮਾਜਿਕ ਗਤੀਵਿਧੀਆਂ ਨੂੰ ਦੇਵੇਗਾ ਨਵਾਂ ਆਧਾਰ
ਤਰਨ ਤਾਰਨ, 29 ਅਕਤੂਬਰ (ਹਰਿੰਦਰ ਸਿੰਘ)-ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜਿਕ ਬਰਾਬਰੀ, ਸਮਾਜਿਕ ਨਿਆਂ ਅਤੇ ਵਾਂਝੇ ਵਰਗਾਂ ਦੇ ਸਸ਼ਕਤੀਕਰਨ ਲਈ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ।
ਡ
ਡਾ. ਬਲਜੀਤ ਕੌਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲੇ ਮੰਤਰੀ
30-10-2026
ਤਰਨ ਤਾਰਨ, 29 ਅਕਤੂਬਰ (ਹਰਿੰਦਰ ਸਿੰਘ)-ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜਿਕ ਬਰਾਬਰੀ, ਸਮਾਜਿਕ ਨਿਆਂ ਅਤੇ ਵਾਂਝੇ ਵਰਗਾਂ ਦੇ ਸਸ਼ਕਤੀਕਰਨ ਲਈ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਤਰਨ ਤਾਰਨ ਵਿਖੇ ਕਰੀਬ 5.94 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਅੰਬੇਦਕਰ ਭਵਨ ਹੁਣ ਉਸਾਰੀ ਦੇ ਅੰਤਿਮ ਪੜਾਅ ਵਿੱਚ ਪਹੁੰਚ ਗਿਆ ਹੈ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਕਰੀਬ ਇਕ ਏਕੜ ਰਕਬੇ ਵਿਚ ਬਣ ਰਿਹਾ ਇਹ ਤਿੰਨ ਮੰਜ਼ਿਲਾ ਅੰਬੇਦਕਰ ਭਵਨ ਲਗਪਗ 23120 ਵਰਗ ਫੁੱਟ ਕਵਰਡ ਏਰੀਏ ਵਿਚ ਫ਼ੈਲਿਆ ਹੋਇਆ ਹੈ। ਭਵਨ ਦੀ ਹੇਠਲੀ ਮੰਜਿਲ ’ਤੇ ਵੋਕੇਸ਼ਨਲ ਟ੍ਰੇਨਿੰਗ ਰੂਮ, ਟੀਚਰ ਰੂਮ, ਜ਼ਿਲ੍ਹਾ ਅਤੇ ਤਹਿਸੀਲ ਸਮਾਜਿਕ ਨਿਆਂ, ਅਧਿਕਾਰਤਾ ਅਫ਼ਸਰ ਦਾ ਦਫ਼ਤਰ ਅਤੇ ਵਿਸ਼ਾਲ ਮਲਟੀਪਰਪਜ਼ ਹਾਲ ਬਣਾਇਆ ਗਿਆ ਹੈ। ਪਹਿਲੀ ਮੰਜ਼ਿਲ ’ਤੇ ਕਾਨਫਰੰਸ ਹਾਲ, ਜ਼ਿਲ੍ਹਾ ਅਤੇ ਤਹਿਸੀਲ ਸਮਾਜਿਕ ਨਿਆਂ, ਅਧਿਕਾਰਤਾ ਅਫ਼ਸਰ ਦੇ ਦਫ਼ਤਰਾਂ ਸਮੇਤ ਸਟਾਫ਼ ਰੂਮ, ਪੈਂਟਰੀ ਅਤੇ ਸਟੋਰ ਰੂਮ ਹਨ, ਜਦਕਿ ਦੂਜੀ ਮੰਜ਼ਿਲ ’ਤੇ ਲਾਇਬ੍ਰੇਰੀ, ਰਿਕਾਰਡ ਰੂਮ, ਗੈਸਟ ਰੂਮ ਅਤੇ ਜ਼ਿਲ੍ਹਾ ਅਤੇ ਤਹਿਸੀਲ ਸਮਾਜਿਕ ਨਿਆਂ, ਅਧਿਕਾਰਤਾ ਅਫ਼ਸਰ ਦਾ ਦਫ਼ਤਰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਵਨ ਦੀ ਉਸਾਰੀ ਦਾ ਕਰੀਬ 95 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦਾ ਜਲਦ ਹੀ ਮੁਕੰਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਭਵਨ ਲੋਕਾਂ ਨੂੰ ਸਮਰਪਿਤ ਹੋਣ ਤੋਂ ਬਾਅਦ ਸਿਖਲਾਈ, ਹੁਨਰ ਵਿਕਾਸ, ਸੈਮੀਨਾਰਾਂ, ਸਮਾਜਿਕ ਜਾਗਰੂਕਤਾ ਪ੍ਰੋਗਰਾਮਾਂ, ਪੁਸਤਕ ਅਧਿਐਨ ਅਤੇ ਭਾਈਚਾਰਕ ਗਤੀਵਿਧੀਆਂ ਦਾ ਇਕ ਮਹੱਤਵਪੂਰਨ ਕੇਂਦਰ ਬਣੇਗਾ। ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਭਵਨ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਲੋਂ ਦਿੱਤੇ ਸਮਾਜਿਕ ਨਿਆਂ, ਬਰਾਬਰੀ, ਸਿੱਖਿਆ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇਕ ਸਸ਼ਕਤ ਕੇਂਦਰ ਸਾਬਿਤ ਹੋਵੇਗਾ। ਇਸ ਨਾਲ ਸਮਾਜਿਕ ਏਕਤਾ, ਜਾਗਰੂਕਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਲੋਕ-ਭਲਾਈ ਪ੍ਰੋਜੈਕਟਾਂ ਨੂੰ ਪਹਿਲ ਦੇ ਰਹੀ ਹੈ, ਜੋ ਸਮਾਜ ਦੇ ਹਰ ਵਰਗ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਇਕ ਸਮਾਵੇਸ਼ੀ, ਪ੍ਰਗਤੀਸ਼ੀਲ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਡਾ. ਬਲਜੀਤ ਕੌਰ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਸੁਪਨਿਆਂ ਨੂੰ ਸਾਕਾਰ ਕਰਨ, ਸਮਾਜਿਕ ਨਿਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕ-ਭਲਾਈ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।