17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨਗਰ ਨਿਗਮ ਦੇ ਜ਼ੋਨ ਏ. ’ਚ ਮੁਲਾਜ਼ਮਾਂ ਦਾ ਗੂੰਜਿਆ ਰੋਸ, ਹੱਕਾਂ ਲਈ ਉਠੀ ਬੁਲੰਦ ਆਵਾਜ਼

ਲੁਧਿਆਣਾ, 16 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਜ਼ੋਨ ਏ. ਮੁੱਖ ਦਫ਼ਤਰ ਵਿਖੇ ਸੰਘਰਸ਼ ਕਮੇਟੀ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈਕੇ ਰੋਸ ਰੈਲੀ ਕੀਤੀ ਗਈ।

ਅਜੀਤ ਡੈਸਕ 17-09-2026
ਲੁਧਿਆਣਾ, 16 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਜ਼ੋਨ ਏ. ਮੁੱਖ ਦਫ਼ਤਰ ਵਿਖੇ ਸੰਘਰਸ਼ ਕਮੇਟੀ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈਕੇ ਰੋਸ ਰੈਲੀ ਕੀਤੀ ਗਈ। ਅਸ਼ਵਨੀ ਸਹੋਤਾ, ਚੌਧਰੀ ਯਸ਼ਪਾਲ, ਜਸਦੇਵ ਸਿੰਘ ਸੇਖੋਂ ਦੀ ਅਗਵਾਈ ਹੇਠ ਹੋਈ, ਇਸ ਰੈਲੀ ਦੌਰਾਨ ਨਿੱਜੀ ਠੇਕਾ ਪ੍ਰਣਾਲੀ, ਤਨਖ਼ਾਹਾਂ ਦੀ ਅਦਾਇਗੀ ਅਤੇ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਸਮੇਤ ਕਈ ਮੁੱਦੇ ਚੁੱਕੇ ਗਏ। ਰੈਲੀ ਦੌਰਾਨ ਸੰਘਰਸ਼ ਕਮੇਟੀ ਨੇ ਨਗਰ ਨਿਗਮ ਵਲੋਂ ਸਫ਼ਾਈ ਅਤੇ ਠੋਸ ਕੂੜਾ ਪ੍ਰਬੰਧਨ ਨਾਲ ਸੰਬੰਧਿਤ ਕੰਮ ਨਿੱਜੀ ਕੰਪਨੀਆਂ ਨੂੰ ਦਿੱਤੇ ਜਾਣ ਦੀਆਂ ਤਜਵੀਜ਼ਾਂ ’ਤੇ ਇਤਰਾਜ਼ ਜਤਾਇਆ। ਕਮੇਟੀ ਆਗੂਆਂ ਵਲੋਂ ਕਿਹਾ ਗਿਆ ਕਿ ਜੇਕਰ ਇਹ ਕੰਮ ਨਿੱਜੀ ਹੱਥਾਂ ਵਿਚ ਜਾਂਦੇ ਹਨ ਤਾਂ ਮੌਜੂਦਾ ਮੁਲਾਜ਼ਮਾਂ ਦੇ ਰੋਜ਼ਗਾਰ ’ਤੇ ਅਸਰ ਪੈਣ ਦਾ ਖ਼ਦਸ਼ਾ ਹੈ। ਇਸ ਲਈ ਨਿਗਮ ਦੇ ਮੌਜੂਦਾ ਮੁਲਾਜ਼ਮਾਂ ਨੂੰ ਧਿਆਨ ਵਿਚ ਰੱਖਦਿਆਂ ਫ਼ੈਸਲੇ ਕਰਨ ਦੀ ਮੰਗ ਕੀਤੀ ਗਈ। ਮੰਗ ਪੱਤਰ ਵਿਚ 1148 ਕਰੋੜ ਰੁਪਏ ਦੇ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟ ਅਤੇ ਤਿੰਨ ਸਾਲਾਂ ਲਈ 150 ਕਰੋੜ ਰੁਪਏ ਦੇ ਸਫ਼ਾਈ ਕੰਮਾਂ ਦਾ ਹਵਾਲਾ ਦਿੰਦਿਆਂ ਨਿੱਜੀ ਠੇਕਿਆ ਦੀ ਥਾਂ ਨਿਗਮ ਦੇ ਆਪਣੇ ਮੁਲਾਜ਼ਮਾਂ ਰਾਹੀਂ ਸਫ਼ਾਈ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਮੰਗ ਰੱਖੀ ਗਈ। ਕਮੇਟੀ ਨੇ 2022 ਤੋਂ ਲਗਾਤਾਰ ਕੰਮ ਕਰ ਰਹੇ ਬਾਹਰੀ ਸਰੋਤਾਂ ਰਾਹੀਂ ਰੱਖੇ ਸਫ਼ਾਈ ਮੁਲਾਜ਼ਮਾਂ ਦੀ ਕਥਿਤ ਤੌਰ ‘ਤੇ ਬਕਾਇਆ ਤਨਖ਼ਾਹ ਜਲਦ ਜਾਰੀ ਕਰਨ ਦੀ ਮੰਗ ਵੀ ਕੀਤੀ। ਇਸਤੋਂ ਇਲਾਵਾ ਸਫ਼ਾਈ ਮੁਲਾਜ਼ਮਾਂ ਦੀ ਤਨਖ਼ਾਹ 20,500 ਰੁਪਏ ਕਰਨ ਸੰਬੰਧੀ ਸਰਕਾਰੀ ਪੱਤਰ ਲਾਗੂ ਕਰਨ ਅਤੇ ਲੰਬੇ ਸਮੇਂ ਤੋ ਕੰਮ ਕਰ ਹੇ ਯੋਗ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਗਈ। ਮੰਗਾਂ ’ਚ ਨਿਗਮ ਦੇ 456 ਮਾਲੀ ਬੇਲਦਾਰਾਂ, ਬੇਲਦਾਰਾਂ, ਡਰਾਈਵਰਾਂ ਦੀਆਂ ਸੇਵਾਵਾਂ ਪੱਕੀਆਂ ਕਰਨ, ਸਿਹਤ ਸ਼ਾਖਾ ਲਈ 190 ਅਤੇ ੳ.ਐਂਡ.ਐਮ. ਸ਼ਾਖਾ ਲਈ 95 ਸੈਨੇਟਰੀ ਨਿਗਰਾਨਾਂ ਦੀਆਂ ਅਸਾਮੀਆਂ ਪੈਦਾ ਕਰਨ, ਸ਼ਾਖਾਵਾਂ ਨੂੰ ਲੋੜੀਂਦੇ ਔਜ਼ਾਰ ਮੁਹੱਈਆ ਕਰਵਾਉਣ ਅਤੇ 26 ਵਾਰਡਾਂ ਵਿਚ ਸੀਵਰੇਜ ਦੇ ਕੰਮ ਸੰਬੰਧੀ ਵੀ ਮੰਗਾ ਰੱਖੀਆਂ ਗਈਆਂ। ਇਸਦੇ ਨਾਲ ਹੀ ਨਿਗਮ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਘੱਟੋ-ਘੱਟ 10 ਲੱਖ ਰੁਪਏ ਦਾ ਸਿਹਤ ਬੀਮਾ, ਈ.ਪੀ.ਐਫ. ਖਾਤਿਆਂ ਨੂੰ ਅੱਪਡੇਟ ਕਰਨ, ਗਰੈਚੁਟੀ ਲਾਗੂ ਕਰਨ ਅਤੇ ਹਰ ਮਹੀਨੇ ਦੀ 7 ਤਾਰੀਖ਼ ਤਕ ਤਨਖ਼ਾਹ ਬੈਂਕ ਖਾਤਿਆਂ ਵਿਚ ਪਾਉਣ ਦੀ ਮੰਗ ਵੀ ਮੰਗ-ਪੱਤਰ ਵਿਚ ਸ਼ਾਮਿਲ ਕੀਤੀ ਗਈ। ਰੈਲੀ ਤੋਂ ਬਾਅਦ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਵਿਜੇ ਮਾਨਵ, ਦੇਵ ਰਾਜ, ਵਰਿੰਦਰ ਸਵਾਮੀ, ਵਰਿੰਦਰ ਗਾਗਟ, ਸ਼ਿਵ ਸੋਨੀ, ਅਜੇ ਸਭਰਵਾਲ, ਕਨੌਜ ਦਾਨਵ, ਸੰਜੇ ਦਿਸਾਵਰ, ਨਰੇਸ਼ ਕੁਮਾਰ, ਰਮੇਸ਼ ਘਈ, ਲੱਕੀ ਸਹੋਤਾ, ਬੰਤ ਬਾਬਾ, ਚੰਦਨ ਆਂਚਲ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸ਼ਰਧਾ ਪੂਰਵਕ ਮਨਾਇਆ ਜਾਵੇਗਾ ਅਗਲੀ ਖ਼ਬਰ ਗਰੇਵਾਲ ਵਲੋਂ ਪਿੰਡ ਖ਼ਾਸੀ ਕਲਾਂ ਵਿਖੇ ਲਗਾਏ ਕੈਂਪ ’ਚ ਮਰੀਜ਼ਾਂ ਨੇ ਅੱਖਾਂ ਦੀ ਜਾਂਚ ਕਰਵਾਈ ਕੈਂਪ ’ਚ 1 ਹਜ਼ਾਰ ਤੋਂ ਵਧੇਰੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।