ਲੁਧਿਆਣਾ, 23 ਨਵੰਬਰ (ਅ. ਬ.)- ਸੀ. ਓ. ਪੀ. ਡੀ. ਅਵੇਯਰਨੈੱਸ ਮੰਥ ਦੇ ਮੌਕੇ ’ਤੇ ਫੋਰਟਿਸ ਹਸਪਤਾਲ, ਲੁਧਿਆਣਾ ਦੇ ਡਾਕਟਰਾਂ ਨੇ ਸਾਹ ਲੈਣ ਵਿਚ ਗੰਭੀਰ ਸਮੱਸਿਆ ਨਾਲ ਜੂਝ ਰਹੇ ਦੋ ਮਰੀਜ਼ਾਂ ਦੇ ਮਾਮਲਿਆਂ ਰਾਹੀਂ ਕ੍ਰੋਨਿਕ ਆਬਸਟ੍ਰਕਟਿਵ ਪਲਮਨਰੀ ਡਿਜ਼ੀਜ਼ (ਸੀ.ਓ.ਪੀ.ਡੀ.) ਪ੍ਰਤੀ ਜਾਗਰੂਕਤਾ ਵਧਾਈ। ਡਾਕਟਰਾਂ ਨੇ ਬਿਮਾਰੀ ਦੀ ਸਮੇਂ ਸਿਰ ਪਛਾਣ, ਸਿਗਰਟਨੋਸ਼ੀ ਛੱਡਣ ਅਤੇ ਸਮੇਂ ਸਿਰ ਡਾਕਟਰੀ ਦਖ਼ਲ ਦੇ ਮਹੱਤਵ ’ਤੇ ਜ਼ੋਰ ਦਿੱਤਾ। ਸੀ.ਓ.ਪੀ.ਡੀ. ਫੇਫੜਿਆਂ ਦੀ ਇੱਕ ਅਜਿਹੀ ਵਧਦੀ ਹੋਈ ਬਿਮਾਰੀ ਹੈ, ਜਿਸ ਵਿੱਚ ਸਾਹ ਦੀਆਂ ਨਾਲੀਆਂ ਸੁੰਗੜ ਜਾਂਦੀਆਂ ਹਨ ਅਤੇ ਹਵਾ ਦਾ ਵਹਾਅ ਰੁਕਣ ਕਾਰਨ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ। ਇਨ੍ਹਾਂ ਦੋਵਾਂ ਮਰੀਜ਼ਾਂ ਦਾ ਇਲਾਜ ਡਾ. ਸੁਸ਼ੀਲ ਗੁਪਤਾ, ਡਾਇਰੈਕਟਰ, ਪਲਮੋਨੋਲੋਜੀ ਅਤੇ ਕ੍ਰਿਟੀਕਲ ਕੇਅਰ ਵਿਭਾਗ, ਫੋਰਟਿਸ ਹਸਪਤਾਲ, ਲੁਧਿਆਣਾ ਅਤੇ ਐਸੋਸੀਏਟ ਕੰਸਲਟੈਂਟ ਡਾ. ਰਣਦੀਪ ਸਿੰਘ ਨੇ ਕੀਤਾ। ਫੋਰਟਿਸ ਹਸਪਤਾਲ ਲੁਧਿਆਣਾ ਦੇ ਪਲਮੋਨੋਲੋਜੀ ਤੇ ਕ੍ਰਿਟੀਕਲ ਕੇਅਰ ਵਿਭਾਗ ਦੇ ਐਸੋਸੀਏਟ ਕੰਸਲਟੈਂਟ ਡਾ. ਰਣਦੀਪ ਸਿੰਘ ਨੇ ਕਿਹਾ ਕਿ ਕਈ ਅੰਗਾਂ ਦੇ ਪ੍ਰਭਾਵਿਤ ਹੋਣ ਦੇ ਨਾਲ ਸਾਹ ਲੈਣ ਵਿੱਚ ਗੰਭੀਰ ਮੁਸ਼ਕਲਾਂ ਨਾਲ ਜੂਝ ਰਹੇ ਮਰੀਜ਼ ਦਾ ਇਲਾਜ ਕਰਨ ਲਈ ਵੱਖ-ਵੱਖ ਮਾਹਿਰਾਂ ਵਿਚਕਾਰ ਬਿਹਤਰ ਤਾਲਮੇਲ ਅਤੇ ਕੋਆਰਡੀਨੇਟਿਡ ਕ੍ਰਿਟੀਕਲ ਕੇਅਰ ਦੀ ਲੋੜ ਹੁੰਦੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡਾ. ਸੁਸ਼ੀਲ ਗੁਪਤਾ, ਡਾਇਰੈਕਟਰ, ਪਲਮੋਨੋਲੋਜੀ ਅਤੇ ਕ੍ਰਿਟੀਕਲ ਕੇਅਰ ਵਿਭਾਗ, ਫੋਰਟਿਸ ਹਸਪਤਾਲ, ਲੁਧਿਆਣਾ ਨੇ ਕਿਹਾ ਕਿ ਸਿਗਰਟਨੋਸ਼ੀ ਸੀਓਪੀਡੀ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੈ। ਸੀਓਪੀਡੀ ਜਾਂ ਛਾਤੀ ਨਾਲ ਸਬੰਧਤ ਕਿਸੇ ਵੀ ਬਿਮਾਰੀ ਤੋਂ ਪੀੜਤ ਵਿਅਕਤੀ ਲਈ ਸਿਗਰਟਨੋਸ਼ੀ ਛੱਡਣਾ ਪਹਿਲਾ ਕਦਮ ਹੈ। ਇਹ ਮਾਮਲਾ ਦੱਸਦਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਸੀਓਪੀਡੀ ਜਾਂ ਛਾਤੀ ਨਾਲ ਸਬੰਧਤ ਕੋਈ ਬਿਮਾਰੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਸਿਗਰਟਨੋਸ਼ੀ ਛੱਡਣੀ ਚਾਹੀਦੀ ਹੈ ਅਤੇ ਨਾਲ ਹੀ ਸਹੀ ਢੰਗ ਨਾਲ ਇਲਾਜ ਦੀ ਪਾਲਣਾ ਕਰਨੀ ਚਾਹੀਦੀ ਹੈ।