ਭਲਕੇ ਮਨਾਇਆ ਜਾਵੇਗਾ ਵਿਮੁਕਤ ਜਾਤੀ ਆਜ਼ਾਦੀ ਦਿਵਸ-ਬਰਖਾ ਰਾਮ
ਜ਼ੀਰਕਪੁਰ, 29 ਅਗਸਤ (ਮਨਿੰਦਰ ਸਿੰਘ)-ਵਿਮੁਕਤ ਜਾਤੀਆਂ ਦੇ ਇਤਿਹਾਸ, ਸੰਘਰਸ਼ ਤੇ ਮੌਜੂਦਾ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਭਲਕੇ 31 ਅਗਸਤ ਨੂੰ ਵਿਮੁਕਤ ਜਾਤੀ ਆਜ਼ਾਦੀ ਦਿਵਸ ਮਨਾਇਆ ਜਾਵੇਗਾ। ਇਹ ਜਾਣਕਾਰੀ ਵਿਮੁਕਤ ਜਾਤੀ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬਰਖਾ ਰਾਮ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਂਝੀ ਕੀਤੀ।
ਜ਼ੀਰਕਪੁਰ, 29 ਅਗਸਤ (ਮਨਿੰਦਰ ਸਿੰਘ)-ਵਿਮੁਕਤ ਜਾਤੀਆਂ ਦੇ ਇਤਿਹਾਸ, ਸੰਘਰਸ਼ ਤੇ ਮੌਜੂਦਾ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਭਲਕੇ 31 ਅਗਸਤ ਨੂੰ ਵਿਮੁਕਤ ਜਾਤੀ ਆਜ਼ਾਦੀ ਦਿਵਸ ਮਨਾਇਆ ਜਾਵੇਗਾ। ਇਹ ਜਾਣਕਾਰੀ ਵਿਮੁਕਤ ਜਾਤੀ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬਰਖਾ ਰਾਮ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਾਲ 1952 ‘ਚ 31 ਅਗਸਤ ਨੂੰ ਕ੍ਰਿਮੀਨਲ ਟਰਾਈਬ ਐਕਟ ਖ਼ਤਮ ਕਰਕੇ ਇਨ੍ਹਾਂ ਭਾਈਚਾਰਿਆਂ ਨੂੰ ਵਿਮੁਕਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸਮਾਜਿਕ-ਆਰਥਿਕ ਸਰਵੇਖਣ ‘ਚ ਵਿਮੁਕਤ ਜਾਤੀਆਂ ਲਈ ਵੱਖਰਾ ਕਾਲਮ ਰੱਖਣਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਸਰਕਾਰ ਅੱਗੇ ਵਿਮੁਕਤ ਜਾਤੀ ਸਰਟੀਫ਼ਿਕੇਟ ਜਾਰੀ ਕਰਨ, ਭੇਡਾਂ-ਬੱਕਰੀਆਂ ਦਾ ਬੀਮਾ ਤੇ ਨੁਕਸਾਨ ਦੀ ਸੂਰਤ ‘ਚ ਮੁਆਵਜ਼ਾ ਦੇਣ ਤੋਂ ਇਲਾਵਾ ਮੁਹਾਲੀ ਜਾਂ ਚੰਡੀਗੜ੍ਹ ‘ਚ ਗਡਰੀਆ ਸਮਾਜ ਲਈ ਭਵਨ ਵਾਸਤੇ ਜ਼ਮੀਨ ਤੇ ਫ਼ੰਡ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਉੱਨ ਦੀ ਖ਼ਰੀਦ ਲਈ ਢੁਕਵੀਂ ਮੰਡੀ ਨਾ ਹੋਣ ਕਾਰਨ ਭੇਡ ਪਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਪਾਣੀਪਤ ‘ਚ ਉੱਨ ਦੀ ਮੰਡੀ ਹੁੰਦੀ ਸੀ, ਜੋ ਕਿ ਹੁਣ ਬੰਦ ਹੋ ਚੁੱਕੀ ਹੈ। ਮੰਡੀ ਨਾ ਹੋਣ ਕਾਰਨ ਕਈ ਵਾਰ ਭੇਡ ਪਾਲਕ ਉੱਨ ਨੂੰ ਅੱਗ ਲਗਾ ਕੇ ਨਸ਼ਟ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਉਨ੍ਹਾਂ ਸਰਕਾਰ ਤੋਂ ਪੰਜਾਬ ‘ਚ ਉੱਨ ਦੀ ਖ਼ਰੀਦ ਲਈ ਮੰਡੀ ਜਾਂ ਸਰਕਾਰੀ ਖ਼ਰੀਦ ਪ੍ਰਣਾਲੀ ਸਥਾਪਿਤ ਕਰਨ ਦੀ ਮੰਗ ਕੀਤੀ। ਬਰਖਾ ਰਾਮ ਨੇ ਵਿਮੁਕਤ ਜਾਤੀਆਂ ਲਈ 2 ਫ਼ੀਸਦੀ ਰਾਖਵੇਂਕਰਨ ਦਾ ਮੁੱਦਾ ਵੀ ਸਰਕਾਰ ਦੇ ਧਿਆਨ ‘ਚ ਲਿਆਂਦੇ ਜਾਣ ਦੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ 31 ਅਗਸਤ ਦੇ ਸਮਾਗਮ ‘ਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਮੇਜਰ ਸਿੰਘ, ਸਰਪੰਚ ਰਿਸ਼ੀ ਪਾਲ, ਕੁਲਵਿੰਦਰ ਸਿੰਘ, ਮਲਕੀਤ ਸਿੰਘ, ਜਸਬੀਰ ਸਿੰਘ, ਰਣਧੀਰ ਸਿੰਘ, ਸ਼ੇਰ ਸਿੰਘ, ਸੁਖਵਿੰਦਰ ਸਿੰਘ, ਹੰਸ ਰਾਜ, ਸੁਰਿੰਦਰ ਸਿੰਘ, ਗੁਰਦੀਪ ਸਿੰਘ, ਲਖਬੀਰ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਮਨੀਸ਼ ਕੁਮਾਰ ਤੇ ਡਾ. ਮਨੀਸ਼ ਤੂਰ ਸਮੇਤ ਹੋਰ ਆਗੂ ਵੀ ਹਾਜ਼ਰ ਸਨ।