ਲਾਲੜੂ, 14 ਅਕਤੂਬਰ (ਰਾਜਬੀਰ ਸਿੰਘ)-ਭਾਜਪਾ ਓ. ਬੀ. ਸੀ. ਮੋਰਚਾ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਹਲਕਾ ਡੇਰਾਬੱਸੀ ਦੇ ਸੇਵਾਦਾਰ ਗੁਰਦਰਸ਼ਨ ਸਿੰਘ ਸੈਣੀ ਵਲੋਂ ਮਾਂ ਜਵਾਲਾ ਦੇ ਪਵਿੱਤਰ ਦਰਬਾਰ ਤੋਂ ਲਿਆਂਦੀ ਗਈ ਪਾਵਨ ਅਖੰਡ ਜੋਤ ਦੇ ਦਰਸ਼ਨ ਲਈ ਕੱਢੀ ਯਾਤਰਾ ਅੱਜ ਚੌਥੇ ਦਿਨ ਲਾਲੜੂ ਨੇੜਲੇ ਪਿੰਡ ਜੌਲਾ ਕਲਾਂ, ਜੌਲਾ ਖੁਰਦ, ਬਸੌਲੀ, ਹਮਾਯੂੰਪੁਰ, ਤਸਿੰਬਲੀ, ਹੰਡੇਸਰਾ, ਸਾਰੰਗਪੁਰ, ਅੰਟਾਲਾ, ਮਾਲਣ, ਜੋਧਗੜ੍ਹ, ਰਜਾਪੁਰ, ਖੇਲਣ, ਨਗਲਾ, ਸੀਂਹਪੁਰ, ਰਾਣੀ ਮਾਜਰਾ, ਬੜਾਣਾ, ਬਰਟਾਣਾ, ਛਛਰੌਲੀ, ਅੰਬਛਪਾ, ਜੰਡਲੀ, ਟਰੜਕ, ਝਵਾਂਸਾ ਅਤੇ ਭੁਖੜੀ ਸਮੇਤ ਵੱਖ-ਵੱਖ ਪਿੰਡਾਂ ਵਿਚ ਪਹੁੰਚੀ। ਰਾਤ ਦਾ ਠਹਿਰਾਅ ਪਿੰਡ ਭਾਗਸੀ ਵਿਖੇ ਹੋਵੇਗਾ । ਯਾਤਰਾ ਨਾਲ ਚੱਲ ਰਹੇ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਮਾਂ ਜਵਾਲਾ ਦੀ ਪਾਵਨ ਅਖੰਡ ਜੋਤ ਦੇ ਦਰਸ਼ਨ ਹਲਕੇ ਦੀਆਂ ਸੰਗਤਾਂ ਨੂੰ ਕਰਵਾਉਣਾ ਉਨ੍ਹਾਂ ਲਈ ਸੁਭਾਗ ਅਤੇ ਸੇਵਾ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ‘ਸਾਂਝ ਦੀ ਜੋਤ ਯਾਤਰਾ’ ਦਾ ਮੁੱਖ ਉਦੇਸ਼ ਧਾਰਮਿਕ ਆਸਥਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕਾਂ ਵਿਚ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਪ੍ਰਫੁੱਲਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਨਵਰਾਤਰਿਆਂ ਦਾ ਪਾਵਨ ਤਿਉਹਾਰ ਸਾਨੂੰ ਮਾਂ ਰਾਣੀ ਦੀ ਭਗਤੀ ਕਰਨ ਦੇ ਨਾਲ-ਨਾਲ ਸੇਵਾ, ਸਦਭਾਵਨਾ ਅਤੇ ਮਨੁੱਖਤਾ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਅਰਦਾਸ ਕੀਤੀ ਕਿ ਮਾਂ ਜਵਾਲਾ ਸਭਨਾਂ ’ਤੇ ਆਪਣੀ ਮਿਹਰ ਭਰਿਆ ਹੱਥ ਰੱਖਣ ਅਤੇ ਹਲਕੇ ਵਿਚ ਸੁੱਖ-ਸਾਂਤੀ, ਖੁਸ਼ਹਾਲੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਹਰਦੀਪ ਸਿੰਘ ਸੈਣੀ, ਜ਼ਿਲ੍ਹਾ ਓ. ਬੀ. ਸੀ. ਮੋਰਚਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ, ਪੁਸ਼ਪਿੰਦਰ ਮਹਿਤਾ, ਸਾਨੰਤ ਭਾਰਦਵਾਜ, ਗੁਰਮੀਤ ਟਿਵਾਣਾ ਸਮੇਤ ਵੱਡੀ ਗਿਣਤੀ ਚ ਪਤਵੰਤੇ ਮੌਜ਼ੂਦ ਸਨ।