29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਲਾਲ ਬੱਤੀ ‘ਤੇ ਖੜ੍ਹੀ ਕਾਰ ਨੂੰ ਪਿੱਛਿਓਂ ਮਾਰੀ ਸੀ ਟੱਕਰ

ਐੱਸ. ਏ.

ਬੱਚੀ ਕੁਦਰਤ ਕੌਰ ਦੀ ਪੁਰਾਣੀ ਤਸਵੀਰ। 29-10-2026
ਐੱਸ. ਏ. ਐੱਸ. ਨਗਰ, 28 ਅਕਤੂਬਰ (ਕਪਿਲ ਵਧਵਾ)-ਮੁਹਾਲੀ ਦੇ ਫੇਜ਼-7/8 ਦੇ ਲਾਈਟ ਪੁਆਇੰਟ ‘ਤੇ ਤੇਜ਼ ਰਫ਼ਤਾਰ ਕਾਰ ਵਲੋਂ ਪਿੱਛਿਓਂ ਟੱਕਰ ਮਾਰੇ ਜਾਣ ਕਾਰਨ ਕਰੀਬ 14 ਸਾਲਾ ਬੱਚੀ ਦੀ ਮੌਤ ਹੋਣ ਦੇ ਮਾਮਲੇ ਵਿਚ ਅਦਾਲਤ ਨੇ ਲਗਭਗ 7 ਸਾਲਾਂ ਬਾਅਦ ਚੰਡੀਗੜ੍ਹ ਦੇ ਰਹਿਣ ਵਾਲੇ ਸੰਜੀਵ ਕੁਮਾਰ ਨੂੰ 2 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ 5500 ਰੁ. ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਉਸ ਨੂੰ ਇਕ ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ। ਇਹ ਹਾਦਸਾ 11 ਦਸੰਬਰ 2019 ਦੀ ਰਾਤ ਨੂੰ ਕਰੀਬ 10.40 ਵਜੇ ਵਾਪਰਿਆ ਸੀ। ਗਗਨਪ੍ਰੀਤ ਸਿੰਘ ਆਪਣੀ ਧੀ ਕੁਦਰਤ ਨਾਲ ਵੀ. ਆਰ. ਪੰਜਾਬ ਮਾਲ ਤੋਂ ਘਰ ਪਰਤ ਰਹੇ ਸਨ। ਲਾਲ ਬੱਤੀ ਹੋਣ ਕਾਰਨ ਉਨ੍ਹਾਂ ਨੇ ਫੇਜ਼-7/8 ਦੇ ਲਾਈਟ ਪੁਆਇੰਟ ‘ਤੇ ਕਾਰ ਖੜ੍ਹੀ ਕੀਤੀ ਹੋਈ ਸੀ ਅਤੇ ਇਸੇ ਦੌਰਾਨ ਪਿੱਛਿਓਂ ਆਈ ਸੰਜੀਵ ਕੁਮਾਰ ਦੀ ਕਾਰ ਨੇ ਅਚਾਨਕ ਟੱਕਰ ਮਾਰ ਦਿੱਤੀ। ਹਾਦਸੇ ਵਿਚ ਪਿਓ-ਧੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਸੈਕਟਰ-71 ਸਥਿਤ ਆਈ. ਵੀ. ਵਾਈ. ਹਸਪਤਾਲ ਵਿਖੇ ਲਿਜਾਇਆ ਗਿਆ ਸੀ। ਇਲਾਜ ਦੌਰਾਨ ਅਗਲੇ ਦਿਨ ਕੁਦਰਤ ਕੌਰ ਦੀ ਮੌਤ ਹੋ ਗਈ ਸੀ। ਮਾਮਲੇ ਦੀ ਸੁਣਵਾਈ ਦੌਰਾਨ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਮੁਲਜ਼ਮ ਦੀ ਕਾਰ ਅਵਾਰਾ ਪਸ਼ੂ ਨਾਲ ਟਕਰਾਈ ਸੀ ਅਤੇ ਉਸ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਹਾਲਾਂਕਿ ਸਰਕਾਰੀ ਪੱਖ ਨੇ ਗਵਾਹਾਂ ਦੇ ਬਿਆਨਾਂ ਅਤੇ ਵਾਹਨਾਂ ਦੀ ਮਕੈਨੀਕਲ ਜਾਂਚ ਰਿਪੋਰਟ ਦੇ ਆਧਾਰ ‘ਤੇ ਮੁਲਜ਼ਮ ਦੀ ਲਾਪ੍ਰਵਾਹੀ ਸਾਬਿਤ ਕਰ ਦਿੱਤੀ। ਰਿਪੋਰਟ ਮੁਤਾਬਿਕ ਇਸ ਹਾਦਸੇ ‘ਚ ਮੁਲਜ਼ਮ ਦੀ ਈਟੀਓਸ ਕਾਰ ਦਾ ਅਗਲਾ ਹਿੱਸਾ ਅਤੇ ਪੀੜਤ ਦੀ ਸੈਂਟਰੋ ਕਾਰ ਦਾ ਪਿਛਲਾ ਹਿੱਸਾ ਨੁਕਸਾਨਿਆ ਗਿਆ ਸੀ। ਅਦਾਲਤ ਨੇ ਬਚਾਅ ਪੱਖ ਦੀ ਦਲੀਲ ਰੱਦ ਕਰਦਿਆਂ ਮੁਲਜ਼ਮ ਨੂੰ ਧਾਰਾ 304-ਏ, 279, 337 ਅਤੇ 338 ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਵੱਖ-ਵੱਖ ਧਾਰਾਵਾਂ ਤਹਿਤ ਸੁਣਾਈਆਂ ਸਜ਼ਾਵਾਂ ਇਕੱਠੀਆਂ ਚੱਲਣ ਦੇ ਹੁਕਮ ਵੀ ਦਿੱਤੇ ਹਨ।
ਪਿਛਲੀ ਖ਼ਬਰ ਵਾਲਮੀਕਿ ਜੈਅੰਤੀ ਨੂੰ ਸਮਰਿਪਤ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਰਾਸ਼ਟਰੀ ਸੰਗਠਨ ਮਹਾਮੰਤਰੀ ਬੀ. ਐਲ. ਸੰਤੋਸ਼ ਨੇ ਚੰਡੀਗੜ੍ਹ ਭਾਜਪਾ ਦੀ ਕੋਰ ਕਮੇਟੀ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।