ਹਰਿਆਣਾ ਵਿਧਾਨ ਸਭਾ ਸੰਵਿਧਾਨ ਪਖਵਾੜੇ ਤਹਿਤ ਕਰਵਾਇਆ ‘ਜਨਪ੍ਰਤੀਨਿਧੀ’ ਸੰਮੇਲਨ
ਚੰਡੀਗੜ੍ਹ/ ਪੰਚਕੂਲਾ, 2 ਨਵੰਬਰ (ਰਾਮ ਸਿੰਘ ਬਰਾੜ/ਕਪਿਲ )-ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਲੋਕਤੰਤਰ ਵਿਚ ਵਿਚਾਰਾਂ ਤੇ ਨਜ਼ਰੀਏ ਵਿਚ ਭਿੰਨਤਾ ਹੋ ਸਕਦੀ ਹੈ ਅਤੇ ਸਹਿਮਤੀ ਤੇ ਅਸਹਿਮਤੀ ਵੀ ਹੁੰਦੀ ਹੈ ਪਰ ਅਸਹਿਮਤੀ ਦਾ ਵੀ ਸਤਿਕਾਰ ਹੋਣਾ ਚਾਹੀਦਾ ਹੈ। ਅਸਹਿਮਤੀ ਦਿਸ਼ਾ ਦਿੰਦੀ ਹੈ, ਦਰਸ਼ਨ ਦਿੰਦੀ ਹੈ ਤੇ ਕੰਮ ਕਰਨ ਦੀ ਪ੍ਰੇਰਣਾ ਦਿੰਦੀ ਹੈ।
ਚੰਡੀਗੜ੍ਹ/ ਪੰਚਕੂਲਾ, 2 ਨਵੰਬਰ (ਰਾਮ ਸਿੰਘ ਬਰਾੜ/ਕਪਿਲ )-ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਲੋਕਤੰਤਰ ਵਿਚ ਵਿਚਾਰਾਂ ਤੇ ਨਜ਼ਰੀਏ ਵਿਚ ਭਿੰਨਤਾ ਹੋ ਸਕਦੀ ਹੈ ਅਤੇ ਸਹਿਮਤੀ ਤੇ ਅਸਹਿਮਤੀ ਵੀ ਹੁੰਦੀ ਹੈ ਪਰ ਅਸਹਿਮਤੀ ਦਾ ਵੀ ਸਤਿਕਾਰ ਹੋਣਾ ਚਾਹੀਦਾ ਹੈ। ਅਸਹਿਮਤੀ ਦਿਸ਼ਾ ਦਿੰਦੀ ਹੈ, ਦਰਸ਼ਨ ਦਿੰਦੀ ਹੈ ਤੇ ਕੰਮ ਕਰਨ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਹਿਮਤੀ-ਅਸਹਿਮਤੀ ਦੇ ਬਾਵਜੂਦ ਦੇਸ਼ ਅਤੇ ਪ੍ਰਦੇਸ਼ ਨੂੰ ਅੱਗੇ ਵਧਾਉਣ ਲਈ ਸਾਰਿਆਂ ਦੇ ਸਾਂਝੇ ਯਤਨ ਹੋਣ ਚਾਹੀਦੇ ਹਨ। ਸਪੀਕਰ ਓਮ ਬਿਰਲਾ ਸੋਮਵਾਰ ਨੂੰ ਇੰਦਰਧਨੁਸ਼ ਆਡੀਟੋਰੀਅਮ ਵਿਚ ਹਰਿਆਣਾ ਵਿਧਾਨ ਸਭਾ ਸੰਵਿਧਾਨ ਪਖਵਾੜੇ ਤਹਿਤ ਕਰਵਾਏ ਜਨਪ੍ਰਤੀਨਿਧੀ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ, ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ, ਵਿਧਾਨ ਸਭਾ ਦੇ ਉਪ ਸਪੀਕਰ ਡਾ. ਕ੍ਰਿਸ਼ਨ ਮਿੱਢਾ, ਸੰਸਦੀ ਮਾਮਲੇ ਮੰਤਰੀ ਮਹੀਪਾਲ ਢਾਂਡਾ ਸਮੇਤ ਮੰਤਰੀ ਅਤੇ ਵਿਧਾਇਕ ਮੌਜੂਦ ਸਨ। ਲੋਕ ਸਭਾ ਸਪੀਕਰ ਨੇ ਦੀਪ ਜਗਾ ਕੇ ਜਨਪ੍ਰਤੀਨਿਧੀ ਸੰਮੇਲਨ ਦਾ ਉਦਘਾਟਨ ਕੀਤਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਰਿਆਣਾ ਦੀ ਧਰਤੀ ਕਰਮ ਦੀ ਧਰਤੀ ਰਹੀ ਹੈ। ਭਗਵਾਨ ਸ੍ਰੀ ਕ੍ਰਿਸ਼ਨ ਦੀ ਧਰਤੀ ਨੇ ਭਗਵਦਗੀਤਾ ਰਾਹੀਂ ਕਰਮ ਦਾ ਸੰਦੇਸ਼ ਦਿੱਤਾ ਹੈ। ਇਸ ਕਰਮ ਦੀ ਧਰਤੀ ਦੇ ਕਿਸਾਨ, ਮਜ਼ਦੂਰ, ਨੌਜਵਾਨ, ਉਦਮੀ ਤੇ ਖਿਡਾਰੀ ਹਰ ਖੇਤਰ ਵਿਚ ਅੱਗੇ ਰਹੇ ਹਨ। ਉਨ੍ਹਾਂ ਕਿਹਾ ਕਿ 60 ਸਾਲਾਂ ਦੀ ਯਾਤਰਾ ਵਿੱਚ ਅਨੇਕਾਂ ਚੁਣੌਤੀਆਂ ਅਤੇ ਮੁਸ਼ਕਲਾਂ ਦੇ ਬਾਵਜੂਦ ਹਰਿਆਣਾ ਵਿਕਾਸ ਦੀ ਮੋਹਰੀ ਕਤਾਰ ਵਿਚ ਖੜ੍ਹਾ ਪ੍ਰਦੇਸ਼ ਹੈ ਅਤੇ ਇਹ ਸਭ ਸੰਵਿਧਾਨ ਕਾਰਨ ਹੀ ਸੰਭਵ ਹੋਇਆ ਹੈ। ਲੋਕ ਸਭਾ ਸਪੀਕਰ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਿਰਫ਼ ਸਾਡਾ ਹੀ ਨਹੀਂ, ਸਗੋਂ ਦੁਨੀਆ ਦੇ ਸਾਰੇ ਲੋਕਤੰਤਰਿਕ ਦੇਸ਼ਾਂ ਲਈ ਮਾਰਗਦਰਸ਼ਕ ਹੈ। ਸੰਵਿਧਾਨ ਨੇ ਸਾਡੀਆਂ ਲੋਕਤੰਤਰਿਕ ਪਰੰਪਰਾਵਾਂ ਨੂੰ ਅੱਗੇ ਵਧਾਇਆ। ਉਨ੍ਹਾਂ ਸੰਵਿਧਾਨ ਨਿਰਮਾਤਾਵਾਂ, ਖਰੜਾ ਕਮੇਟੀ ਦੇ ਚੇਅਰਮੈਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ ਅਤੇ ਹਰਿਆਣਾ-ਪੰਜਾਬ ਖੇਤਰ ਦੇ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਸੰਵਿਧਾਨ ਸਭਾ ਵਿਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਦੇ ਮੈਂਬਰਾਂ ਦੇ ਵਿਚਾਰਾਂ ਤੇ ਨਜ਼ਰੀਏ ਵਿਚ ਭਿੰਨਤਾ ਹੋ ਸਕਦੀ ਹੈ, ਪਰ ਸਾਂਝੇ ਯਤਨਾਂ ਨਾਲ ਪ੍ਰਦੇਸ਼ ਅਤੇ ਦੇਸ਼ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਹਮੇਸ਼ਾ ਰਹੀ ਹੈ।