ਐੱਸ. ਏ. ਐੱਸ. ਨਗਰ, 18 ਨਵੰਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਜਪਾ ਪਿਛਲੀਆਂ ਚੋਣਾਂ ਦੌਰਾਨ ਸਿਰਫ ਪੰਜਾਬ ਦੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਵਾਸਤੇ ਹੀ ਵੱਖ ਹੋਏ ਸਨ, ਪਰ ਇਨ੍ਹਾਂ ਦਾ ਅੰਦਰੂਨੀ ਗੱਠਜੋੜ ਕਦੇ ਵੀ ਨਹੀਂ ਸੀ ਟੁੱਟਿਆ। ਹੁਣ ਫੇਰ ਇਹ ਦੋਵੇਂ ਫਿਰਕਾਪ੍ਰਸਤ ਪਾਰਟੀਆਂ ਸੂਬੇ ਵਿਚ ਆਪਣੀ ਸਿਮਟਦੀ ਜਾ ਰਹੀ ਹੋਂਦ ਨੂੰ ਬਚਾਉਣ ਲਈ ਇਕੱਠੀਆਂ ਹੋਣ ਜਾ ਰਹੀਆਂ ਹਨ, ਪਰ ਸੂਝਵਾਨ ਪੰਜਾਬੀ ਤੇ ਅਣਖੀ ਕਿਸਾਨ ਅਕਾਲੀ ਦਲ ਤੇ ਭਾਜਪਾ ਗੱਠਜੋੜ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕਿਹਾ ਕਿ ਕੋਰੋਨਾ ਕਾਲ ਸਮੇਂ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਸ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬੀ ਕਿਸਾਨਾਂ ਤੇ ਮਜ਼ਦੂਰਾਂ ਦਾ ਘਾਣ ਕੀਤਾ ਸੀ, ਉਸ ਨੂੰ ਪੰਜਾਬ ਦੇ ਲੋਕ ਅੱਜ ਤੱਕ ਨਹੀਂ ਭੁੱਲੇ। ਲੋਕਾਂ ਨੂੰ ਇਹ ਗੱਲ ਵੀ ਭਲੀਭਾਂਤ ਪਤਾ ਹੈ ਕਿ ਉਸ ਸਮੇਂ ਅਕਾਲੀ ਦਲ ਨੇ ਭਾਜਪਾ ਦੀ ਖੁੱਲ੍ਹ ਕੇ ਪੁਸ਼ਤ - ਪਨਾਹੀ ਕੀਤੀ ਸੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਖ਼ਬਾਰਾਂ ਵਿਚ ਬਿਆਨ ਦੇ ਕੇ ਖ਼ੁਦ ਖੇਤੀ ਕਾਨੂੰਨਾਂ ਦੀ ਪ੍ਰੋੜਤਾ ਕੀਤੀ ਸੀ ਅਤੇ ਕਾਫੀ ਸਮੇਂ ਬਾਅਦ ਕਿਸਾਨਾਂ ਦੇ ਦਬਾਅ ਵਿਚ ਆ ਕੇ ਹੀ ਅਕਾਲੀਆਂ ਨੇ ਨਾ ਚਾਹੁੰਦੇ ਹੋਏ ਵੀ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਲਿਆ ਸੀ, ਪਰ ਇਨ੍ਹਾਂ ਦੋਵਾਂ ਪਾਰਟੀਆਂ ਦੀ ਅੰਦਰੂਨੀ ਸਾਂਝ ਕਦੇ ਵੀ ਖ਼ਤਮ ਨਹੀਂ ਹੋਈ ਸੀ। ਉਨ੍ਹਾਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਰਹੇ ਕਿਸਾਨਾਂ ਨੂੰ ਭਾਜਪਾ ਦੀ ਹਰਿਆਣਾ ਸਰਕਾਰ ਨੇ ਹੀ ਸ਼ੰਭੂ ਬੈਰੀਅਰ ਬੰਦ ਕਰਕੇ ਰੋਕਿਆ ਸੀ ਅਤੇ ਸਾਡੇ ਨੌਜਵਾਨ ਸ਼ੁਭਕਰਨ ਦੀ ਜਾਨ ਵੀ ਹਰਿਆਣਾ ਪੁਲਿਸ ਦੀ ਗੋਲੀ ਨਾਲ ਹੀ ਗਈ ਸੀ। ਇਸ ਤੋਂ ਇਲਾਵਾ ਹਜ਼ਾਰਾਂ ਹੀ ਨਿਰਦੋਸ਼ ਕਿਸਾਨਾਂ ਦੀ ਮੌਤ ਅੰਦੋਲਨ ਦੌਰਾਨ ਹੋਈ ਸੀ। ਉਨ੍ਹਾਂ ਕਿਹਾ ਕਿ ਅੱਜ ਭਾਜਪਾਈ ਆਪਣੇ ਆਪ ਨੂੰ ਪੰਜਾਬੀਆਂ ਦਾ ਹਮਾਇਤੀ ਦੱਸ ਕੇ ਅਕਾਲੀਆਂ ਨਾਲ ਗੱਠਜੋੜ ਕਰਨ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸੂਬੇ ਦੀ ਮੌਜੂਦਾ ਝਾੜੂ ਸਰਕਾਰ ਕੋਲੋਂ ਦੁੱਖੀ ਹੋਏ ਲੋਕ ਮੁੜ ਪੰਜਾਬ ਦੀ ਵਾਗਡੋਰ ਕਾਂਗਰਸ ਪਾਰਟੀ ਨੂੰ ਸੌਂਪਣਾ ਚਾਹੁੰਦੇ ਹਨ ਤਾਂ ਭਾਜਪਾ ਤੇ ਅਕਾਲੀ ਦਲ ਦੁਬਾਰਾ ਇਕੱਠੇ ਹੋ ਕੇ ਆਪਣੀ ਹੋਂਦ ਨੂੰ ਕਾਇਮ ਰੱਖਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦਾ ਸਮਰਥਨ ਅਸਿੱਧੇ ਤੌਰ ‘ਤੇ ਆਮ ਆਦਮੀ ਪਾਰਟੀ ਦਾ ਸਮਰਥਨ ਹੋਵੇਗਾ ਅਤੇ ਅਜਿਹੇ ਵਿਚ ਲੋਕਾਂ ਨੂੰ ਇਨ੍ਹਾਂ ਫਿਰਕਾਪ੍ਰਸਤ ਪਾਰਟੀਆਂ ਕੋਲੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ।