ਚੰਡੀਗੜ੍ਹ, 24 ਨਵੰਬਰ (ਕਪਿਲ ਵਧਵਾ)- ਪੀ.ਜੀ.ਆਈ ਚੰਡੀਗੜ੍ਹ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ 2 ਲੱਖ 50 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਮੌਲੀ ਜਾਗਰਾਂ ਦੀ ਪੁਲਿਸ ਨੇ ਮੁਕੇਸ਼ ਰਾਏ ਵਾਸੀ ਵਿਕਾਸ ਨਗਰ, ਮੌਲੀ ਜਾਗਰਾਂ ਦੀ ਸ਼ਿਕਾਇਤ ’ਤੇ ਕਮਲੇਸ਼ ਝਾਅ ਅਤੇ ਰਵੀ ਝਾਅ ਵਾਸੀ ਸਨੀ ਐਨਕਲੇਵ, ਖਰੜ, ਮੁਹਾਲੀ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 316(2) ਅਤੇ 318(4) ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਉਸ ਨੂੰ ਪੀ.ਜੀ.ਆਈ ਵਿਚ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਸੀ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਆਪਣੇ ਝਾਂਸੇ ਵਿਚ ਲੈਣ ਲਈ ਉਸਦੀ ਪੂਰੀ ਵਿੱਦਿਅਕ ਯੋਗਤਾ ਅਤੇ ਤਜਰਬੇ ਆਦਿ ਬਾਰੇ ਸਵਾਲ ਜਵਾਬ ਕੀਤੇ ਅਤੇ ਬਾਅਦ ਵਿਚ ਉਸਨੂੰ ਯਕੀਨ ਦਵਾਇਆ ਕਿ ਉਸਨੂੰ ਨੌਕਰੀ ਜ਼ਰੂਰ ਦਵਾਈ ਜਾਵੇਗੀ। ਇਸ ਬਹਾਨੇ ਉਨ੍ਹਾਂ ਨੇ ਉਸ ਤੋਂ 2.50 ਲੱਖ ਰੁਪਏ ਅਤੇ ਅਹਿਮ ਦਸਤਾਵੇਜ਼ ਹਾਸਲ ਕਰ ਲਏ, ਪਰ ਪੈਸੇ ਅਤੇ ਦਸਤਾਵੇਜ਼ ਲੈਣ ਦੇ ਬਾਵਜੂਦ ਮੁਲਜ਼ਮਾਂ ਨੇ ਨਾ ਤਾਂ ਉਸ ਨੂੰ ਨੌਕਰੀ ਦਿਵਾਈ ਅਤੇ ਨਾ ਹੀ ਉਸ ਦੀ ਰਕਮ ਵਾਪਸ ਕੀਤੀ। ਇਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।