28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਦਿਨੇਸ਼ ਚੱਢਾ ਨਾਲ ਸੰਬੰਧਿਤ ਵੀਡੀਓਜ਼ ਦੇ ਹਵਾਲੇ ਨਾਲ ਲਾਲਪੁਰਾ ਨੇ ਚੁੱਕੇ ਸਵਾਲ

ਰੂਪਨਗਰ, 27 ਅਕਤੂਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਰੂਪਨਗਰ ਜ਼ਿਲ੍ਹੇ ਵਿਚ ਕਥਿਤ ਗੈਰਕਾਨੂੰਨੀ ਮਾਈਨਿੰਗ ਅਤੇ ਵਸੂਲੀ ਦੇ ਮਾਮਲੇ ਦੀ ਈ. ਡੀ.

ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਜ਼ਿਲ੍ਹਾ ਪ੍ਰਧਾਨ ਭਾਜਪਾ ਅਜੇਵੀਰ ਸਿੰਘ ਲਾਲਪੁਰਾ ਅਤੇ ਹੋਰ। 28-10-2026

ਰੂਪਨਗਰ, 27 ਅਕਤੂਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਰੂਪਨਗਰ ਜ਼ਿਲ੍ਹੇ ਵਿਚ ਕਥਿਤ ਗੈਰਕਾਨੂੰਨੀ ਮਾਈਨਿੰਗ ਅਤੇ ਵਸੂਲੀ ਦੇ ਮਾਮਲੇ ਦੀ ਈ.ਡੀ. ਤੋਂ ਜਾਂਚ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖਿਆ ਹੈ। ਭਾਜਪਾ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਵਿਧਾਇਕ ਦਿਨੇਸ਼ ਚੱਢਾ ਨਾਲ ਸਬੰਧਤ ਦਾਅਵਿਆਂ ਵਾਲੀਆਂ ਤਿੰਨ ਵੀਡੀਓ ਕਲਿੱਪਾਂ ਦਾ ਹਵਾਲਾ ਦਿੰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ। ਲਾਲਪੁਰਾ ਨੇ ਕਿਹਾ ਕਿ ਨੂਰਪੁਰ ਬੇਦੀ ਇਲਾਕੇ ਦੇ ਕਾਲੂ ਸੈਦਪੁਰ ਨਾਮਕ ਵਿਅਕਤੀ ਵਲੋਂ ਜਾਰੀ ਵੀਡੀਓਜ਼ ਵਿਚ ਪੁਲਿਸ ਵਲੋਂ ਕਥਿਤ ਦਬਾਅ ਬਣਾਉਣ, ਨਾਜਾਇਜ਼ ਪਰਚਿਆਂ ਅਤੇ ਚੋਣਾਂ ਲਈ ਅਗਾਊਂ ਪੈਸਿਆਂ ਦੀ ਮੰਗ ਸਬੰਧੀ ਦਾਅਵੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਦਿਨੇਸ਼ ਚੱਢਾ ਵਿਰੁੱਧ ਲਗਾਏ ਦੋਸ਼ ਝੂਠੇ ਹਨ ਤਾਂ ਉਹ ਵੀਡੀਓ ਬਣਾਉਣ ਵਾਲੇ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਵਾਉਣ। ਗੈਰਕਾਨੂੰਨੀ ਮਾਈਨਿੰਗ ਬਾਰੇ ਲਾਲਪੁਰਾ ਨੇ ਦਾਅਵਾ ਕੀਤਾ ਕਿ ਸੈਦਪੁਰ, ਅਗੰਮਪੁਰ, ਐਲਗਰਾਂ ਅਤੇ ਪਲਾਟਾ ਜ਼ੋਨਾਂ ਵਿਚ ਇਹ ਗਤੀਵਿਧੀ ਜਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਕਰਸ਼ਰਾਂ ਤੋਂ ਸੱਤ ਲੱਖ ਰੁਪਏ ਅਤੇ ਸਕ੍ਰੀਨਿੰਗ ਪਲਾਂਟਾਂ ਤੋਂ ਸਾਢੇ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਕਥਿਤ ਵਸੂਲੀ ਕੀਤੇ ਜਾਣ ਦੀ ਜਾਣਕਾਰੀ ਉਨ੍ਹਾਂ ਦੇ ਧਿਆਨ ਵਿਚ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਈਨਿੰਗ ਵਿਚ ਸਰਕਾਰੀ ਅਧਿਕਾਰੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਨ੍ਹਾਂ ਦੇ ਨਾਂ ਵੀ ਜਨਤਕ ਕੀਤੇ ਜਾਣਗੇ। ਲਾਲਪੁਰਾ ਨੇ ਦੱਸਿਆ ਕਿ ਉਨ੍ਹਾਂ ਨੇ 2025 ਵਿਚ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਬਾਅਦ ਵਿਚ ਤਤਕਾਲੀ ਮੁੱਖ ਸਕੱਤਰ, ਪੰਜਾਬ ਦੇ ਰਾਜਪਾਲ, ਕੇਂਦਰੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਵੀ ਮਾਮਲੇ ਬਾਰੇ ਜਾਣੂ ਕਰਵਾਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਤਿੰਨ ਮਾਰਚ ਨੂੰ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਪੰਜਾਬ ਸਰਕਾਰ ਨੂੰ ਜਾਂਚ ਸਬੰਧੀ ਪੱਤਰ ਭੇਜਿਆ ਗਿਆ ਸੀ। ਹੁਣ ਉਨ੍ਹਾਂ ਨੇ ਮਾਈਨਿੰਗ ਨਾਲ ਜੁੜੇ ਵਿੱਤੀ ਲੈਣ-ਦੇਣ ਅਤੇ ਕਥਿਤ ਵਸੂਲੀ ਦੀ ਈ.ਡੀ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਵੀਡੀਓ ਬਣਾਉਣ ਵਾਲੇ ਵਿਅਕਤੀ ਦੇ ਮਾਈਨਿੰਗ ਕਾਰੋਬਾਰ ਨਾਲ ਜੁੜੇ ਹੋਣ ਅਤੇ ਕੁਝ ਸਿਆਸੀ ਆਗੂਆਂ ਨਾਲ ਨੇੜਲੇ ਸਬੰਧ ਹੋਣ ਸਬੰਧੀ ਵੀ ਦਾਅਵੇ ਕੀਤੇ ਜਾ ਰਹੇ ਹਨ। ਇਸ ਸਬੰਧੀ ਵੀਡੀਓਜ਼ ਅਤੇ ਲਗਾਏ ਗਏ ਦੋਸ਼ਾਂ ਦੀ ਵੀ ਕੋਈ ਸੁਤੰਤਰ ਪੁਸ਼ਟੀ ਨਹੀਂ ਹੋਈ, ਪਰ ਇਸ ਦੌਰਾਨ ਵਿਧਾਇਕ ਦਿਨੇਸ਼ ਚੱਢਾ ਨੇ ਬਿਕਰਮ ਸਿੰਘ ਮਜੀਠੀਆ ਵਲੋਂ ਆਪਣੀ ਜਾਇਦਾਦ ਸਬੰਧੀ ਲਗਾਏ ਦੋਸ਼ਾਂ ਦੇ ਜਵਾਬ ਵਿਚ ਹਲਫ਼ਨਾਮਾ ਜਾਰੀ ਕਰਕੇ ਆਪਣੀ ਜਾਇਦਾਦ ਮਜੀਠੀਆ ਦੇ ਨਾਂ ਕਰਨ ਦੀ ਪੇਸ਼ਕਸ਼ ਕੀਤੀ ਅਤੇ ਕੇਂਦਰੀ ਜਾਂਚ ਏਜੰਸੀਆਂ ਤੋਂ ਜਾਂਚ ਕਰਵਾਉਣ ਦੀ ਚੁਣੌਤੀ ਦਿੱਤੀ। ਇਸ ਮੌਕੇ ਰੂਪਨਗਰ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਜ਼ਿਲ੍ਹਾ ਜਨਰਲ ਸਕੱਤਰ ਰਮਨ ਜਿੰਦਲ, ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਓਂਕਾਰ ਅਬਿਆਣਾ, ਸੁਰਿੰਦਰਪਾਲ ਸੇਠੀ ਪੀ.ਏ. ਅਤੇ ਗੁਰਕੀਰਤ ਸਿੰਘ ਪੀ.ਏ. ਸਮੇਤ ਹੋਰ ਆਗੂ ਮੌਜੂਦ ਸਨ।

ਪਿਛਲੀ ਖ਼ਬਰ ਊਨਾ ਵਿਚ 220 ਮੈਗਾਵਾਟ ਬਿਜਲੀ ਉਤਪਾਦਨ ਦਾ ਟੀਚਾ , ਸੂਰਜੀ ਊਰਜਾ ਦੇ ਖੇਤਰ ਵਿਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਜ਼ਿਲ੍ਹਾ -... ਅਗਲੀ ਖ਼ਬਰ ਜ਼ਿਲ੍ਹੇ ’ ਚ ਸੈਰ - ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਜਾਵੇਗਾ ‘ ਰਿਵਰ ਫੈਸਟੀਵਲ ’ ਅਤੇ ‘ ਪੰਜਾਬ ਸਖੀ ਸ਼ਕਤੀ ਮੇਲਾ ’...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।