04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਾਸ਼ ਹੰਸਰਾਜ ਯਾਦਗਾਰ ਨਾਲ ਛੇੜਛਾੜ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ

ਜੈਤੋ, 2 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 5 ਅਕਤੂਬਰ ਨੂੰ ਡੀ. ਸੀ.

ਪਿੰਡ ਢੈਪਈ ਵਿਖੇ ਕਿਸਾਨ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ। ਤਸਵੀਰ : ਗੁਰਮੀਤਪਾਲ ਰੋੜੀਕਪੂਰਾ 03-10-2026
ਜੈਤੋ, 2 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 5 ਅਕਤੂਬਰ ਨੂੰ ਡੀ.ਸੀ. ਦਫ਼ਤਰਾਂ ਦੇ ਘਿਰਾਓ ਸਬੰਧੀ ਤਿਆਰੀਆਂ ਵਜੋਂ ਬਲਾਕ ਜੈਤੋ ਦੇ ਪਿੰਡ ਢੈਪਈ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਜ਼ਿਲ੍ਹਾ ਜਨਰਲ ਸਕੱਤਰ ਨੱਥਾ ਸਿੰਘ ਰੋੜੀਕਪੂਰਾ ਨੇ ਕੀਤੀ, ਜਦਕਿ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਮੱਤਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਕਿਸਾਨੀ ਨਾਲ ਸਬੰਧਿਤ ਵੱਖ-ਵੱਖ ਭਖਦੇ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ 5 ਅਕਤੂਬਰ ਨੂੰ ਡੀ.ਸੀ. ਦਫ਼ਤਰਾਂ ਦੇ ਘਿਰਾਓ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਵਿਚ ਬੀਬੀਆਂ-ਭੈਣਾਂ ਸਮੇਤ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਪਿਛਲੇ ਦਿਨੀਂ ਇਕਾਈ ਪ੍ਰਧਾਨ ਹਰਨੇਕ ਸਿੰਘ ਦੇ ਦਿਹਾਂਤ ਕਾਰਨ ਪੈਦਾ ਹੋਈ ਖ਼ਾਲੀ ਥਾਂ ਦੀ ਪੂਰਤੀ ਲਈ ਗੁਰਚਰਨ ਸਿੰਘ ਢੈਪਈ ਨੂੰ ਸਰਬਸੰਮਤੀ ਨਾਲ ਇਕਾਈ ਪ੍ਰਧਾਨ ਚੁਣਿਆਂ ਗਿਆ। ਮੀਟਿੰਗ ਵਿਚ ਲੋਕ ਪੱਖੀ ਕਵੀ ਅਵਤਾਰ ਪਾਸ਼ ਦੇ ਪਿੰਡ ਤਲਵੰਡੀ ਸਲੇਮ ਵਿਖੇ ਸਥਿਤ ਪਾਸ਼ ਹੰਸਰਾਜ ਯਾਦਗਾਰ ਨਾਲ ਕਥਿਤ ਛੇੜਛਾੜ ਅਤੇ ਕਬਜ਼ੇ ਦੀ ਕੋਸ਼ਿਸ਼ ਦੇ ਮਾਮਲੇ ’ਤੇ ਵੀ ਵਿਚਾਰ-ਚਰਚਾ ਕੀਤੀ ਗਈ। ਜਥੇਬੰਦੀ ਵਲੋਂ ਦੋਸ਼ ਲਾਇਆ ਗਿਆ ਕਿ ਪਾਸ਼ ਦੇ ਜਨਮ ਦਿਹਾੜੇ ਦੀਆਂ ਤਿਆਰੀਆਂ ਕਰ ਰਹੇ ਆਗੂਆਂ ਨਾਲ ਕਥਿਤ ਤੌਰ ’ਤੇ ਕੁੱਟਮਾਰ, ਗਾਲੀ-ਗਲੋਚ ਅਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ। ਇਸ ਮਾਮਲੇ ਵਿਚ ਪਿੰਡ ਦੇ ਸਰਪੰਚ ਪ੍ਰਦੀਪ ਅਤੇ ਹੋਰਨਾਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਮੀਟਿੰਗ ਦੌਰਾਨ ਨਿਖੇਧੀ ਮਤਾ ਪਾਸ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸਿਆਸੀ ਸ਼ਹਿ ਕਾਰਨ ਮਾਮਲੇ ਵਿਚ ਅਜੇ ਤੱਕ ਬਣਦੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਪਾਸ਼ ਹੰਸਰਾਜ ਯਾਦਗਾਰ ਨਾਲ ਛੇੜਛਾੜ ਕਰਨ ਅਤੇ ਕਥਿਤ ਤੌਰ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿਚ ਸਮੂਹ ਬੁੱਧੀਜੀਵੀਆਂ, ਕਲਮਕਾਰਾਂ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਇਸ ਮਾਮਲੇ ਵਿਚ ਕਾਰਵਾਈ ਕਰਵਾਉਣ ਲਈ ਉਲੀਕੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦਾ ਅਹਿਦ ਵੀ ਲਿਆ ਗਿਆ।
ਪਿਛਲੀ ਖ਼ਬਰ ਠਾਕੁਰ ਮੁਹੱਲੇ ’ਚ ਸੀਵਰੇਜ ਦਾ ਪਾਣੀ ਓਵਰਫ਼ਲੋ ਹੋ ਕੇ ਗਲੀਆਂ ਵਿਚ ਭਰਿਆ ਅਗਲੀ ਖ਼ਬਰ ਸੰਤ ਬਾਬਾ ਸੇਵਾ ਸਿੰਘ ਦੀ ਮਿੱਠੀ ਯਾਦ ’ਚ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।