ਪੰਜਾਬੀ ’ਵਰਸਿਟੀ ਨੇ ਹਿਮਾਚਲ ਦੇ ਅੰਧਰੇਟਾ ਵਿਖੇ ਨੋਰਾ ਰਿਚਰਡਜ਼ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ
ਪਟਿਆਲਾ, 31 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਲੋਂ ਨਾਟਕ ਦੀ ਨਕੜਦਾਦੀ ਵਜੋਂ ਜਾਣੀ ਜਾਂਦੀ ਸ਼ਖ਼ਸੀਅਤ ਨੋਰ੍ਹਾ ਰਿਚਰਡਜ਼ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਨੇੜੇ ਸਥਿਤ ਪਿੰਡ ਅੰਧਰੇਟਾ ਵਿਖੇ ਨੋਰ੍ਹਾ ਰਿਚਰਡਜ਼ ਦੇ ਪੁਰਾਣੇ ਘਰ, ਜੋ ਕਿ ਹੁਣ ਪੰਜਾਬੀ ਯੂਨੀਵਰਸਿਟੀ ਦੀ ਜਾਇਦਾਦ ਹੈ, ਵਿਖੇ ਕਰਵਾਇਆ ਗਿਆ।
ਪਟਿਆਲਾ, 31 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਲੋਂ ਨਾਟਕ ਦੀ ਨਕੜਦਾਦੀ ਵਜੋਂ ਜਾਣੀ ਜਾਂਦੀ ਸ਼ਖ਼ਸੀਅਤ ਨੋਰ੍ਹਾ ਰਿਚਰਡਜ਼ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਨੇੜੇ ਸਥਿਤ ਪਿੰਡ ਅੰਧਰੇਟਾ ਵਿਖੇ ਨੋਰ੍ਹਾ ਰਿਚਰਡਜ਼ ਦੇ ਪੁਰਾਣੇ ਘਰ, ਜੋ ਕਿ ਹੁਣ ਪੰਜਾਬੀ ਯੂਨੀਵਰਸਿਟੀ ਦੀ ਜਾਇਦਾਦ ਹੈ, ਵਿਖੇ ਕਰਵਾਇਆ ਗਿਆ। ਯੁਵਕ ਭਲਾਈ ਵਿਭਾਗ ਵਲੋਂ ਕਰਵਾਏ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਨੋਰ੍ਹਾ ਰਿਚਰਡਜ਼ ਨੇ ਆਪਣੀ ਸਾਰੀ ਜ਼ਿੰਦਗੀ ਕਲਾ, ਸੱਭਿਆਚਾਰ ਅਤੇ ਰੰਗਮੰਚ ਦੀ ਸੇਵਾ ਨੂੰ ਸਮਰਪਿਤ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅੰਧਰੇਟਾ ਵਿਖੇ ਸਥਿਤ ਨੋਰ੍ਹਾ ਰਿਚਰਡਜ਼ ਦਾ ਇਹ ਘਰ ਕੇਵਲ ਇਕ ਇਮਾਰਤ ਨਹੀਂ, ਸਗੋਂ ਸਾਡੇ ਅਮੀਰ ਵਿਰਸੇ ਦਾ ਅਜਿਹਾ ਪਵਿੱਤਰ ਅਸਥਾਨ ਹੈ, ਜਿਸ ਨੂੰ ਸੰਭਾਲ ਕੇ ਰੱਖਣਾ ਪੰਜਾਬੀ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਇਸ ਇਤਿਹਾਸਕ ਵਿਰਸੇ ਨੂੰ ਹੋਰ ਸੰਭਾਲਿਆ ਜਾਵੇਗਾ ਅਤੇ ਇੱਥੇ ਨੌਜਵਾਨ ਕਲਾਕਾਰਾਂ ਅਤੇ ਰੰਗਮੰਚ ਪ੍ਰੇਮੀਆਂ ਲਈ ਵਿਸ਼ੇਸ਼ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਨੋਰ੍ਹਾ ਰਿਚਰਡਜ਼ ਦੀ ਵਿਚਾਰਧਾਰਾ ਅਤੇ ਕਲਾ ਪ੍ਰਤੀ ਉਨ੍ਹਾਂ ਦਾ ਸਮਰਪਣ ਹਮੇਸ਼ਾ ਜੀਵਤ ਰਹਿ ਸਕੇ। ਉਨ੍ਹਾਂ ਇਸ ਜਗ੍ਹਾ ‘ਤੇ ਸਥਿਤ ਨੋਰ੍ਹਾ ਰਿਚਰਡਜ਼ ਦੀ ਸਮਾਧ ਉੱਤੇ ਸ਼ਰਧਾ ਅਤੇ ਸਤਿਕਾਰ ਵਜੋਂ ਫੁੱਲ ਮਾਲਾ ਭੇਂਟ ਕੀਤੀ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵਲੋਂ ਪ੍ਰਕਾਸ਼ਿਤ ਨੋਰ੍ਹਾ ਰਿਚਰਡਜ਼ ਦੀ ਜ਼ਿੰਦਗੀ ਨਾਲ ਸੰਬੰਧਿਤ ਰਚਨਾਵਾਂ, ਜਿਨ੍ਹਾਂ ਨੂੰ ਕਿ ਉੱਘੇ ਰੰਗਕਰਮੀ ਕੇਵਲ ਧਾਲੀਵਾਲ ਵਲੋਂ ਪੁਸਤਕ ਰੂਪ ਵਿਚ ਤਿਆਰ ਕੀਤਾ ਗਿਆ ਹੈ, ਨੂੰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਉੱਘੇ ਚਿੱਤਰਕਾਰ ਸੋਭਾ ਸਿੰਘ ਦੇ ਦੋਹਤੇ ਹਿਰਦੇਪਾਲ ਸਿੰਘ ਵਲੋਂ ਨੋਰ੍ਹਾ ਰਿਚਰਡਜ਼ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਤਹਿਤ ਸਾਰਥਕ ਰੰਗਮੰਚ ਪਟਿਆਲਾ ਵਲੋਂ ਦੋ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਅੰਧਰੇਟਾ ਪਿੰਡ ਦੇ ਸਰਪੰਚ ਸਮੇਤ ਆਮ ਨਾਗਰਿਕ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰ ਰਹੇ ਹਨ।