ਰਾਜਪੁਰਾ, 1 ਨਵੰਬਰ (ਜੀ.ਪੀ. ਸਿੰਘ)-ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਅੰਗਹੀਣ ਵਿਅਕਤੀਆਂ ਨੂੰ ਬਣਦੇ ਲਾਭ ਦੇਣ ਦੇ ਲਈ ਕੀਤੇ ਜਾਂਦੇ ਵੱਡੇ-ਵੱਡੇ ਦਾਅਵੇ ਸਿਰਫ਼ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਕੇ ਰਹਿ ਗਏ ਹਨ ਕਿਉਂਕਿ ਹਲਕਾ ਰਾਜਪੁਰਾ ਦਾ ਇਕ ਬਜ਼ੁਰਗ ਆਪਣੇ ਅੰਗਹੀਣ ਪੁੱਤਰ ਅਤੇ ਨੂੰਹ ਨੂੰ ਦਿਵਿਆਗਜਨ ਸ਼ਕਤੀਕਰਨ ਯੋਜਨਾ ਦੇ ਤਹਿਤ ਬਣਦਾ ਲਾਭ ਦਵਾਉਣ ਦੇ ਲਈ ਪਿਛਲੇ ਕਰੀਬ ਚਾਰ ਸਾਲਾਂ ਤੋਂ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਜਪੁਰਾ ਦੇ ਬਜ਼ੁਰਗ ਵਿਅਕਤੀ ਓਮ ਪ੍ਰਕਾਸ਼ ਵਾਸੀ ਪਟੇਲ ਕਾਲੋਨੀ ਰਾਜਪੁਰਾ ਨੇ ਦੱਸਿਆ ਕਿ ਉਸ ਦਾ ਪੁੱਤਰ ਭੂਸ਼ਣ ਕੁਮਾਰ (44) ਜੋ ਕਿ 80 ਫ਼ੀਸਦੀ ਅੰਗਹੀਣ ਅਤੇ ਉਸ ਦੀ ਨੂੰਹ ਜੋਤੀ ਰਾਣੀ 65 ਫ਼ੀਸਦੀ ਅੰਗਹੀਣ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 4 ਜਨਵਰੀ 2021 ਨੂੰ ਪੰਜਾਬ ਦਿਵਿਆਂਗਜਨ ਸ਼ਕਤੀਕਰਨ ਯੋਜਨਾ ਤਹਿਤ ਲਾਭਤਰੀਆਂ ਨੂੰ ਲਾਭ ਦੇਣ ਦੇ ਲਈ ਯੋਜਨਾ ਲਾਗੂ ਕਰਦਿਆਂ ਹੋਇਆ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ। ਇਸ ਸਕੀਮ ਦੇ ਤਹਿਤ ਅੰਗਹੀਣ ਵਿਅਕਤੀਆਂ ਨੂੰ ਨੁਕਤਾ ਨੰਬਰ 4.6 ਤਹਿਤ ਵੱਖ-ਵੱਖ ਵਿਭਾਗਾਂ, ਬੱਸ ਸਟੈਂਡ, ਵਿਦਿਅਕ ਸੰਸਥਾਵਾਂ, ਟੂਰਿਸਟਾਂ ਸਪੋਰਟ ’ਚ ਦੁਕਾਨਾਂ ਮੁਹੱਈਆ ਕਰਵਾਉਣੀਆਂ ਸਨ। ਜਿਸ ਦੇ ਚਲਦਿਆਂ ਬਜ਼ੁਰਗ ਓਮ ਪ੍ਰਕਾਸ਼ ਵਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ’ਚ 14 ਅਕਤੂਬਰ 2022 ਨੂੰ ਦਰਖ਼ਾਸਤ ਦਿੱਤੀ ਸੀ। ਜਿਸ ਤੋਂ ਬਾਅਦ ਲਗਾਤਾਰ 4 ਸਾਲਾਂ ਤੋਂ ਸੰਬੰਧਿਤ ਵਿਭਾਗ, ਡੀ.ਪੀ.ਆਈ. ਉੱਚ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਪੰਜਾਬ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ, ਵੀਰ ਜੀ ਡਾਇਰੈਕਟਰ ਸਪੋਰਟਸ ਵਿਭਾਗ ਪੰਜਾਬ, ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ, ਡਾਇਰੈਕਟਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਪੰਜਾਬ, ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਅਤੇ ਰਜਿਸਟਰਾਰ ਸਹਿਕਾਰਤਾ ਵਿਭਾਗ ਪੰਜਾਬ ਨੂੰ ਇਸੇ ਸਕੀਮ ਦੇ ਤਹਿਤ ਬਣਦਾ ਲਾਭ ਦੇਣ ਦੇ ਲਈ ਪੱਤਰ ਵਿਹਾਰ ਕਰ ਚੁੱਕਿਆ ਹੈ ਪਰ ਲਾਭਪਾਤਰੀ ਵਲੋਂ ਵੱਖ-ਵੱਖ ਵਿਭਾਗਾਂ ਨੂੰ ਪੱਤਰ ਵਿਹਾਰ ਕਰਨ , ਲਾਭ ਲੈਣ ਦੇ ਲਈ ਚੇਤਾਵਨੀ ਪੱਤਰ ਭੇਜਣ ਤੋਂ ਇਲਾਵਾ ਉਸ ਦੇ ਹੱਥ ਖਾਲੀ ਹਨ। ਓਮ ਪ੍ਰਕਾਸ਼ ਵਲੋਂ 23 ਸਤੰਬਰ 2026 ਨੂੰ ਮਾਰਕਫੈੱਡ ਅਤੇ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰਾਂ ਨੂੰ ਵੀ ਬੂਥ ਅਤੇ ਸੇਲ ਕਾਊਂਟਰਾਂ ਦੀ ਅਲਾਟਮੈਂਟ ਵਿਚ ਦਿਵਿਆਂਗਜਨਾ ਲਈ ਰਾਖਵਾਂ ਕਰਨ ਨਿਰਧਾਰਿਤ ਕਰਨ ਸੰਬੰਧੀ ਵੀ ਲਿਖਿਆ ਹੈ ਪਰ ਸੰਬੰਧਿਤ ਵਿਭਾਗ ਵਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਇਸ ਸੰਬੰਧੀ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਰਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਿਵਿਆਂਗਜਨ ਸ਼ਕਤੀ ਕਰਨੀ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ ਬਣਨ ਦਾ ਲਾਭ ਦੇਣ ਦੇ ਲਈ ਸਮੂਹ ਡਿਪਟੀ ਕਮਿਸ਼ਨਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਭਾਗ ਦੀ ਤਰਫ਼ੋਂ ਸਮੇਂ-ਸਮੇਂ ’ਤੇ ਪੱਤਰ ਵਿਹਾਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਅੰਗਹੀਣ ਵਿਅਕਤੀਆਂ ਨੂੰ ਬਣਦਾ ਲਾਭ ਦੇਣ ਦੇ ਲਈ ਵਚਨਬੱਧ ਹੈ। ਜੇਕਰ ਫੇਰ ਵੀ ਕੋਈ ਲਾਭਪਾਤਰੀ ਲਾਭ ਲੈਣ ਤੋਂ ਰਹਿ ਗਿਆ ਹੈ ਤਾਂ ਉਹ ਵਿਭਾਗ ਦੇ ਨਾਲ ਤਾਲਮੇਲ ਕਰ ਸਕਦੇ ਹਨ।