ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਵਲੋਂ ਐਨ.ਐਸ.ਐਸ. ਦਿਵਸ ਤੇ ਰਾਸ਼ਟਰੀ ਫ਼ਾਰਮਾਕੋ ਵਿਜੀਲੈਂਸ ਦਿਵਸ ਮਨਾਇਆ
ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਵਲੋਂ ਵਾਈਸ ਚਾਂਸਲਰ ਡਾ. ਰਾਜਿੰਦਰ ਕੁਮਾਰ ਬਾਂਸਲ ਦੀ ਯੋਗ ਅਗਵਾਈ ਹੇਠ ਫ਼ਾਰਮਾਕੋਵਿਜੀਲੈਂਸ–ਮਰੀਜ਼ਾਂ ਦੀ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ।
ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਵਲੋਂ ਵਾਈਸ ਚਾਂਸਲਰ ਡਾ. ਰਾਜਿੰਦਰ ਕੁਮਾਰ ਬਾਂਸਲ ਦੀ ਯੋਗ ਅਗਵਾਈ ਹੇਠ ਫ਼ਾਰਮਾਕੋਵਿਜੀਲੈਂਸ–ਮਰੀਜ਼ਾਂ ਦੀ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਯੂਨੀਵਰਸਿਟੀ ਕਾਲਜ ਆਫ ਨਰਸਿੰਗ ਫ਼ਰੀਦਕੋਟ ਵਿਖੇ ਪ੍ਰਿੰਸੀਪਲ ਡਾ. ਹਰਦੀਪ ਕੌਰ ਮੱਲ ਦੀ ਅਗਵਾਈ ਹੇਠ ਰਾਸ਼ਟਰੀ ਫਾਰਮਾਕੋਵਿਜੀਲੈਂਸ ਦਿਵਸ ਅਤੇ ਐਨ.ਐਸ.ਐਸ. ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਡਾ. ਹਰਦੀਪ ਕੌਰ ਮੱਲ ਨੇ ਕਿਹਾ ਕਿ ਨਰਸਿੰਗ ਵਿਦਿਆਰਥੀਆਂ ਲਈ ਦਵਾਈਆਂ ਦੀ ਸਹੀ ਅਤੇ ਸੁਰੱਖਿਅਤ ਵਰਤੋਂ ਅਤੇ ਉਨ੍ਹਾਂ ਦੇ ਸੰਭਾਵਿਤ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਨੂੰ ਮਰੀਜ਼ਾਂ ਦੀ ਸੁਰੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਬਿਹਤਰ ਢੰਗ ਨਾਲ ਸਮਝਣ ਵਿਚ ਮਦਦ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਿਹਤ ਸੇਵਾਵਾਂ ਦੌਰਾਨ ਮਰੀਜ਼ਾਂ ਦੀ ਸੁਰੱਖਿਆ ਅਤੇ ਸੇਵਾ ਭਾਵਨਾ ਨੂੰ ਹਮੇਸ਼ਾ ਪਹਿਲ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋਫੈਸਰ ਡਾ. ਰਾਜ ਕੁਮਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅਤੇ ਉਨ੍ਹਾਂ ਦੀ ਟੀਮ ਵਲੋਂ ਦਵਾਈਆਂ ਦੀ ਸਹੀ ਵਰਤੋਂ, ਦਵਾਈਆਂ ਦੇ ਸੰਭਾਵਿਤ ਮਾੜੇ ਪ੍ਰਭਾਵਾਂ ਅਤੇ ਮਰੀਜ਼ਾਂ ਦੀ ਸੁਰੱਖਿਆ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਦਵਾਈਆਂ ਦੀ ਸੁਰੱਖਿਅਤ ਵਰਤੋਂ, ਮਾੜੇ ਪ੍ਰਭਾਵਾਂ ਦੀ ਪਛਾਣ ਅਤੇ ਉਨ੍ਹਾਂ ਦੀ ਰਿਪੋਰਟਿੰਗ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਸੈਮੀਨਾਰ ਵਿਚ ਨਰਸਿੰਗ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਫਾਰਮਾਕੋਲੋਜੀ ਵਿਭਾਗ ਦੇ ਸੀਨੀਅਰ ਡਾਕਟਰ ਡਾ. ਅਮੀਤਾ ਜਿੰਦਲ, ਡਾ. ਸਨਾ ਗਰੇਸ, ਡਾ. ਸਮੀਰ ਸੈਣੀ, ਡਾ. ਹਰਕੀਰਤ, ਡਾ. ਸਬੀਨਾ ਅਤੇ ਡਾ. ਸ਼ੁਭਮ ਵਲੋਂ ਵੀ ਆਪਣਾ ਯੋਗਦਾਨ ਪਾਇਆ ਗਿਆ। ਪ੍ਰੋਗਰਾਮ ਦੀ ਸਫ਼ਲਤਾ ਲਈ ਕੁਸ਼ਨਪ੍ਰੀਤ ਕੌਰ, ਜੈਸਮੀਨ ਕੌਰ, ਪ੍ਰੋਗਰਾਮ ਅਫਸਰ ਹਰਮੀਤ ਕੌਰ ਅਤੇ ਰਮਨਦੀਪ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਸਾਲ ਭਰ ਦੌਰਾਨ ਅਨੁਸ਼ਾਸਨ ਬਣਾਈ ਰੱਖਣ ਅਤੇ 100 ਪ੍ਰਤੀਸ਼ਤ ਹਾਜ਼ਰੀ ਦਰਜ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਐਮ.ਐਸ.ਸੀ. ਨਰਸਿੰਗ ਦੀ ਵਿਦਿਆਰਥਣ ਬਲਪ੍ਰੀਤ ਕੌਰ ਅਤੇ ਬੀ.ਐਸ.ਸੀ. ਨਰਸਿੰਗ ਦੇ ਵਿਦਿਆਰਥੀਆਂ ਕੋਮਲਪ੍ਰੀਤ ਕੌਰ, ਸ਼ੁਭਨੀਤ ਕੌਰ, ਪ੍ਰਿਆਪਾਲ, ਜੈਸਮੀਨ ਮੱਕੜ ਅਤੇ ਤਾਨੀਆ ਨੂੰ ਪ੍ਰਿੰਸੀਪਲ ਡਾ. ਹਰਦੀਪ ਕੌਰ ਮੱਲ ਅਤੇ ਵਾਈਸ ਪ੍ਰਿੰਸੀਪਲ ਹੇਮੰਤ ਕੁਮਾਰ ਸੈਣੀ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿਚ ਦਵਾਈਆਂ ਦੀ ਸੁਰੱਖਿਅਤ ਵਰਤੋਂ ਅਤੇ ਮਰੀਜ਼ਾਂ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਐਨ.ਐਸ.ਐਸ. ਦੀ ਭਾਵਨਾ ਅਨੁਸਾਰ ਸਮਾਜ ਪ੍ਰਤੀ ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ।