ਸ੍ਰੀਨਗਰ, 29 ਸਤੰਬਰ (ਪੀ.ਟੀ.ਆਈ.)-ਮੰਗਲਵਾਰ ਨੂੰ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਉੱਚੇ ਇਲਾਕਿਆਂ ’ਚ ਰਾਸ਼ਟਰੀ ਰਾਈਫਲਜ਼ ਨਾਲ ਹੋਏ ਮੁਕਾਬਲੇ ’ਚ ਪਾਕਿਸਤਾਨ ਸਥਿਤ ਲਸ਼ਕਰ-ਏ-ਤਾਇਬਾ ਨਾਲ ਸੰਬੰਧਿਤ ਇਕ ‘ਮੋਸਟ ਵਾਂਟੇਡ’ (ਸਭ ਤੋਂ ਵੱਧ ਲੋੜੀਂਦਾ) ਅੱਤਵਾਦੀ ਮਾਰਿਆ ਗਿਆ। ਹਾਲਾਂਕਿ ਕਸ਼ਮੀਰ ਸਥਿਤ ਚਿਨਾਰ ਕੋਰ ਨੇ ਮਾਰੇ ਗਏ ਅੱਤਵਾਦੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ, ਪਰ ਅਧਿਕਾਰੀਆਂ ਨੇ ਉਸ ਦੀ ਪਛਾਣ ਸੁਲੇਮਾਨ ਸ਼ਾਹ ਉਰਫ਼ ‘ਮੂਸਾ’ ਵਜੋਂ ਕੀਤੀ ਹੈ। ਫੌਜ ਨੇ ਟਵੀਟ ਕੀਤਾ ਕਿ ਹੋਰ ਸੁਰੱਖਿਆ ਬਲਾਂ ਦੇ ਨਾਲ ਮਿਲ ਕੇ, ਉਨ੍ਹਾਂ ਨੇ ਮੱਧ ਕਸ਼ਮੀਰ ਦੇ ਯੂਸਮਾਰਗ ਖੇਤਰ ਦੇ ਕੋਰਾਗ ਇਲਾਕੇ ’ਚ ਮੁਹਿੰਮ ਸ਼ੁਰੂ ਕੀਤੀ ਸੀ। ਫ਼ੌਜ ਨੇ ਕਿਹਾ ਕਿ ਚੌਕਸ ਜਵਾਨਾਂ ਨੇ ਸ਼ੱਕੀ ਗਤੀਵਿਧੀ ਦੇਖੀ ਅਤੇ ਚੁਣੌਤੀ ਦਿੱਤੇ ਜਾਣ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਜ਼ਬਰਦਸਤ ਮੁਕਾਬਲਾ ਹੋਇਆ ਅਤੇ ਇਸ ਦੌਰਾਨ ਇਕ ਅੱਤਵਾਦੀ ਨੂੰ ਮਾਰ ਦਿੱਤਾ ਗਿਆ। ਜਦੋਂ ਮੁਹਿੰਮ ਅਜੇ ਜਾਰੀ ਸੀ, ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ‘ਮੂਸਾ’ ਨੂੰ ਦੁੱਧਪਥਰੀ ਦੇ ਦੂਰ-ਦੁਰਾਡੇ ਜੰਗਲੀ ਇਲਾਕੇ ’ਚ ਮਾਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੂਸਾ, ਜੋ ਪਿਛਲੇ ਕਈ ਸਾਲਾਂ ਤੋਂ ਪੀਰ ਪੰਜਾਲ ਰੇਂਜ ਦੇ ਦੋਵਾਂ ਪਾਸਿਆਂ ‘ਤੇ ਕਈ ਹਮਲਿਆਂ ’ਚ ਸ਼ਾਮਿਲ ਹੋਣ ਕਾਰਨ ਲੋੜੀਂਦਾ ਸੀ, ਇਸ ਮਹੀਨੇ ਦੇ ਸ਼ੁਰੂ ’ਚ ਯੂਸਮਾਰਗ ਦੀਆਂ ਪਹਾੜੀਆਂ ’ਚ ਹੋਏ ਇਕ ਮੁਕਾਬਲੇ ਤੋਂ ਬਚ ਨਿਕਲਿਆ ਸੀ। ਉਸ ਮੁਕਾਬਲੇ ਵਿੱਚ 5 ਸਤੰਬਰ ਨੂੰ ਉਸ ਦਾ ਕਰੀਬੀ ਸਾਥੀ ਯਾਸਿਰ ਮਾਰਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਮੂਸਾ ਦੀ ਮੌਤ ਨੂੰ ਜੰਮੂ-ਕਸ਼ਮੀਰ ’ਚ ਸਰਗਰਮ ਲਸ਼ਕਰ-ਏ-ਤਾਇਬਾ ਲਈ ਸਭ ਤੋਂ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।