ਵਧੇ ਝਾੜ ਕਾਰਨ ਝੋਨੇ ਦੀ ਖ਼ਰੀਦ ਦੇ ਟੀਚੇ ’ਚ ਵਾਧੇ ਦੇ ਅਨੁਪਾਤ ਅਨੁਸਾਰ ਸੂਬੇ ਦੇ ਸਾਰੇ ਸ਼ੈਲਰਾਂ ਦੀ ਪੈਡੀ ਲਿੰਕਿੰਗ ’ਚ ਬਰਾਬਰ ਵਾਧਾ ਕੀਤੇ ਜਾਣ ਦੀ ਉੱਠੀ ਮੰਗ
ਸੰਗਰੂਰ, 13 ਨਵੰਬਰ (ਧੀਰਜ ਪਸ਼ੋਰੀਆ, ਚੌਧਰੀ ਨੰਦ ਲਾਲ ਗਾਂਧੀ)- ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਝੋਨੇ ਦੀ ਸਰਕਾਰੀ ਖ਼ਰੀਦ ਦੇ ਟੀਚੇ ਵਿਚ ਕੀਤੇ ਗਏ ਵਾਧੇ ਦੇ ਅਨੁਪਾਤ ਅਨੁਸਾਰ ਪੰਜਾਬ ਦੇ ਸਮੂਹ ਰਾਈਸ ਮਿੱਲਰਾਂ ਦੀ ‘ਪੈਡੀ ਲਿੰਕਿੰਗ’ ਵਿਚ ਵੀ ਬਰਾਬਰ ਵਾਧਾ ਕੀਤਾ ਜਾਵੇ, ਤਾਂ ਜੋ ਸੂਬੇ ਦੇ ਸਾਰੇ ਰਾਈਸ ਮਿੱਲਰਾਂ ਨੂੰ ਬਰਾਬਰ ਮੌਕੇ ਮਿਲ ਸਕਣ ਅਤੇ ਝੋਨੇ ਦੀ ਖ਼ਰੀਦ ਤੇ ਚੌਲਾਂ ਦੀ ਮਿਲਿੰਗ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕੇ। ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਸੀਜ਼ਨ ਦੌਰਾਨ ਝੋਨੇ ਦੀ ਖ਼ਰੀਦ ਦਾ ਟੀਚਾ 180 ਲੱਖ ਮੀਟ੍ਰਿਕ ਟਨ ਤੋਂ ਵਧਾ ਕੇ ਲਗਭਗ 200 ਲੱਖ ਮੀਟ੍ਰਿਕ ਟਨ ਕੀਤੇ ਜਾਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਰਾਈਸ ਮਿੱਲਰਾਂ ਦੀ ਪੈਡੀ ਲਿੰਕਿੰਗ ਵਿਚ ਵੀ ਉਸੇ ਅਨੁਪਾਤ ਅਨੁਸਾਰ ਵਾਧਾ ਕਰਨਾ ਜ਼ਰੂਰੀ ਹੈ।
ਸੰਗਰੂਰ, 13 ਨਵੰਬਰ (ਧੀਰਜ ਪਸ਼ੋਰੀਆ, ਚੌਧਰੀ ਨੰਦ ਲਾਲ ਗਾਂਧੀ)- ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਝੋਨੇ ਦੀ ਸਰਕਾਰੀ ਖ਼ਰੀਦ ਦੇ ਟੀਚੇ ਵਿਚ ਕੀਤੇ ਗਏ ਵਾਧੇ ਦੇ ਅਨੁਪਾਤ ਅਨੁਸਾਰ ਪੰਜਾਬ ਦੇ ਸਮੂਹ ਰਾਈਸ ਮਿੱਲਰਾਂ ਦੀ ‘ਪੈਡੀ ਲਿੰਕਿੰਗ’ ਵਿਚ ਵੀ ਬਰਾਬਰ ਵਾਧਾ ਕੀਤਾ ਜਾਵੇ, ਤਾਂ ਜੋ ਸੂਬੇ ਦੇ ਸਾਰੇ ਰਾਈਸ ਮਿੱਲਰਾਂ ਨੂੰ ਬਰਾਬਰ ਮੌਕੇ ਮਿਲ ਸਕਣ ਅਤੇ ਝੋਨੇ ਦੀ ਖ਼ਰੀਦ ਤੇ ਚੌਲਾਂ ਦੀ ਮਿਲਿੰਗ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕੇ। ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਸੀਜ਼ਨ ਦੌਰਾਨ ਝੋਨੇ ਦੀ ਖ਼ਰੀਦ ਦਾ ਟੀਚਾ 180 ਲੱਖ ਮੀਟ੍ਰਿਕ ਟਨ ਤੋਂ ਵਧਾ ਕੇ ਲਗਭਗ 200 ਲੱਖ ਮੀਟ੍ਰਿਕ ਟਨ ਕੀਤੇ ਜਾਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਰਾਈਸ ਮਿੱਲਰਾਂ ਦੀ ਪੈਡੀ ਲਿੰਕਿੰਗ ਵਿਚ ਵੀ ਉਸੇ ਅਨੁਪਾਤ ਅਨੁਸਾਰ ਵਾਧਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਝੋਨੇ ਦੀ ਖ਼ਰੀਦ ਦਾ ਟੀਚਾ ਵਧਾਇਆ ਜਾਂਦਾ ਹੈ ਪਰ ਮਿੱਲਰਾਂ ਦੀ ਪੈਡੀ ਲਿੰਕਿੰਗ ਪਹਿਲਾਂ ਵਾਲੀ ਹੀ ਰੱਖੀ ਜਾਂਦੀ ਹੈ ਤਾਂ ਇਸ ਨਾਲ ਮਿੱਲਰਾਂ ਵਿਚ ਅਸਮਾਨਤਾ ਪੈਦਾ ਹੋਵੇਗੀ ਅਤੇ ਕਈ ਮਿੱਲਰਾਂ ਨੂੰ ਆਪਣਾ ਕਾਰੋਬਾਰ ਚਲਾਉਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਵਲੋਂ ਇਸ ਸਬੰਧੀ ਪੰਜਾਬ ਸਰਕਾਰ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਅਤੇ ਉੱਚ ਅਧਿਕਾਰੀਆਂ ਕੋਲ ਮਾਮਲਾ ਉਠਾਇਆ ਗਿਆ ਹੈ। ਐਸੋਸੀਏਸ਼ਨ ਦਾ ਮੰਨਣਾ ਹੈ ਕਿ ਝੋਨੇ ਦੀ ਖ਼ਰੀਦ ਵਿਚ ਵਾਧੇ ਦਾ ਲਾਭ ਸੂਬੇ ਦੇ ਸਾਰੇ ਰਾਈਸ ਮਿੱਲਰਾਂ ਨੂੰ ਬਰਾਬਰ ਮਿਲਣਾ ਚਾਹੀਦਾ ਹੈ ਅਤੇ ਪੈਡੀ ਲਿੰਕਿੰਗ ਦੀ ਵੰਡ ਨਿਰਪੱਖ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ। ਗੁਰਦੀਪ ਸਿੰਘ ਚੀਮਾ ਨੇ ਇੱਕ ਹੋਰ ਅਹਿਮ ਮੰਗ ਉਠਾਉਂਦਿਆਂ ਕਿਹਾ ਕਿ ਪੰਜਾਬ ਦੇ ਰਾਈਸ ਮਿੱਲਰਾਂ ਨੂੰ 10 ਫ਼ੀਸਦੀ ਇੰਪਰੂਵਡ ਰਾਈਸ ਦੀ ਸਪੈਸ਼ਲ ਸਹੂਲਤ ਦਿੱਤੀ ਜਾਵੇ ਅਤੇ ਇਸ ਦੀ ਮਿਆਦ ਵਿੱਚ ਘੱਟੋ-ਘੱਟ 15 ਤੋਂ 20 ਦਿਨਾਂ ਤੱਕ ਦਾ ਵਾਧਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਪੰਜਾਬ ਲਈ 25 ਲੱਖ ਮੀਟ੍ਰਿਕ ਟਨ ਤੱਕ 10 ਫ਼ੀਸਦੀ ਇੰਪਰੂਵਡ ਰਾਈਸ ਦੀ ਗੱਲ ਕੀਤੀ ਗਈ ਹੈ, ਪਰ ਇਸ ਟੀਚੇ ਨੂੰ ਪੂਰਾ ਕਰਨ ਲਈ ਮਿੱਲਰਾਂ ਨੂੰ ਆਪਣੀ ਮਸ਼ੀਨਰੀ, ਤਕਨੀਕੀ ਪ੍ਰਬੰਧਾਂ, ਸਟੋਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਤਿਆਰ ਕਰਨ ਵਾਸਤੇ ਵਾਧੂ ਸਮੇਂ ਦੀ ਲੋੜ ਹੈ। ਇਸ ਲਈ ਇੰਪਰੂਵਡ ਰਾਈਸ ਦੀ ਸਪੈਸ਼ਲ ਸਹੂਲਤ ਦੇਣ ਦੇ ਨਾਲ-ਨਾਲ ਇਸ ਦੀ ਮਿਆਦ ਵਿਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਹਰਦੀਪ ਸਿੰਘ ਬੁੱਟਰ ਪ੍ਰਧਾਨ ਸੰਗਰੂਰ- ਮਲੇਰਕੋਟਲਾ ਐਸੋਸੀਏਸ਼ਨ, ਵਰਿੰਦਰਪਾਲ ਸਿੰਘ ਟੀਟੂ ਪ੍ਰਧਾਨ ਸੰਗਰੂਰ ਰਾਈਸ ਮਿੱਲਰਜ਼ ਐਸੋਸੀਏਸ਼ਨ, ਸਤੀਸ਼ ਮਿੱਤਲ ਚੇਅਰਮੈਨ ਸੁਨਾਮ ਰਾਈਸ ਮਿੱਲਰਜ਼ ਐਸੋਸੀਏਸ਼ਨ, ਸੰਦੀਪ ਕੁਮਾਰ ਪ੍ਰਧਾਨ ਸੁਨਾਮ ਰਾਈਸ ਐਸੋਸੀਏਸ਼ਨ, ਚਰਨਜੀਤ ਸ਼ਰਮਾ ਪ੍ਰਧਾਨ ਲਹਿਰਾ, ਸੰਜੀਵ ਪੋਪੀ ਪ੍ਰਧਾਨ ਸੁਨਾਮ, ਰਮੇਸ਼ ਕਾਲਾ ਪ੍ਰਧਾਨ ਚੀਮਾ, ਵਿਕਾਸ ਗਰਗ ਪ੍ਰਧਾਨ ਲੌਗੋਵਾਲ, ਰਾਜੇਸ਼ ਗਾਂਧੀ, ਸੰਜੀਵ ਕੁਮਾਰ ਸ਼ੈਲੀ ਪ੍ਰਧਾਨ ਬਰਨਾਲਾ, ਅਜੈਬ ਸਿੰਘ ਜਵੰਦਾ ਬਰਨਾਲਾ, ਇਕਬਾਲ ਸਿੰਘ ਮੀਤ ਪੰਜਾਬ ਪ੍ਰਧਾਨ, ਸੰਗਰੂਰ ਸ਼ੈਲਰ ਐਸੋਸੀਏਸ਼ਨ ਦੇ ਸਰਪ੍ਰਸਤ ਸ਼ਿਸ਼ਨ ਕੁਮਾਰ ਤੁੰਗਾਂ ਅਤੇ ਕਮਲ ਨਰੇਸ਼ ਮਿੱਤਲ, ਰਾਜ ਗੋਇਲ, ਰਜਿੰਦਰ ਕੁਮਾਰ ਗੁਪਤਾ, ਹਨੀਸ਼ ਗੋਇਲ, ਦਵਿੰਦਰ ਕੁਮਾਰ ਬੱਗਾ ਅਤੇ ਸੁਰੇਸ਼ ਜਿੰਦਲ ਧੂਰੀ ਮੌਜੂਦ ਸਨ।