ਵਿਦੇਸ਼ੀ ਮਹਿਮਾਨਾਂ ਨਾਲ ਗੁਲਜ਼ਾਰ ਹੋਇਆ ਗੁਰਦਾਸਪੁਰ ਦਾ ਕੇਸ਼ੋਪੁਰ ਛੰਭ ਸਾਈਬੇਰੀਆ ਤੇ ਤਿੱਬਤ ਤੋਂ ਪਹੁੰਚੇ ਹਜ਼ਾਰਾਂ ਪੰਛੀ
ਗੁਰਦਾਸਪੁਰ, 29 ਨਵੰਬਰ (ਚੱਕਰਾਜਾ)-ਸਰਦੀਆਂ ਦੀ ਆਮਦ ਦੇ ਨਾਲ ਹੀ ਕੁਦਰਤ ਦੀ ਅਨੋਖੀ ਖੂਬਸੂਰਤੀ ਦਾ ਨਜ਼ਾਰਾ ਗੁਰਦਾਸਪੁਰ ਦੇ ਇਤਿਹਾਸਕ ਕੇਸ਼ੋਪੁਰ ਛੰਭ ਵਿਚ ਦੇਖਣ ਨੂੰ ਮਿਲ ਰਿਹਾ ਹੈ। 850 ਏਕੜ ਵਿਚ ਫੈਲੇ ਇਸ ਕੁਦਰਤੀ ਵੈਟਲੈਂਡ ਵਿਚ ਹਜ਼ਾਰਾਂ ਮੀਲ ਲੰਬੀਆਂ ਉਡਾਰੀਆਂ ਭਰ ਕੇ ਸਾਈਬੇਰੀਆ, ਤਿੱਬਤ ਅਤੇ ਮੱਧ ਏਸ਼ੀਆ ਵਰਗੇ ਠੰਢੇ ਮੁਲਕਾਂ ਤੋਂ ਪ੍ਰਵਾਸੀ ਪੰਛੀਆਂ ਨੇ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ।
ਗੁਰਦਾਸਪੁਰ, 29 ਨਵੰਬਰ (ਚੱਕਰਾਜਾ)-ਸਰਦੀਆਂ ਦੀ ਆਮਦ ਦੇ ਨਾਲ ਹੀ ਕੁਦਰਤ ਦੀ ਅਨੋਖੀ ਖੂਬਸੂਰਤੀ ਦਾ ਨਜ਼ਾਰਾ ਗੁਰਦਾਸਪੁਰ ਦੇ ਇਤਿਹਾਸਕ ਕੇਸ਼ੋਪੁਰ ਛੰਭ ਵਿਚ ਦੇਖਣ ਨੂੰ ਮਿਲ ਰਿਹਾ ਹੈ। 850 ਏਕੜ ਵਿਚ ਫੈਲੇ ਇਸ ਕੁਦਰਤੀ ਵੈਟਲੈਂਡ ਵਿਚ ਹਜ਼ਾਰਾਂ ਮੀਲ ਲੰਬੀਆਂ ਉਡਾਰੀਆਂ ਭਰ ਕੇ ਸਾਈਬੇਰੀਆ, ਤਿੱਬਤ ਅਤੇ ਮੱਧ ਏਸ਼ੀਆ ਵਰਗੇ ਠੰਢੇ ਮੁਲਕਾਂ ਤੋਂ ਪ੍ਰਵਾਸੀ ਪੰਛੀਆਂ ਨੇ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਪਾਣੀ ਵਿਚ ਅਠਖੇਲੀਆਂ ਕਰਦੇ ਅਤੇ ਆਸਮਾਨ ਵਿਚ ਝੁੰਡਾਂ ਦੇ ਰੂਪ ਵਿਚ ਉਡਾਰੀਆਂ ਮਾਰਦੇ ਇਹ ਖੂਬਸੂਰਤ ਪੰਛੀ ਸੈਲਾਨੀਆਂ ਅਤੇ ਵਿਦਿਆਰਥੀਆਂ ਲਈ ਖਿੱਚ ਦਾ ਮੁੱਖ ਕੇਂਦਰ ਬਣੇ ਹੋਏ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀ ਮਨਵੀਰ ਸਿੰਘ ਨੇ ਦੱਸਿਆ ਕਿ ਸੀਜ਼ਨ ਦੀ ਸ਼ੁਰੂਆਤ ਵਿਚ ਹੀ ਇੱਥੇ ਕਰੀਬ 10 ਪ੍ਰਜਾਤੀਆਂ ਦੇ 2,000 ਦੇ ਲਗਪਗ ਪੰਛੀ ਪਹੁੰਚ ਚੁੱਕੇ ਹਨ। ਉਨ੍ਹਾਂ ਉਮੀਦ ਜਤਾਈ ਕਿ ਇਸ ਵਾਰ ਚੰਗੀ ਬਾਰਿਸ਼ ਹੋਣ ਕਾਰਨ ਛੰਭ ਵਿਚ ਪਾਣੀ ਦਾ ਪੱਧਰ ਕਾਫੀ ਵਧੀਆ ਹੈ, ਜਿਸ ਸਦਕਾ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 100 ਤੋਂ ਵੱਧ ਕਿਸਮਾਂ ਦੇ 30 ਹਜ਼ਾਰ ਤੋਂ ਵੀ ਵੱਧ ਪੰਛੀ ਪਹੁੰਚਣ ਦੀ ਸੰਭਾਵਨਾ ਹੈ । ਇੱਥੇ ਆਉਣ ਵਾਲੇ ਮਹਿਮਾਨ ਪੰਛੀਆਂ ਵਿਚ ਗਡਵਾਲ, ਕਾਮਨ ਟੀਲ, ਨੌਰਦਰਨ ਪਿੰਟੇਲ, ਨੌਰਦਰਨ ਸ਼ੋਵੇਲਰ, ਯੂਰੇਸ਼ੀਅਨ ਵਿਜਨ, ਬਾਰ-ਹੈੱਡਡ ਗੂਸ ਅਤੇ ਕਾਮਨ ਕ੍ਰੇਨ ਸ਼ਾਮਿਲ ਹਨ । ਪਾਕਿਸਤਾਨ ਸਰਹੱਦ ਤੋਂ ਮਹਿਜ਼ 15 ਕਿੱਲੋਮੀਟਰ ਦੀ ਦੂਰੀ ’ਤੇ ਸਥਿਤ ਕੇਸ਼ੋਪੁਰ ਛੰਭ ਨੂੰ ਪੰਜਾਬ ਵਿਚ ‘ਸਾਰਸ ਕ੍ਰੇਨ’ ਦਾ ਗੜ੍ਹ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕੇਸ਼ੋਪੁਰ ਛੰਭ ਦੇਸ਼ ਦਾ ਪਹਿਲਾ ਨੋਟੀਫਾਈਡ ਕਮਿਊਨਿਟੀ ਰਿਜ਼ਰਵ ਹੈ, ਜਿਸ ਨੂੰ ਸਾਲ 2019 ਵਿਚ ਅੰਤਰਰਾਸ਼ਟਰੀ ਮਹੱਤਵ ਵਾਲੀ ‘ਰਾਮਸਰ ਸਾਈਟ’ ਐਲਾਨਿਆ ਗਿਆ ਸੀ। ਸੈਲਾਨੀਆਂ ਦੀ ਸਹੂਲਤ ਲਈ ਜੰਗਲਾਤ ਵਿਭਾਗ ਵਲੋਂ ਇਥੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ।