ਸਰਕਾਰੀ ਸਕੂਲ ਸ਼ੇਰਪੁਰ ਦੀ ਗਰਾਊਂਡ ਗੰਦੇ ਪਾਣੀ ਦੀ ਮਾਰ ਹੇਠ
ਨੌਜਵਾਨਾਂ ਤੇ ਖਿਡਾਰੀਆਂ ਨੂੰ ਲੰਮੇ ਸਮੇਂ ਤੋਂ ਪ੍ਰੇਸ਼ਾਨੀ, ਸ਼ਿਕਾਇਤਾਂ ਦੇ ਬਾਵਜੂਦ ਨਹੀਂ ਹੋਇਆ ਹੱਲ
ਸ਼ੇਰਪੁਰ, 9 ਸਤੰਬਰ (ਮੇਘ ਰਾਜ ਜੋਸ਼ੀ) - ਇੱਕ ਪਾਸੇ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4’ ਤਹਿਤ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਜੇਤੂ ਖਿਡਾਰੀਆਂ ਲਈ ਇਨਾਮ ਤੇ ਸਨਮਾਨ ਸਮਾਰੋਹ ਕਰਵਾਏ ਜਾ ਰਹੇ ਹਨ, ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਦੂਜੇ ਪਾਸੇ ਕਸਬਾ ਸ਼ੇਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਖੇਡ ਮੈਦਾਨ ਵਿੱਚ ਲੰਮੇ ਸਮੇਂ ਤੋਂ ਖੜ੍ਹਾ ਗੰਦਾ ਪਾਣੀ ਖਿਡਾਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ।
ਸ਼ੇਰਪੁਰ, 9 ਸਤੰਬਰ (ਮੇਘ ਰਾਜ ਜੋਸ਼ੀ) - ਇੱਕ ਪਾਸੇ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4’ ਤਹਿਤ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਜੇਤੂ ਖਿਡਾਰੀਆਂ ਲਈ ਇਨਾਮ ਤੇ ਸਨਮਾਨ ਸਮਾਰੋਹ ਕਰਵਾਏ ਜਾ ਰਹੇ ਹਨ, ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਦੂਜੇ ਪਾਸੇ ਕਸਬਾ ਸ਼ੇਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਖੇਡ ਮੈਦਾਨ ਵਿੱਚ ਲੰਮੇ ਸਮੇਂ ਤੋਂ ਖੜ੍ਹਾ ਗੰਦਾ ਪਾਣੀ ਖਿਡਾਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਗਰਾਊਂਡ ਵਿੱਚ ਭਰੇ ਗੰਦੇ ਪਾਣੀ ਕਾਰਨ ਖਿਡਾਰੀਆਂ ਅਤੇ ਕੋਚਾਂ ਵੱਲੋਂ ਸਿਹਤ ਸਬੰਧੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਖਿਡਾਰੀਆਂ ਵੱਲੋਂ ਇਸ ਸਮੱਸਿਆ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਸਾਂਝੀਆਂ ਕਰਕੇ ਰੋਸ ਪ੍ਰਗਟ ਕੀਤਾ ਗਿਆ ਹੈ। ਇਸ ਸਬੰਧੀ ਹਨੀਫ ਖਾਨ ਉਰਫ ਨੀਫਾ, ਹਰਪ੍ਰੀਤ ਸਿੰਘ ਹੈਪੀ ਤੂਰ, ਫੁੱਟਬਾਲ ਕੋਚ ਰਜਨ ਅਤੇ ਫੁੱਟਬਾਲ ਕੋਚ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਕੂਲ ਦੀ ਚਾਰਦੀਵਾਰੀ ਦਾ ਇੱਕ ਹਿੱਸਾ ਡਿੱਗ ਗਿਆ ਸੀ, ਜਿਸ ਨੂੰ ਬਾਅਦ ਵਿੱਚ ਦੁਬਾਰਾ ਬਣਾ ਦਿੱਤਾ ਗਿਆ। ਪਰ ਸਕੂਲ ਦੀ ਦੂਜੀ ਸਾਈਡ ’ਤੇ ਵਸਦੀ ਰਿਹਾਇਸ਼ੀ ਕਲੋਨੀ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਦੀਵਾਰ ਨਾਲ ਲੱਗਦੀ ਨਾਲੀ ਦਾ ਨਿਰਮਾਣ ਨਾ ਹੋਣ ਕਾਰਨ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਗੰਦਾ ਪਾਣੀ ਸਕੂਲ ਦੇ ਗਰਾਊਂਡ ਵਿੱਚ ਦਾਖ਼ਲ ਹੋ ਰਿਹਾ ਹੈ। ਇਸ ਨਾਲ ਇੱਕ ਪਾਸੇ ਖਿਡਾਰੀਆਂ ਨੂੰ ਗਰਾਊਂਡ ਵਿੱਚ ਖੇਡਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਦੂਜੇ ਪਾਸੇ ਨਵੀਂ ਬਣੀ ਚਾਰਦੀਵਾਰੀ ਦੇ ਮੁੜ ਨੁਕਸਾਨੇ ਜਾਣ ਜਾਂ ਡਿੱਗਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਖਿਡਾਰੀਆਂ ਅਤੇ ਕੋਚਾਂ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਸਕੂਲ ਪ੍ਰਬੰਧਕਾਂ ਅਤੇ ਗ੍ਰਾਮ ਪੰਚਾਇਤ ਸ਼ੇਰਪੁਰ ਦੇ ਧਿਆਨ ਵਿੱਚ ਕਈ ਵਾਰ ਮਾਮਲਾ ਲਿਆਂਦਾ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਅਤੇ ਖਿਡਾਰੀਆਂ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਗੰਦੇ ਪਾਣੀ ਦੀ ਨਿਕਾਸੀ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਇਸ ਸਬੰਧੀ ਜਦੋਂ ਸਕੂਲ ਦੀ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਵੀ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਗ੍ਰਾਮ ਪੰਚਾਇਤ ਸ਼ੇਰਪੁਰ ਨੂੰ ਬੇਨਤੀ ਕੀਤੀ ਗਈ ਹੈ।