ਅਲੀਸ਼ੇਰ ਹਾਦਸੇ ਨੇ ਅੱਠ ਘਰਾਂ ’ਚ ਵਿਛਾ ਦਿੱਤੇ ਸੱਥਰ
ਕਿਤੇ ਮਾਵਾਂ ਦੀ ਮੌਤ ਨਾਲ਼ ਯਤੀਮ ਹੋਏ ਬੱਚੇ, ਕਿਤੇ ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਹੀਆਂ ਮਾਵਾਂ
ਲਹਿਰਾਗਾਗਾ, 20 ਅਕਤੂਬਰ (ਅਸ਼ੋਕ ਗਰਗ)-ਲਹਿਰਾਗਾਗਾ ਨੇੜਲੇ ਪਿੰਡ ਅਲੀਸ਼ੇਰ ਵਿਖੇ ਐਤਵਾਰ ਵਾਲੇ ਦਿਨ ਵਾਪਰੇ ਭਿਆਨਕ ਸੜਕ ਹਾਦਸੇ ਨੇ ਅੱਠ ਪਰਿਵਾਰਾਂ ਦੀ ਜ਼ਿੰਦਗੀ ਉਜਾੜ ਕੇ ਰੱਖ ਦਿੱਤੀ ਹੈ। ਇਸ ਹਾਦਸੇ ’ਚ ਜਿੱਥੇ ਛੇ ਔਰਤਾਂ ਸਮੇਤ 2 ਵਿਅਕਤੀਆਂ ਦੀ ਮੌਤ ਹੋਣ ਕਾਰਨ ਪਰਿਵਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਜ਼ਖ਼ਮੀ ਹੋਏ ਲੋਕਾਂ ਦੇ ਪਰਿਵਾਰ ਆਪਣੇ ਪਿਆਰਿਆਂ ਦੀ ਜ਼ਿੰਦਗੀ ਨੂੰ ਲੈ ਕੇ ਚਿੰਤਤ ਹਨ।
ਲਹਿਰਾਗਾਗਾ, 20 ਅਕਤੂਬਰ (ਅਸ਼ੋਕ ਗਰਗ)-ਲਹਿਰਾਗਾਗਾ ਨੇੜਲੇ ਪਿੰਡ ਅਲੀਸ਼ੇਰ ਵਿਖੇ ਐਤਵਾਰ ਵਾਲੇ ਦਿਨ ਵਾਪਰੇ ਭਿਆਨਕ ਸੜਕ ਹਾਦਸੇ ਨੇ ਅੱਠ ਪਰਿਵਾਰਾਂ ਦੀ ਜ਼ਿੰਦਗੀ ਉਜਾੜ ਕੇ ਰੱਖ ਦਿੱਤੀ ਹੈ। ਇਸ ਹਾਦਸੇ ’ਚ ਜਿੱਥੇ ਛੇ ਔਰਤਾਂ ਸਮੇਤ 2 ਵਿਅਕਤੀਆਂ ਦੀ ਮੌਤ ਹੋਣ ਕਾਰਨ ਪਰਿਵਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਜ਼ਖ਼ਮੀ ਹੋਏ ਲੋਕਾਂ ਦੇ ਪਰਿਵਾਰ ਆਪਣੇ ਪਿਆਰਿਆਂ ਦੀ ਜ਼ਿੰਦਗੀ ਨੂੰ ਲੈ ਕੇ ਚਿੰਤਤ ਹਨ। ਸਭ ਤੋਂ ਦਰਦਨਾਕ ਤਸਵੀਰ ਉਨ੍ਹਾਂ ਮਾਸੂਮ ਬੱਚਿਆਂ ਦੀ ਹੈ, ਜੋ ਆਪਣੇ ਪਿਤਾ ਦੀ ਗੋਦ ’ਚ ਬੈਠੇ ਮਾਂ ਦੇ ਘਰ ਪਰਤਣ ਦੀ ਉਡੀਕ ਕਰ ਰਹੇ ਹਨ। ਗੋਦ ਲਈ ਧੀ ਦੇ ਸਿਰ ਤੋਂ ਵੀ ਉੱਠਿਆ ਮਾਂ ਦਾ ਸਾਇਆ ਹਾਦਸੇ ’ਚ ਜਾਨ ਗੁਆਉਣ ਵਾਲੀ 41 ਸਾਲਾ ਸਰਬਜੀਤ ਕੌਰ ਪਤਨੀ ਸੋਨੀ ਖਾਂ ਦੇ ਪਰਿਵਾਰ ਦੀ ਕਹਾਣੀ ਵੀ ਬੇਹੱਦ ਦਰਦਨਾਕ ਹੈ। ਪਰਿਵਾਰਕ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਦੀ ਆਪਣੀ ਕੋਈ ਔਲਾਦ ਨਹੀਂ ਸੀ ਤੇ ਕਰੀਬ ਅੱਠ ਸਾਲ ਪਹਿਲਾਂ ਉਨ੍ਹਾਂ ਨੇ ਇੱਕ ਬੱਚੀ ਨੂੰ ਗੋਦ ਲਿਆ ਸੀ । ਇਹ ਬੱਚੀ ਸਰਕਾਰੀ ਸਕੂਲ ’ਚ ਪਹਿਲੀ ਜਮਾਤ ਵਿੱਚ ਪੜ੍ਹਦੀ ਹੈ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸਰਬਜੀਤ ਕੌਰ ਮਨਰੇਗਾ ਤਹਿਤ ਦਿਹਾੜੀ ਕਰਦੀ ਸੀ। ਹੁਣ ਇਸ ਮਾਸੂਮ ਬੱਚੀ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਹੈ ਅਤੇ ਉਸ ਦੀ ਪਰਵਰਿਸ਼ ਨੂੰ ਲੈ ਕੇ ਪਰਿਵਾਰ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਤਿੰਨ ਮਾਸੂਮ ਬੱਚੇ ਮਾਂ ਦੀ ਉਡੀਕ ’ਚ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋਈ 35 ਸਾਲਾ ਕਰਮਜੀਤ ਕੌਰ ਪਤਨੀ ਜਗਸੀਰ ਸਿੰਘ ਆਪਣੇ ਪਿੱਛੇ ਤਿੰਨ ਨਾਬਾਲਗ ਬੱਚੇ ਛੱਡ ਗਈ ਹੈ। ਇਨ੍ਹਾਂ ’ਚ ਅੱਠ ਸਾਲ ਦਾ ਪੁੱਤਰ, ਛੇ ਸਾਲ ਦਾ ਦੂਜਾ ਪੁੱਤਰ ਅਤੇ ਤਿੰਨ ਸਾਲ ਦੀ ਧੀ ਸ਼ਾਮਿਲ ਹਨ। ਜਿਸ ਉਮਰ ਵਿੱਚ ਬੱਚਿਆਂ ਨੂੰ ਮਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਉਸੇ ਉਮਰ ਵਿੱਚ ਉਨ੍ਹਾਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਹੈ। ਇਹ ਮਾਸੂਮ ਬੱਚੇ ਆਪਣੇ ਪਿਤਾ ਦੀ ਗੋਦ ਵਿੱਚ ਬੈਠ ਕੇ ਸ਼ਾਇਦ ਅਜੇ ਵੀ ਮਾਂ ਦੇ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ। ਕਰਮਜੀਤ ਕੌਰ ਨੇ ਮਨਰੇਗਾ ਤਹਿਤ ਕੰਮ ਕਰਨਾ ਸਿਰਫ਼ ਤਿੰਨ ਦਿਨ ਪਹਿਲਾਂ ਹੀ ਸ਼ੁਰੂ ਕੀਤਾ ਸੀ। ਕਾਲਜ ਪੜ੍ਹਦੀ ਧੀ ਅਤੇ ਗਿਆਰਵੀਂ ਕਰਦੇ ਪੁੱਤਰ ਤੋਂ ਖੋਹੀ ਮਾਂ ਦੀ ਮਮਤਾ ਹਾਦਸੇ ’ਚ ਮੌਤ ਦਾ ਸ਼ਿਕਾਰ ਹੋਈ 35 ਸਾਲਾ ਮਨਜੀਤ ਕੌਰ ਪਤਨੀ ਤਰਸੇਮ ਸਿੰਘ ਦੇ ਪਰਿਵਾਰ ’ਤੇ ਵੀ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਸ ਦੇ ਦੋ ਬੱਚੇ ਹਨ। ਧੀ ਨਰਸਿੰਗ ਕਾਲਜ ’ਚ ਪੜ੍ਹਦੀ ਹੈ, ਜਦਕਿ ਪੁੱਤਰ ਗਿਆਰਵੀਂ ਦੀ ਪੜ੍ਹਾਈ ਕਰ ਰਿਹਾ ਹੈ। ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੀ ਮਾਂ ਦੇ ਚਲੇ ਜਾਣ ਨਾਲ ਪਰਿਵਾਰ ਵਿੱਚ ਸੋਗ ਦੇ ਨਾਲ-ਨਾਲ ਰੋਜ਼ਾਨਾ ਦੀਆਂ ਘਰੇਲੂ ਜ਼ਿੰਮੇਵਾਰੀਆਂ ਦਾ ਸੰਕਟ ਵੀ ਖੜ੍ਹਾ ਹੋ ਗਿਆ ਹੈ। ਮ੍ਰਿਤਕ ਕਰਮਜੀਤ ਬੇਗਮ 40 ਸਾਲ ਪਤਨੀ ਸੁਖਵਿੰਦਰ ਖਾਨ ਵੀ ਦੋ ਬੱਚਿਆਂ ਦੀ ਮਾਂ ਹੈ। ਜੋ ਬਾਲਗ ਹਨ ਅਤੇ ਬੀ.ਏ. ਦੀ ਪੜ੍ਹਾਈ ਕਰ ਰਹੇ ਹਨ। ਬੱਚਿਆਂ ਨੂੰ ਆਪਣੀ ਮਾਂ ਦੇ ਜਾਣ ਦਾ ਬੇਹੱਦ ਅਫਸੋਸ ਹੈ। ਜ਼ਖ਼ਮੀ ਔਰਤਾਂ ਦੇ ਪਰਿਵਾਰਾਂ ਦੀਆਂ ਵਧੀਆਂ ਮੁਸ਼ਕਿਲਾਂ ਇਸ ਭਿਆਨਕ ਹਾਦਸੇ ਵਿੱਚ ਜ਼ਖ਼ਮੀ ਹੋਈ 35 ਸਾਲਾ ਰਾਜ ਕੌਰ ਪਤਨੀ ਸਤਨਾਮ ਸਿੰਘ ਦਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪਰਿਵਾਰ ਵਿੱਚ ਉਸ ਦੀਆਂ ਤਿੰਨ ਨਾਬਾਲਗ ਧੀਆਂ ਹਨ ਅਤੇ ਘਰ ਦੀ ਆਮਦਨ ਦਾ ਸਾਧਨ ਵੀ ਬਹੁਤ ਸੀਮਤ ਹੈ। ਅਜਿਹੇ ਹਾਲਾਤ ਵਿੱਚ ਮਾਂ ਦੇ ਜ਼ਖ਼ਮੀ ਹੋਣ ਕਾਰਨ ਪਰਿਵਾਰ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ। ਇਸੇ ਤਰ੍ਹਾਂ ਜ਼ਖ਼ਮੀ ਕਿਰਨਪਾਲ ਕੌਰ ਪਤਨੀ ਜੰਟਾ ਸਿੰਘ ਦੇਵੀ ਦੇ ਪਰਿਵਾਰ ਦੀ ਹਾਲਤ ਵੀ ਚਿੰਤਾਜਨਕ ਦੱਸੀ ਜਾ ਰਹੀ ਹੈ। ਉਸ ਦੀਆਂ ਤਿੰਨ ਧੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਧੀ ਮਾਨਸਿਕ ਵਿਕਾਸ ਸਬੰਧੀ ਸਮੱਸਿਆ ਨਾਲ ਜੂਝ ਰਹੀ ਹੈ। ਪਰਿਵਾਰ ਇੱਕ ਕਮਰੇ ’ਚ ਹੀ ਗੁਜ਼ਾਰਾ ਕਰਦਾ ਹੈ। ਮਾਂ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਸਿਹਤ ਦੇ ਨਾਲ-ਨਾਲ ਬੱਚਿਆਂ ਦੇ ਭਵਿੱਖ ਦੀ ਵੀ ਚਿੰਤਾ ਸਤਾ ਰਹੀ ਹੈ। ਜ਼ਖ਼ਮੀਆਂ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ’ਚ ਕਰਵਾਉਣ ਦੀ ਮੰਗ ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰ ਪਾਲ, ਐਡਵੋਕੇਟ ਪ੍ਰੇਮਪਾਲ ਅਲੀਸ਼ੇਰ ਅਤੇ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਹਾਦਸੇ ’ਚ ਜ਼ਖ਼ਮੀ ਹੋਏ ਲੋਕਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾਇਆ ਜਾਵੇ, ਤਾਂ ਜੋ ਉਨ੍ਹਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ । ਪਰਿਵਾਰਕ ਮੈਂਬਰਾਂ ਨੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਦੇ ਪ੍ਰਬੰਧਾਂ ਬਾਰੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਮਰੀਜ਼ਾਂ ਨੂੰ ਲੋੜੀਂਦੀ ਦੇਖਭਾਲ ਨਹੀਂ ਮਿਲ ਸਕੇਗੀ।