ਕਾਰ ਸਵਾਰ ਵਿਅਕਤੀ ’ਤੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਦੋਸ਼, ਪੁਲਿਸ ਵਲੋਂ ਜਾਂਚ ਸ਼ੁਰੂ
ਗੁਰੂਹਰਸਹਾਏ, 23 ਸਤੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਦੇ ਇੰਪੀਰੀਅਲ ਇਨਕਲੇਵ ਵਿਖੇ ਅੱਜ ਦਿਨ-ਦਿਹਾੜੇ ਇਕ ਕਾਰ ਸਵਾਰ ਵਿਅਕਤੀ ਵਲੋਂ ਛੇਵੀਂ ਜਮਾਤ ਵਿਚ ਪੜ੍ਹਦੇ ਬੱਚੇ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਵਲੋਂ ਦਿਖਾਈ ਗਈ ਸੂਝ-ਬੂਝ ਕਾਰਨ ਵੱਡਾ ਹਾਦਸਾ ਹੋਣੋਂ ਟਲ਼ ਗਿਆ।
ਜ
ਜਾਣਕਾਰੀ ਦਿੰਦੇ ਹੋਏ ਬੱਚੇ ਦੇ ਪਿਤਾ ਰਜਨੀਸ਼ ਸ਼ਰਮਾ। ਤਸਵੀਰ-ਕਪਿਲ ਕੰਧਾਰੀ
24-09-2026
ਗੁਰੂਹਰਸਹਾਏ, 23 ਸਤੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਦੇ ਇੰਪੀਰੀਅਲ ਇਨਕਲੇਵ ਵਿਖੇ ਅੱਜ ਦਿਨ-ਦਿਹਾੜੇ ਇਕ ਕਾਰ ਸਵਾਰ ਵਿਅਕਤੀ ਵਲੋਂ ਛੇਵੀਂ ਜਮਾਤ ਵਿਚ ਪੜ੍ਹਦੇ ਬੱਚੇ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਵਲੋਂ ਦਿਖਾਈ ਗਈ ਸੂਝ-ਬੂਝ ਕਾਰਨ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਪਿਤਾ ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਉਹ ਇੰਪੀਰੀਅਲ ਇਨਕਲੇਵ ਵਿਚ ਰਹਿੰਦੇ ਹਨ ਅਤੇ ਉਹਨਾਂ ਦਾ ਬੇਟਾ ਅੱਜ ਟਿਊਸ਼ਨ ਲਈ ਆਪਣੇ ਘਰ ਤੋਂ ਬਾਹਰ ਜਾ ਰਿਹਾ ਸੀ। ਇਸ ਦੌਰਾਨ ਇਕ ਕਾਰ ਵਿਚ ਸਵਾਰ ਵਿਅਕਤੀ ਨੇ ਕਥਿਤ ਤੌਰ ’ਤੇ ਬੱਚੇ ਨੂੰ ਚਾਕਲੇਟ ਦੇਣ ਦਾ ਲਾਲਚ ਦਿੱਤਾ ਅਤੇ ਉਸ ਨੂੰ ਕਾਰ ਵਿਚ ਬੈਠਣ ਲਈ ਕਿਹਾ। ਬੱਚੇ ਨੇ ਚਾਕਲੇਟ ਲੈਣ ਜਾਂ ਕਾਰ ਵਿਚ ਬੈਠਣ ਦੀ ਬਜਾਏ ਤੁਰੰਤ ਉਥੋਂ ਆਪਣੇ ਘਰ ਵੱਲ ਦੌੜ ਲਗਾ ਦਿੱਤੀ। ਘਰ ਪਹੁੰਚ ਕੇ ਬੱਚੇ ਨੇ ਸਾਰੀ ਘਟਨਾ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਬੱਚੇ ਦੇ ਪਿਤਾ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਬਾਹਰ ਜਾ ਕੇ ਕਾਰ ਸਵਾਰ ਵਿਅਕਤੀ ਦੀ ਭਾਲ ਕੀਤੀ ਤੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਥਿਤ ਤੌਰ ’ਤੇ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਪਰਿਵਾਰ ਵਲੋਂ ਤੁਰੰਤ ਪੁਲਿਸ ਹੈਲਪਲਾਈਨ ਨੰਬਰ 112 ’ਤੇ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਪੁਲਿਸ ਵਲੋਂ ਕਲੋਨੀ ਅਤੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਸੀ.ਸੀ.ਟੀ.ਵੀ ਫੁਟੇਜ ਸਮੇਤ ਹੋਰ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਉੱਧਰ, ਘਟਨਾ ਤੋਂ ਬਾਅਦ ਇੰਪੀਰੀਅਲ ਇਨਕਲੇਵ ਦੇ ਵਸਨੀਕਾਂ ਵਿਚ ਵੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਅਜਿਹੀਆਂ ਘਟਨਾ ਹੋਣਾ ਬੜਾ ਹੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਘਰਾਂ ਵਿਚ ਵੀ ਸੁਰੱਖਿਤ ਨਹੀਂ ਹਨ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਿਨ ਸਮੇਂ ਤੇ ਰਾਤ ਸਮੇਂ ਪੁਲਿਸ ਗਸ਼ਤ ਸ਼ਹਿਰ ਵਿਚ ਵਧਾਈ ਜਾਵੇ।