20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਫ਼ਿਰੋਜ਼ਪੁਰ ਸ਼ਹਿਰੀ ਸੀਟ ’ਤੇ ‘ਆਪ’ ਦੀ ਟਿਕਟ ਲਈ ਨਵੇਂ ਚਿਹਰਿਆਂ ਦੀ ਦਾਖ਼ਲੀ ਨਾਲ ਭਖਿਆ ਸਿਆਸੀ ਪਿੜ ਸ਼ਹਿਰ ਅੰਦਰ ਨਵੇਂ ਚਿਹਰਿਆਂ ਦੇ ਦੁਸਹਿਰਾ-ਦੀਵਾਲੀ ਵਾਲੇ ਪੋਸਟਰਾਂ ਨਾਲ ਸ਼ਹਿਰ ਰੰਗਿਆ, ਜ਼ਮੀਨੀ ਆਗੂ ਗਾਇਬ

ਫ਼ਿਰੋਜ਼ਪੁਰ,19 ਅਕਤੂਬਰ (ਕੁਲਬੀਰ ਸਿੰਘ ਸੋਢੀ)- ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਵਿਚ ਭਗਦੜ ਮਚੀ ਹੋਈ ਹੈ ਉੱਥੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਲੈ ਕੇ ਸਿਆਸੀ ਸਰਗਰਮੀਆਂ ਵੱਡੇ ਪੱਧਰ ’ਤੇ ਤੇਜ਼ ਹੋਣ ਲੱਗੀਆਂ ਹਨ। ਦੇਖਣ ਵਿਚ ਆਇਆ ਹੈ ਕਿ ਹਲਕੇ ਵਿਚ ਟਿਕਟ ਦੇ ਸੰਭਾਵੀ ਦਾਅਵੇਦਾਰਾਂ ਦੀ ਗਿਣਤੀ ਦਿਨੋਂ ਦਿਨ ਵਧਣ ਨਾਲ ਜਿੱਥੇ ਪਾਰਟੀ ਅੰਦਰ ਸਿਆਸੀ ਹਲਚਲ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਸ਼ਹਿਰ ਅੰਦਰ ਨਵੇਂ ਚਿਹਰਿਆਂ ਦੇ ਦੁਸਹਿਰਾ-ਦੀਵਾਲੀ ਵਾਲੇ ਪੋਸਟਰਾਂ ਨਾਲ ਸ਼ਹਿਰ ਰੰਗਿਆ ਪਿਆ ਹੈ।

ਅਜੀਤ ਡੈਸਕ 20-10-2026
ਫ਼ਿਰੋਜ਼ਪੁਰ,19 ਅਕਤੂਬਰ (ਕੁਲਬੀਰ ਸਿੰਘ ਸੋਢੀ)- ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਵਿਚ ਭਗਦੜ ਮਚੀ ਹੋਈ ਹੈ ਉੱਥੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਲੈ ਕੇ ਸਿਆਸੀ ਸਰਗਰਮੀਆਂ ਵੱਡੇ ਪੱਧਰ ’ਤੇ ਤੇਜ਼ ਹੋਣ ਲੱਗੀਆਂ ਹਨ। ਦੇਖਣ ਵਿਚ ਆਇਆ ਹੈ ਕਿ ਹਲਕੇ ਵਿਚ ਟਿਕਟ ਦੇ ਸੰਭਾਵੀ ਦਾਅਵੇਦਾਰਾਂ ਦੀ ਗਿਣਤੀ ਦਿਨੋਂ ਦਿਨ ਵਧਣ ਨਾਲ ਜਿੱਥੇ ਪਾਰਟੀ ਅੰਦਰ ਸਿਆਸੀ ਹਲਚਲ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਸ਼ਹਿਰ ਅੰਦਰ ਨਵੇਂ ਚਿਹਰਿਆਂ ਦੇ ਦੁਸਹਿਰਾ-ਦੀਵਾਲੀ ਵਾਲੇ ਪੋਸਟਰਾਂ ਨਾਲ ਸ਼ਹਿਰ ਰੰਗਿਆ ਪਿਆ ਹੈ। ਦੇਖਣ ਵਿਚ ਆਇਆ ਹੈ ਕਿ ਨਵੇਂ ਚੇਹਰਿਆਂ ਵਲੋਂ ਕਈ ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣ ਤੋਂ ਲੈ ਕੇ ਦੁਸਹਿਰਾ ਅਤੇ ਦੀਵਾਲੀ ਤਿਉਹਾਰ ’ਤੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿਚ ਸ਼ਮੂਲੀਅਤ ਕਰਕੇ ਆਪਣੀ ਮੌਜੂਦਗੀ ਦਰਜ ਕਰਵਾਈ ਜਾ ਰਹੀ ਹੈ। ਇਸ ਨਾਲ ਹੀ ਸ਼ਹਿਰ ਵਿਚ ਵੱਖ-ਵੱਖ ‘ਆਪ’ ਦੇ ਦਾਅਵੇਦਾਰਾਂ ਵਲੋਂ ਦਫ਼ਤਰ ਖੋਲ੍ਹੇ ਜਾਣ ’ਤੇ ਸਮਰਥਕਾਂ ਨਾਲ ਮੀਟਿੰਗਾਂ ਕਰਨ ਦੀਆਂ ਸਰਗਰਮੀਆਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ । ਸ਼ਹਿਰ ਵਿਚ ਨਿੱਤ ਨਵੇਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਹੈ, ਜਿਸ ਕਰਕੇ ਦੁਸਹਿਰਾ ਤੇ ਦੀਵਾਲੀ ਦੇ ਪੋਸਟਰਾਂ ਨਾਲ ਸ਼ਹਿਰ ਦਾ ਹਰ ਕੋਨਾ ਰੰਗਿਆ ਪਿਆ ਹੈ। ਇਨ੍ਹਾਂ ਚਿਹਰਿਆਂ ਵਿਚ ਕੁੱਝ ਅਜਿਹੇ ਚਿਹਰੇ ਵੀ ਹਨ ਜਿਨ੍ਹਾਂ ਦਾ ਕੋਈ ਸਰਗਰਮੀ ਅਤੇ ਲੋਕ ਰਾਬਤਾ ਨਹੀਂ ਹੈ। ਸੋਚਣ ਵਾਲੀ ਗੱਲ ਹੈ ਕਿ ਅਜਿਹੇ ਚਿਹਰੇ ਕਿਸ ਆਧਾਰ ਨਾਲ ਲੋਕਾਂ ਵਿਚ ਜਾਂਦੇ ਅਤੇ ਕਿਸ ਤਰ੍ਹਾਂ ਆਪਣਾ ਵਿਸ਼ਵਾਸ ਪੈਦਾ ਕਰਨਗੇ। ਸਭ ਤੋਂ ਵੱਡਾ ਸਵਾਲ ਹਨ ਇਹ ਹੈ ਕਿ ਜੇਕਰ ਆਮ ਆਦਮੀ ਪਾਰਟੀ ਵਲੋਂ ਕਿਸੇ ਨਵੇਂ ਚਿਹਰੇ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਪਾਰਟੀ ਦੀ ਸੱਚੀ ਸੋਚ ’ਤੇ ਜੂਝੇ ਟਕਸਾਲੀ ਵਰਕਰ ਉਸ ਉਮੀਦਵਾਰ ਨਾਲ ਕਿਸ ਹੱਦ ਤੱਕ ਖੜ੍ਹੇ ਦਿਖਾਈ ਦੇਣਗੇ। ਜ਼ਿਕਰਯੋਗ ਹੈ ਕਿ ਸ਼ਹਿਰੀ ਹਲਕੇ ਵਿਚ ਜੇਕਰ ਨਵੇਂ ਚਿਹਰੇ ‘ਆਪ’ ਨਾਲ ਜੁੜਦੇ ਹਨ ਤਾਂ ਉਨ੍ਹਾਂ ਨੂੰ ਮਿਲਣ ਵਾਲੀ ਤਵੱਜੋਂ ਅਤੇ ਪੁਰਾਣੇ ਵਰਕਰਾਂ ਦੀ ਸਵੀਕਾਰਤਾ ਵਿਚਕਾਰ ਸੰਤੁਲਨ ਬਣਾਉਣਾ ਪਾਰਟੀ ਲਈ ਅਹਿਮ ਹੋਵੇਗਾ। ਸ਼ਹਿਰੀ ਹਲਕੇ ਦੇ ਨਵੇਂ ਉਮੀਦਵਾਰ ਘੱਟ ਤੇ ਦਿਹਾਤੀ ਅਤੇ ਨਾਲ ਲੱਗਦੇ ਹਲਕਿਆਂ ਤੋਂ ਜ਼ਿਆਦਾ ਸ਼ਹਿਰ ਅੰਦਰ ਪੋਸਟਰ ਤੇ ਬੈਨਰ ਲਗਾਉਣ ਦੀ ਦੌੜ ਵਿਚ ਲੱਗੇ ‘ਆਪ’ ਦੇ ਸੰਭਾਵੀ ਉਮੀਦਵਾਰ ਦੀ ਗੱਲ ਕਰੀਏ ਤਾ ਇਨ੍ਹਾਂ ਚਿਹਰਿਆਂ ਵਿਚੋਂ ਸ਼ਹਿਰੀ ਹਲਕੇ ਤੋਂ ਇਕ ਦੁੱਕਾ ਚੇਹਰੇ ਸਾਹਮਣੇ ਆਏ ਹਨ ਜਦਕਿ ਦਿਹਾਤੀ ਤੋਂ ਵੱਧ ਅਤੇ ਨਾਲ ਲੱਗਦੇ ਹਲਕੇ ਦੇ ਇਕ ਚੇਹਰੇ ਨੇ ਬੀਤੀ ਰਾਤ ਅਜਿਹੀ ਐਂਟਰੀ ਮਾਰੀ ਹੈ ਕਿ ਸਾਰਾ ਸ਼ਹਿਰ ਵੱਡੇ-ਵੱਡੇ ਬੋਰਡਾਂ ਨਾਲ ਭਰ ਦਿੱਤਾ ਹੈ ਤੇ ਲਿਖਿਆ ਹੈ ਕਿ ‘ਵਲੋਂ ਸਮੂਹ ਆਮ ਆਦਮੀ ਪਾਰਟੀ ਫ਼ਿਰੋਜ਼ਪੁਰ ਸ਼ਹਿਰੀ’, ਜਿਸ ਕਰਕੇ ਵੱਧ ਚਰਚਾ ਹੋ ਰਹੀ ਹੈ। ਸੋਚਣ ਵਾਲੀ ਗੱਲ ਹੈ ਕਿ ਜਿਨ੍ਹਾਂ ਨੂੰ ਸ਼ਹਿਰ ਦੀਆਂ ਗਲੀਆਂ ਤੇ ਮੁਹੱਲਿਆਂ ਤੱਕ ਦਾ ਪਤਾ ਨਹੀਂ ਪਰ ਉਹ ਸ਼ਹਿਰੀ ਸੀਟ ਦੇ ਸੁਪਨੇ ਲੈ ਰਹੇ ਹਨ। ਜਾਣਕਾਰੀ ਅਨੁਸਾਰ ਸ਼ਹਿਰ ਦੀ ਸੀਟ ਤੋਂ ਸੰਭਾਵੀ ਉਮੀਦਵਾਰੀ ਦੀ ਟਿਕਟ ’ਤੇ ਸ਼ਹਿਰ ਤੋਂ ਨਰਿੰਦਰ ਗਰੋਵਰ, ਵਿਨੋਦ ਸੋਈ, ਮੇਜਰ ਹਰਮਿੰਦਰ ਸਿੰਘ ਭੁੱਲਰ ਹਨ ਜੋ ਸ਼ਹਿਰੀ ਹਲਕੇ ਦੇ ਵੋਟਰ ਹਨ ਅਤੇ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਇਸੇ ਤਰ੍ਹਾਂ ਦਿਹਾਤੀ ਹਲਕੇ ਤੋਂ ਸੁਖਰਾਜ ਸਿੰਘ ਗੋਰਾ, ਦਿਲਜੋਤ ਧਵਨ ਕੰਬੋਜ, ਉਰਮਿਲਾ ਗੁਲ੍ਹਾਟੀ, ਕੁਲਦੀਪ ਸਿੰਘ ਭੁੱਲਰ, ਪਰਮਪਾਲ ਸਿੰਘ ਗਿੱਲ ਜੋ ਦਿਹਾਤੀ ਹਲਕੇ ਨਾਲ ਸਬੰਧਿਤ ਹਨ ਤੇ ਬੀਤੇ ਦਿਨ ਸ਼ਹਿਰੀ ਹਲਕੇ ਅੰਦਰ ਲੱਗੇ ਵੱਡੇ-ਵੱਡੇ ਬੋਰਡਾਂ ਵਾਲੇ ਸ਼ਮਿੰਦਰ ਸਿੰਘ ਖਿੰਡਾ ਜ਼ੀਰਾ ਹਲਕੇ ਨਾਲ ਸਬੰਧਿਤ ਹਨ। ਹੁਣ ਦੇਖਣਾ ਹੋਏਗਾ ਕਿ ਉਮੀਦਵਾਰੀ ਦੀ ਦੌੜ ਵਿਚ ਲੱਗੇ ਆਗੂਆਂ ਨਾਲੋਂ ਵੱਧ ਮਜ਼ਬੂਤ ਉਮੀਦਵਾਰ ਮੌਜੂਦਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਮੁੜ ਪਾਰਟੀ ਚੋਣਾਂ ਵਿਚ ਉਮੀਦਵਾਰ ਬਣਾਏਗੀ ਜਾਂ ਫਿਰ ਸ਼ਹਿਰ ਦੇ ਕਿਸੇ ਹੋਰ ਉਮੀਦਵਾਰ ਨੂੰ ਮੈਦਾਨ ਵਿਚ ਉਤਾਰੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਦਿਹਾਤੀ ਹਲਕੇ ਜਾਂ ਫਿਰ ਜ਼ੀਰਾ ਜਾਂ ਗੁਰੂਹਰਸਹਾਏ ਦੇ ਕਿਸੇ ਆਗੂ ਨੂੰ ਉਮੀਦਵਾਰ ਬਣਾਉਣ ਬਾਰੇ ਸੋਚੇਗੀ ਤਾਂ ਪਾਰਟੀ ਨੂੰ ਕਿਤੇ ਨਾ ਕਿਤੇ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਪਾਰਟੀ ਦੀ ਚੁੱਪੀ ਜਾਂ ‘ਆਪ’-ਮੁਹਾਰਾਪਣ ? ਦੇਖਿਆ ਜਾਵੇ ਤਾਂ ਹੁਣ ਤੱਕ ਪਾਰਟੀ ਹਾਈਕਮਾਂਡ ਵਲੋਂ ਕਿਸੇ ਨੂੰ ਵੀ ਹਰੀ ਝੰਡੀ ਨਹੀਂ ਦਿੱਤੀ ਗਈ। ਫਿਰ ਵੀ ਸੰਭਾਵੀ ਉਮੀਦਵਾਰ ਆਪ-ਮੁਹਾਰੇ ਦਫ਼ਤਰ ਖੋਲ੍ਹ ਕੇ ਧਾਰਮਿਕ ਸਮਾਗਮਾਂ ਵਿਚ ਮੱਥਾ ਟੇਕ ਕੇ ਅਤੇ ਲੰਗਰਾਂ ਵਿਚ ਸੇਵਾ ਕਰਦੇ ਦਿਖਾਈ ਦੇ ਰਹੇ ਹਨ। ਕੀ ਇਹ ਪਾਰਟੀ ਦੀ ਰਣਨੀਤੀ ਹੈ ਜਾਂ ਟਿਕਟ ਦੇ ਚਾਹਵਾਨਾਂ ਦਾ ਆਪਣਾ ਹੀ ਪ੍ਰਚਾਰ-ਤੰਤਰ ਹੈ। ਸਥਾਨਕ ਟਕਸਾਲੀ ਵਰਕਰਾਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਨਾਂਅ ਨਾ ਛਾਪਣ ਦੀ ਸ਼ਰਤ ’ਤੇ ਇਕ ਸੀਨੀਅਰ ਵਰਕਰ ਨੇ ਕਿਹਾ ‘ਅਸੀਂ 10 ਸਾਲ ਝੰਡੇ ਚੁੱਕੇ, ਹੁਣ ਬਾਹਰੋਂ ਆ ਕੇ ਕੋਈ ਪੋਸਟਰ ਲਾ ਕੇ ਟਿਕਟ ਲੈ ਜਾਵੇਗਾ? ਇਹ ਟਕਸਾਲੀ ਵਰਕਰਾਂ ਨਾਲ ਧੋਖਾ ਹੈ। ’
ਪਿਛਲੀ ਖ਼ਬਰ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦੀ ਅਗਵਾਈ ਹੇਠ ਨਵ-ਨਿਯੁਕਤ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਅਗਲੀ ਖ਼ਬਰ ਡੀ.ਸੀ. ਮਾਡਲ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।