ਕੋਈ ਵੀ ਯੋਗ ਨਾਗਰਿਕ ਵੋਟਰ ਬਣਨ ਤੋਂ ਵਾਂਝਾ ਨਾ ਰਹੇ, ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ- ਐੱਸ.ਡੀ.ਐੱਮ. ਹਰਦੀਪ ਸਿੰਘ
ਗੁਰੂਹਰਸਹਾਏ, 20 ਨਵੰਬਰ (ਕਪਿਲ ਕੰਧਾਰੀ)-ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫ਼ਿਰੋਜ਼ਪੁਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ, ਆਈ. ਏ.
ਜ
ਜਾਣਕਾਰੀ ਦਿੰਦੇ ਹੋਏ ਐਸ.ਡੀ.ਐਮ ਹਰਦੀਪ ਸਿੰਘ। ਤਸਵੀਰ-ਕਪਿਲ ਕੰਧਾਰੀ
21-11-2026
ਗੁਰੂਹਰਸਹਾਏ, 20 ਨਵੰਬਰ (ਕਪਿਲ ਕੰਧਾਰੀ)-ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫ਼ਿਰੋਜ਼ਪੁਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ, ਆਈ.ਏ.ਐੱਸ. ਦੀ ਰਹਿਨੁਮਾਈ ਅਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਡਾ.ਅਮਨਦੀਪ ਕੌਰ, ਪੀ.ਸੀ.ਐੱਸ. ਅਤੇ ਸ੍ਰੀ ਹਿਮਾਂਸ਼ੂ ਕਾਦਿਆਨ, ਆਈ.ਏ.ਐੱਸ., ਸੀ.ਐੱਮ.ਐੱਫ.ਓ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ (ਐੱਸ.ਆਈ.ਆਰ.) ਤਹਿਤ ਵਿਧਾਨ ਸਭਾ ਹਲਕਾ 78-ਗੁਰੂਹਰਸਹਾਏ ਦੇ ਸਮੂਹ ਪੋਲਿੰਗ ਬੂਥਾਂ ’ਤੇ 22 ਨਵੰਬਰ ਅਤੇ 6 ਦਸੰਬਰ 2026 ਨੂੰ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਯੋਗ ਨਾਗਰਿਕਾਂ ਦੇ ਨਾਮ ਵੋਟਰ ਸੂਚੀ ਵਿਚ ਦਰਜ ਕਰਨਾ, ਮੌਜੂਦਾ ਵੋਟਰ ਸੂਚੀਆਂ ਦੀਆਂ ਤਰੁੱਟੀਆਂ ਦੂਰ ਕਰਨਾ ਅਤੇ ਨੌਜਵਾਨਾਂ ਨੂੰ ਲੋਕਤੰਤਰੀ ਪ੍ਰਕਿਰਿਆ ਨਾਲ ਜੋੜਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਐੱਸ.ਡੀ.ਐੱਮ. ਗੁਰੂਹਰਸਹਾਏ ਹਰਦੀਪ ਸਿੰਘ, ਪੀ.ਸੀ.ਐੱਸ. ਨੇ ਦੱਸਿਆ ਕਿ 22 ਨਵੰਬਰ ਅਤੇ 6 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹਲਕੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਇਹ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਦੌਰਾਨ ਸਬੰਧਤ ਬੂਥ ਲੈਵਲ ਅਫ਼ਸਰ (ਬੀ.ਐੱਲ.ਓ.) ਆਪਣੇ-ਆਪਣੇ ਬੂਥਾਂ ’ਤੇ ਹਾਜ਼ਰ ਰਹਿਣਗੇ ਅਤੇ ਲੋਕਾਂ ਨੂੰ ਨਵੀਂ ਵੋਟ ਬਣਾਉਣ, ਵੋਟਰ ਸੂਚੀ ਵਿਚ ਦਰਜ ਵੇਰਵਿਆਂ ਦੀ ਸੋਧ ਕਰਵਾਉਣ ਅਤੇ ਦਾਅਵੇ ’ਤੇ ਇਤਰਾਜ਼ ਦਰਜ ਕਰਵਾਉਣ ਸਬੰਧੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ 18 ਤੋਂ 19 ਸਾਲ ਉਮਰ ਵਰਗ ਦੇ ਨੌਜਵਾਨਾਂ ਦੀ ਵੱਧ ਤੋਂ ਵੱਧ ਵੋਟਰ ਰਜਿਸਟਰੇਸ਼ਨ ਕਰਵਾਉਣ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ, ਤਾਂ ਜੋ ਕੋਈ ਵੀ ਯੋਗ ਨੌਜਵਾਨ ਆਪਣੀ ਪਹਿਲੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਇਸ ਤੋਂ ਇਲਾਵਾ ਵੋਟਰ ਸੂਚੀਆਂ ਵਿਚ ਦਰਜ ਨਾਮਾਂ ਅਤੇ ਹੋਰ ਵੇਰਵਿਆਂ ਦੀ ਸੋਧ, ਏ.ਐੱਸ.ਡੀ.ਡੀ. ਵਜੋਂ ਦਰਜ ਵੋਟਰਾਂ ਦੀਆਂ ਸੂਚੀਆਂ ਦੀ ਪੜਤਾਲ, ਯੋਗ ਦਿਵਿਆਂਗ ਵੋਟਰਾਂ ਦੀ ਪਛਾਣ ਅਤੇ ਮਾਰਕਿੰਗ, 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਤਸਦੀਕ ਅਤੇ ਵੀ.ਆਈ.ਪੀ. ਵੋਟਰਾਂ ਦੇ ਵੇਰਵਿਆਂ ਦੀ ਜਾਂਚ ਵੀ ਕੀਤੀਜਾਵੇਗੀ। ਐੱਸ.ਡੀ.ਐੱਮ. ਨੇ ਦੱਸਿਆ ਕਿ ਕੈਂਪਾਂ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਸੁਪਰਵਾਈਜ਼ਰਾਂ ਨੂੰ ਆਪਣੇ ਅਧੀਨ ਆਉਂਦੇ ਪੋਲਿੰਗ ਬੂਥਾਂ ’ਤੇ ਬੀ.ਐੱਲ.ਓਜ਼ ਦੀ 100 ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ, ਕੈਂਪਾਂ ਦੀ ਨਿਗਰਾਨੀ ਕਰਨ ਅਤੇ ਪ੍ਰਾਪਤ ਹੋਏ ਫਾਰਮਾਂ ਸਬੰਧੀ ਰਿਪੋਰਟ ਸਮੇਂ ਸਿਰ ਪੇਸ਼ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਡਾ.ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਲਕਾ ਸਵੀਪ ਟੀਮ ਵੱਲੋਂ ਵੀ ਇਨ੍ਹਾਂ ਕੈਂਪਾਂ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇਗੀ। ਇਸ ਲਈ ਵਿੱਦਿਅਕ ਸੰਸਥਾਵਾਂ, ਚੋਣ ਸਾਖਰਤਾ ਕਲੱਬਾਂ, ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਦਾ ਵੀ ਸਹਾਰਾ ਲਿਆ ਜਾਵੇਗਾ, ਤਾਂ ਜੋ ਪਹਿਲੀ ਵਾਰ ਵੋਟ ਬਣਵਾਉਣ ਵਾਲੇ ਨੌਜਵਾਨਾਂ ਸਮੇਤ ਹਰ ਯੋਗ ਨਾਗਰਿਕ ਤੱਕ ਇਸ ਮੁਹਿੰਮ ਦਾ ਸੁਨੇਹਾ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ-2027 ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਇਹ ਸੁਧਾਈ ਬੇਹੱਦ ਮਹੱਤਵਪੂਰਨ ਹੈ। ਸ਼ੁੱਧ ਅਤੇ ਤਰੁੱਟੀ ਰਹਿਤ ਵੋਟਰ ਸੂਚੀ ਮਜ਼ਬੂਤ ਲੋਕਤੰਤਰ ਦੀ ਬੁਨਿਆਦ ਹੁੰਦੀ ਹੈ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ, ਆਪਣਾ ਨਾਮ ਅਤੇ ਹੋਰ ਵੇਰਵੇ ਵੋਟਰ ਸੂਚੀ ਵਿਚ ਜ਼ਰੂਰ ਚੈੱਕ ਕਰਨ ਅਤੇ ਆਪਣੇ ਪਰਿਵਾਰ ਦੇ ਯੋਗ ਨੌਜਵਾਨਾਂ ਦੀ ਵੋਟਰ ਰਜਿਸਟਰੇਸ਼ਨ ਕਰਵਾਉਣ ਲਈ ਸਹਿਯੋਗ ਦੇਣ। ਇਸ ਮੌਕੇ ਸੁਪਰਡੈਂਟ ਕੇਵਲ ਕ੍ਰਿਸ਼ਨ, ਹਲਕਾ ਸਵੀਪ ਕੋਆਰਡੀਨੇਟਰ ਸ.ਪਰਵਿੰਦਰ ਸਿੰਘ ਸੋਢੀ, ਸੰਦੀਪ ਕੰਬੋਜ, ਸ.ਗੁਰਵਿੰਦਰ ਸਿੰਘ, ਚੋਣ ਸੈੱਲ ਇੰਚਾਰਜ ਦੀਪਕ ਸ਼ਰਮਾ, ਸ. ਗੁਰਜੋਤ ਸਿੰਘ ਢਿੱਲੋਂ, ਸੰਦੀਪ ਸ਼ਰਮਾ ਅਤੇ ਸਮੂਹ ਸੈਕਟਰ ਅਫ਼ਸਰ ਹਾਜ਼ਰ ਸਨ।