ਮੇਨ ਹਾਈਵੇ ’ਤੇ ਲੰਮੇ ਸਮੇਂ ਤੋਂ ਬੰਦ ਪਈਆਂ ਸਿਗਨਲ ਲਾਈਟਾਂ, ਬੈਰੀਕੇਡ ਵੀ ਬਣੇ ਨਮੂਨਾ
ਲੋਕਾਂ ਨੇ ਪੁੱਛਿਆ- ਕੀ ਕਿਸੇ ਵੱਡੇ ਹਾਦਸੇ ਤੋਂ ਬਾਅਦ ਹੀ ਜਾਗੇਗਾ ਪ੍ਰਸ਼ਾਸਨ
ਫ਼ਿਰੋਜ਼ਪੁਰ, 21 ਨਵੰਬਰ (ਰਾਕੇਸ਼ ਕੁਮਾਰ ਚਾਵਲਾ)-ਫ਼ਿਰੋਜ਼ਪੁਰ ਦੇ ਮੇਨ ਹਾਈਵੇ ’ਤੇ ਟਰੈਫਿਕ ਪ੍ਰਬੰਧਾਂ ਦੀ ਜੋ ਤਸਵੀਰ ਸਾਹਮਣੇ ਆ ਰਹੀ ਹੈ, ਉਹ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਹਾਈਵੇ ਤੋਂ ਰੋਜ਼ਾਨਾ ਹਜ਼ਾਰਾਂ ਛੋਟੇ-ਵੱਡੇ ਵਾਹਨ ਗੁਜ਼ਰਦੇ ਹਨ, ਉੱਥੇ ਲੰਮੇ ਸਮੇਂ ਤੋਂ ਟਰੈਫਿਕ ਸਿਗਨਲ ਲਾਈਟਾਂ ਬੰਦ ਪਈਆਂ ਹਨ।
ਫ਼ਿਰੋਜ਼ਪੁਰ, 21 ਨਵੰਬਰ (ਰਾਕੇਸ਼ ਕੁਮਾਰ ਚਾਵਲਾ)-ਫ਼ਿਰੋਜ਼ਪੁਰ ਦੇ ਮੇਨ ਹਾਈਵੇ ’ਤੇ ਟਰੈਫਿਕ ਪ੍ਰਬੰਧਾਂ ਦੀ ਜੋ ਤਸਵੀਰ ਸਾਹਮਣੇ ਆ ਰਹੀ ਹੈ, ਉਹ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਹਾਈਵੇ ਤੋਂ ਰੋਜ਼ਾਨਾ ਹਜ਼ਾਰਾਂ ਛੋਟੇ-ਵੱਡੇ ਵਾਹਨ ਗੁਜ਼ਰਦੇ ਹਨ, ਉੱਥੇ ਲੰਮੇ ਸਮੇਂ ਤੋਂ ਟਰੈਫਿਕ ਸਿਗਨਲ ਲਾਈਟਾਂ ਬੰਦ ਪਈਆਂ ਹਨ। ਹਾਈਵੇ ’ਤੇ ਸਿਗਨਲ ਲਾਈਟਾਂ ਬੰਦ ਹੋਣ ਕਾਰਨ ਵਾਹਨ ਚਾਲਕ ਆਪਣੀ ਮਰਜ਼ੀ ਅਨੁਸਾਰ ਚੌਂਕ ਵਿਚੋਂ ਲੰਘ ਰਹੇ ਹਨ। ਇਕ ਪਾਸੇ ਤੇਜ਼ ਰਫ਼ਤਾਰ ਨਾਲ ਆਉਂਦੀਆਂ ਗੱਡੀਆਂ ਅਤੇ ਦੂਜੇ ਪਾਸੇ ਬਿਨਾਂ ਕਿਸੇ ਸੰਕੇਤ ਦੇ ਸੜਕ ਪਾਰ ਕਰਨ ਵਾਲੇ ਵਾਹਨ ਕਿਸੇ ਵੀ ਸਮੇਂ ਭਿਆਨਕ ਟੱਕਰ ਦਾ ਕਾਰਨ ਬਣ ਸਕਦੇ ਹਨ। ਹਾਲਾਤ ਇਹ ਹਨ ਕਿ ਚੌਂਕ ਵਿਚ ਲੱਗੇ ਬੈਰੀਕੇਡ ਵੀ ਟਰੈਫਿਕ ਨੂੰ ਨਿਯਮਤ ਕਰਨ ਦੀ ਬਜਾਏ ਇਕ ਪਾਸੇ ਰੱਖੇ ਦਿਖਾਈ ਦਿੰਦੇ ਹਨ। ਪੁਲਿਸ ਮੁਲਾਜ਼ਮ ਆਵਾਜਾਈ ਨੂੰ ਸੁਚਾਰੂ ਬਣਾਉਂਦਾ ਘੱਟ ਨਜ਼ਰ ਆਉਂਦੇ ਹਨ। ਇਹ ਹਾਈਵੇ ਸਿਰਫ਼ ਆਮ ਲੋਕਾਂ ਦੀ ਆਵਾਜਾਈ ਦਾ ਹੀ ਰਸਤਾ ਨਹੀਂ, ਸਗੋਂ ਇਸ ਰਸਤੇ ਤੋਂ ਮੰਤਰੀਆਂ, ਵਿਧਾਇਕਾਂ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਦੇ ਵਾਹਨ ਵੀ ਲੰਘਦੇ ਹਨ। ਇਸ ਦੇ ਬਾਵਜੂਦ ਸੜਕ ’ਤੇ ਟਰੈਫਿਕ ਕੰਟਰੋਲ ਦੀ ਬੁਨਿਆਦੀ ਵਿਵਸਥਾ ਦਾ ਨਾ ਹੋਣਾ ਪ੍ਰਸ਼ਾਸਨਿਕ ਗੰਭੀਰਤਾ ’ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਜਦੋਂ ਬੈਰੀਕੇਡ ਮੌਜ਼ੂਦ ਹਨ ਤਾਂ ਉਨ੍ਹਾਂ ਨੂੰ ਸਹੀ ਥਾਂ ’ਤੇ ਲਗਾ ਕੇ ਟਰੈਫਿਕ ਨੂੰ ਨਿਯਮਤ ਕਿਉਂ ਨਹੀਂ ਕੀਤਾ ਜਾ ਰਿਹਾ? ਜੇਕਰ ਬੈਰੀਕੇਡ ਲਗਾਉਣ ਦਾ ਮਕਸਦ ਹੀ ਆਵਾਜਾਈ ਨੂੰ ਸੁਰੱਖਿਅਤ ਬਣਾਉਣਾ ਹੈ ਤਾਂ ਉਨ੍ਹਾਂ ਨੂੰ ਇਕ ਪਾਸੇ ਰੱਖਣ ਦਾ ਕੀ ਅਰਥ ਰਹਿ ਜਾਂਦਾ ਹੈ। ਸਭ ਤੋਂ ਗੰਭੀਰ ਸਵਾਲ ਇਹ ਹੈ ਜੇ ਕਰ ਜ਼ਿਲ੍ਹਾ ਪ੍ਰਬੰਧਕੀ ਵਰਗੇ ਮਹੱਤਵਪੂਰਨ ਮਹਿਕਮਿਆਂ ਦੇ ਇੰਨੇ ਨੇੜੇ ਟਰੈਫਿਕ ਪ੍ਰਬੰਧਾਂ ਦੀ ਇਹ ਹਾਲਤ ਹੈ ਤਾਂ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਪ੍ਰਬੰਧਾਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਸਿਗਨਲ ਲਾਈਟਾਂ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਦੇਖਭਾਲ ਅਤੇ ਸਮੇਂ ਸਿਰ ਮੁਰੰਮਤ ਕਰਵਾਉਣਾ ਵੀ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ ਹੈ, ਪਰ ਲੰਮੇ ਸਮੇਂ ਤੋਂ ਬੰਦ ਪਈਆਂ ਲਾਈਟਾਂ ਇਹ ਸਵਾਲ ਖੜ੍ਹਾ ਕਰ ਰਹੀਆਂ ਹਨ ਕਿ ਕੀ ਇਨ੍ਹਾਂ ਦੀ ਜਾਂਚ ਕਰਨ ਵਾਲਾ ਕੋਈ ਅਧਿਕਾਰੀ ਵੀ ਹੈ। ਇਲਾਕਾ ਵਾਸੀਆਂ ਅਤੇ ਰਾਹਗੀਰਾਂ ਦੀ ਮੰਗ ਹੈ ਕਿ ਛਾਉਣੀ ਦੇ ਮੇਨ ਹਾਈਵੇ ’ਤੇ ਬੰਦ ਪਈਆਂ ਸਿਗਨਲ ਲਾਈਟਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ, ਬੈਰੀਕੇਡਾਂ ਨੂੰ ਸਹੀ ਢੰਗ ਨਾਲ ਲਗਾਇਆ ਜਾਵੇ ਅਤੇ ਲੋੜ ਅਨੁਸਾਰ ਟਰੈਫਿਕ ਪੁਲਿਸ ਮੁਲਾਜ਼ਮਾਂ ਦੀ ਪੱਕੀ ਤਾਇਨਾਤੀ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ’ਤੇ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਮੁੱਢਲੀ ਜ਼ਿੰਮੇਵਾਰੀ ਹੈ। ਜਿਸ ਨੂੰ ਕਿਸੇ ਹਾਦਸੇ ਦੀ ਉਡੀਕ ਵਿਚ ਨਹੀਂ ਛੱਡਿਆ ਜਾ ਸਕਦਾ। ਹੁਣ ਦੇਖਣਾ ਇਹ ਹੋਵੇਗਾ ਕਿ ਸਬੰਧਤ ਵਿਭਾਗ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਇਨ੍ਹਾਂ ਬੰਦ ਪਈਆਂ ਲਾਈਟਾਂ ਅਤੇ ਬੇਅਸਰ ਬੈਰੀਕੇਡਾਂ ਦਾ ਹੱਲ ਕਰਦੇ ਹਨ ਜਾਂ ਫਿਰ ਕਿਸੇ ਵੱਡੇ ਹਾਦਸੇ ਤੋਂ ਬਾਅਦ ਹੀ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੇਗੀ।