ਤਲਵੰਡੀ ਸਾਬੋ, 1 ਅਪ੍ਰੈਲ (ਰਣਜੀਤ ਸਿੰਘ ਰਾਜੂ): ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਅਧੀਨ ਆਉਂਦੀ ਫੂਲ ਬਲਾਕ ਸੰਮਤੀ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਿਤ ਬੀਬੀ ਮਨਦੀਪ ਕੌਰ ਸਿੱਧੂ ਤੇ ਬੀਬੀ ਕਿਰਨਦੀਪ ਕੌਰ ਦੇ ਕ੍ਰਮਵਾਰ ਚੇਅਰਮੈਨ ਤੇ ਉੱਪ ਚੇਅਰਮੈਨ ਬਣਨ 'ਤੇ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰਾਂ ਸਮੇਤ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਪੰਜਾਬ ਦੀ ਅਗਵਾਈ ਹੇਠ ਉਹ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ | ਮਲੂਕਾ ਦੀ ਅਗਵਾਈ ਹੇਠ ਤਖ਼ਤ ਸਾਹਿਬ ਪੁੱਜੇ ਨਵੇਂ ਚੁਣੇ ਚੇਅਰਮੈਨ ਤੇ ਉੱਪ ਚੇਅਰਮੈਨ ਸਮੇਤ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰਾਂ ਨੇ ਤਖ਼ਤ ਸਾਹਿਬ ਮੱਥਾ ਟੇਕਿਆ ਅਤੇ ਕੁਝ ਸਮਾਂ ਕੀਰਤਨ ਸ੍ਰਵਣ ਕੀਤਾ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੋਹਣ ਸਿੰਘ ਬੰਗੀ ਨੇ ਸਿਕੰਦਰ ਸਿੰਘ ਮਲੂਕਾ ਸਮੇਤ ਨਵ ਨਿਯੁਕਤ ਅਹੁਦੇਦਾਰਾਂ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਸਿਰੋਪਾਉ ਭੇਟ ਕੀਤੇ ਗਏ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਰਾਜਨੀਤੀ 'ਚ ਬਦਲਾਅ ਲਿਆਉਣ ਦੇ ਨਾਅਰੇ ਨਾਲ ਸੱਤਾ 'ਤੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਬਦਲਾਅ ਲਿਆਂਦਾ ਹੈ ਕਿ ਬਲਾਕ ਸੰਮਤੀ ਚੋਣ ਨਤੀਜਿਆਂ ਤੋਂ ਬਾਅਦ ਜਿੱਥੇ ਇਹ ਬਹੁਮਤ 'ਚ ਨਹੀ ਸਨ, ਉੱਥੇ ਧੱਕੇ ਨਾਲ ਚੇਅਰਮੈਨ ਬਣਾਉਣ ਦੇ ਯਤਨ ਕੀਤੇ ਤੇ ਕਈ ਥਾਂ ਬਣਾ ਵੀ ਦਿੱਤੇ, ਪਰ ਹਲਕਾ ਫੂਲ ਦੇ ਅਕਾਲੀ ਬਲਾਕ ਸੰਮਤੀ ਮੈਂਬਰਾਂ ਵਲੋਂ ਸਰਕਾਰੀ ਧੱਕੇਸ਼ਾਹੀ ਦੇ ਬਾਵਜੂਦ ਦਿਖਾਈ ਗਈ ਮਜ਼ਬੂਤੀ ਪ੍ਰਸ਼ੰਸਾਯੋਗ ਹੈ ਤੇ ਇਸੇ ਕਰਕੇ ਅਕਾਲੀ ਦਲ ਚੇਅਰਮੈਨ ਤੇ ਉੱਪ ਚੇਅਰਮੈਨ ਬਣਾਉਣ 'ਚ ਕਾਮਯਾਬ ਹੋਇਆ ਹੈ | ਇਸ ਮੌਕੇ ਉਨ੍ਹਾਂ ਨਾਲ ਸੀ. ਅਕਾਲੀ ਆਗੂ ਹਰਿੰਦਰ ਸਿੰਘ ਹਿੰਦਾ ਮਹਿਰਾਜ, ਮਨਜੀਤ ਸਿੰਘ ਧੁੰਨਾ ਸੂਬਾ ਮੀਤ ਪ੍ਰਧਾਨ ਬੀ.ਸੀ ਵਿੰਗ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਰਾਕੇਸ਼ ਕੁਮਾਰ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਹਰਦੇਵ ਸਿੰਘ ਗੋਗੀ ਪ੍ਰਧਾਨ ਕਿਸਾਨ ਸੈੱਲ, ਗੁਰਵਿੰਦਰ ਕੌਰ ਭਗਤਾ, ਸਿੱਪੀ ਸਿਰੀਏਵਾਲਾ ਤੇ ਡਾ. ਜਸਪਾਲ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਸਪਾਲ ਵੜਿੰਗ ਤੇ ਸੁਖਚੈਨ ਪਿੰਟੂ ਸਰਕਲ ਪ੍ਰਧਾਨ, ਲੱਖੀ ਭਾਈਰੂਪਾ ਪ੍ਰਧਾਨ ਨਗਰ ਪੰਚਾਇਤ, ਗੁਰਤੇਜ ਚਾਨੀ, ਸੁਖਜਿੰਦਰ ਸਿੰਘ ਖਾਨਦਾਨ ਆਦਿ ਆਗੂ ਮੌਜੂਦ ਸਨ |