ਬੁਢਲਾਡਾ, 2 ਅਕਤੂਬਰ (ਸਵਰਨ ਸਿੰਘ ਰਾਹੀ)- ਐਸ ਡੀ.ਐਮ. ਬੁਢਲਾਡਾ ਗੁਰਮੀਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਸਬ-ਡਵੀਜ਼ਨਲ ਹਸਪਤਾਲ ਬੁਢਲਾਡਾ ਦੀ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ ’ਚ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਅਤੇ ਹਸਪਤਾਲ ਪ੍ਰਬੰਧ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਡਾ. ਸਤਿੰਦਰ ਕੌਰ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਵਲੋਂ ਹਸਪਤਾਲ ਵਿਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਸਫ਼ਾਈ ਪ੍ਰਬੰਧ, ਮਰੀਜ਼ਾਂ ਦੀਆਂ ਸਹੂਲਤਾਂ, ਬੁਨਿਆਦੀ ਢਾਂਚਾ, ਲੋੜੀਂਦਾ ਸਾਜ਼ੋ-ਸਾਮਾਨ, ਦਵਾਈਆਂ ਅਤੇ ਹੋਰ ਜ਼ਰੂਰੀ ਪ੍ਰਬੰਧਾਂ ਬਾਰੇ ਦੱਸਿਆ। ਐਸ.ਡੀ.ਐਮ. ਨੇ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ’ਚ ਆਉਣ ਵਾਲੇ ਹਰੇਕ ਮਰੀਜ਼ ਨੂੰ ਮਿਆਰੀ, ਸੁਚੱਜੀਆਂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਹਸਪਤਾਲ ’ਚ ਉਪਲਬਧ ਸੇਵਾਵਾਂ, ਜਾਂਚਾਂ, ਦਵਾਈਆਂ ਅਤੇ ਹੋਰ ਸਹੂਲਤਾਂ ਬਾਰੇ ਸਪਸ਼ਟ ਜਾਣਕਾਰੀ ਮਿਲਣੀ ਚਾਹੀਦੀ ਹੈ। ਹਸਪਤਾਲ ਦੀ ਸਫ਼ਾਈ ਅਤੇ ਸਵੱਛਤਾ ਪ੍ਰਬੰਧਾਂ ’ਤੇ ਵੀ ਵਿਸ਼ੇਸ਼ ਚਰਚਾ ਕੀਤੀ ਗਈ। ਮਰੀਜ਼ਾਂ ਲਈ ਬੈਠਣ ਦੀ ਵਿਵਸਥਾ, ਪੀਣ ਵਾਲਾ ਪਾਣੀ, ਬਿਜਲੀ, ਰੌਸ਼ਨੀ, ਪੱਖਿਆਂ/ਕੂਲਿੰਗ ਪ੍ਰਬੰਧਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾ. ਰੁਪਿੰਦਰ ਕੌਰ ਮੈਡੀਕਲ ਅਫ਼ਸਰ, ਡਾ. ਰਾਮ ਕੁਮਾਰ, ਮਾਸਟਰ ਕੁਲਵੰਤ ਸਿੰਘ, ਮਨੀਸ਼ ਢੀਂਗਰਾਂ, ਸਚਿਨ ਤਾਇਲ, ਅਮਰਨਾਥ ਕਾਨੂੰਗੋ, ਜਤਿੰਦਰ ਸਿੰਘ, ਜੋਰਾਵਰ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਹਰਬੰਸ ਲਾਲ ਹਾਜ਼ਰ ਸਨ।