ਪੰਜਾਬ ਬੰਦ ਦੌਰਾਨ ਲਹਿਰਾ ਬੇਗਾ ਟੋਲ ਪਲਾਜ਼ਾ ’ਤੇ ਧਰਨਾ ਲਾ ਕੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਕੀਤਾ ਜਾਮ
ਭੁੱਚੋ ਮੰਡੀ, 15 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਸਮਾਜਿਕ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿਚ ਰੋਸ ਤੇ ਰੋਹ ਵਜੋਂ ਉਸ ਦੇ ਪਿਤਾ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਭੁੱਚੋ ਮੰਡੀ ਵਿਖੇ ਪੂਰਨ ਸਮਰਥਨ ਮਿਲਿਆ। ਸਵੇਰ ਸਮੇਂ ਤੋਂ ਹੀ ਇੱਥੋਂ ਦੇ ਸਮੂਹ ਜਨਤਕ ਤੇ ਵਪਾਰਕ ਅਦਾਰੇ ਬੰਦ ਰਹੇ।
ਪ
ਪੰਜਾਬ ਬੰਦ ਦੌਰਾਨ ਲਹਿਰਾ ਬੇਗਾ ਟੋਲ ਪਲਾਜ਼ਾ ‘ਤੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਬੁਲਾਰਾ। ਤਸਵੀਰ: ਪਰਵਿੰਦਰ ਸਿੰਘ ਜੌੜਾ
16-10-2026
ਭੁੱਚੋ ਮੰਡੀ, 15 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਸਮਾਜਿਕ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿਚ ਰੋਸ ਤੇ ਰੋਹ ਵਜੋਂ ਉਸ ਦੇ ਪਿਤਾ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਭੁੱਚੋ ਮੰਡੀ ਵਿਖੇ ਪੂਰਨ ਸਮਰਥਨ ਮਿਲਿਆ। ਸਵੇਰ ਸਮੇਂ ਤੋਂ ਹੀ ਇੱਥੋਂ ਦੇ ਸਮੂਹ ਜਨਤਕ ਤੇ ਵਪਾਰਕ ਅਦਾਰੇ ਬੰਦ ਰਹੇ। ਸ਼ੁਰੂ ਵਿਚ ਮੈਡੀਕਲ ਦੀਆਂ ਦੁਕਾਨਾਂ, ਲੈਬਾਰਟਰੀਆਂ ਅਤੇ ਡੇਅਰੀਆਂ ਖੁੱਲ੍ਹੀਆਂ ਸਨ, ਪ੍ਰੰਤੂ ਬੰਦ ਸਮਰਥਕਾਂ ਵਲੋਂ ਮਾਰਚ ਕੱਢਣ ਉਪਰੰਤ ਉਹ ਵੀ ਬੰਦ ਹੋ ਗਈਆਂ ਅਤੇ ਸੁੰਨਾ ਪਿਆ ਬਾਜ਼ਾਰ ਭਾਂ-ਭਾਂ ਕਰਨ ਲੱਗਾ। ਤਣਾਅ ਉਸ ਵੇਲੇ ਵਧਦਾ ਦੀਖਿਆ, ਜਦੋਂ ਖੁੱਲ੍ਹੀ ਪਈ ਐਸ.ਬੀ.ਆਈ. ਦੀ ਸਥਾਨਕ ਸ਼ਾਖਾ ‘ਤੇ ਬੰਦ ਸਮਰਥਕਾਂ ਨੇ ਰੋਹ ਭਰਪੂਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਬੈਂਕ ਦੇ ਗਾਰਡ ਨੇ ਮੌਕਾ ਸੰਭਾਲਦਿਆਂ ਤੁਰੰਤ ਹੀ ਬੈਂਕ ਦੇ ਸ਼ਟਰ ਹੇਠਾਂ ਸੁੱਟ ਦਿੱਤੇ। ਘਟਨਾ ਉਪਰੰਤ ਸਰਕਾਰੀ ਖੇਤਰ ਦੇ ਸਾਰੇ ਬੈਂਕ ਵੀ ਬੰਦ ਕਰ ਦਿੱਤੇ ਗਏ। ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਇਸ ਦੌਰਾਨ ਬੰਦ ਸਮਰਥਕਾਂ ਨੇ ਲਹਿਰਾ ਬੇਗਾ ਟੋਲ ਪਲਾਜ਼ਾ ‘ਤੇ ਧਰਨਾ ਲਾ ਕੇ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ-ਰਾਹ ਨੰਬਰ-7 ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਸ਼ੁਰੂ ਵਿਚ ਕੁਝ ਕੁ ਬੰਦ ਸਮਰਥਕਾਂ ਨੂੰ ਸਥਾਨਕ ਪੁਲਿਸ ਵਲੋਂ ਹਿਰਾਸਤ ਵਿਚ ਲੈ ਕੇ ਪੁਲਿਸ ਚੌਂਕੀ ਵਿਖੇ ਲਿਆਂਦਾ ਗਿਆ ਸੀ, ਪ੍ਰੰਤੂ ਬਾਅਦ ਵਿਚ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਛੁਡਾ ਲਿਆ ਅਤੇ ਵੱਡੀ ਗਿਣਤੀ ਵਿਚ ਟੋਲ ਪਲਾਜ਼ਾ ‘ਤੇ ਇਕੱਤਰ ਹੋ ਗਏ। ਧਰਨੇ ਵਿਚ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਤੋਂ ਇਲਾਕਾ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਸਖ਼ਤ ਨਿਖੇਧੀ ਕਰਦਿਆਂ ਸੂਬਾ ਸਰਕਾਰ ‘ਤੇ ਤਿੱਖੇ ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਾਤਲਾਂ, ਸਮਰਥਕਾਂ ਅਤੇ ਸਾਜ਼ਿਸ਼ ਪਿਛਲੀਆਂ ਤਾਕਤਾਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ। ਇਸ ਦੌਰਾਨ ਬੰਦ ਸਮਰਥਕਾਂ ਵਲੋਂ ਪੰਜਾਬ ਅਤੇ ਕੇਂਦਰ ਦੀਆਂ ਸੱਤਾਧਾਰੀ ਪਾਰਟੀਆਂ ਦੇ ਬੋਰਡਾਂ ਤੇ ਫਲੈਕਸਾਂ ਨੂੰ ਵੀ ਨਿਸ਼ਾਨਾ ਬਣਾਇਆ।