07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਆਓ, ਗੁਰਦੁਆਰਿਆਂ ਦੀ ਮਹਾਨਤਾ ਕਾਇਮ ਰੱਖੀਏ

ਆਓ, ਗੁਰਦੁਆਰਿਆਂ ਦੀ ਮਹਾਨਤਾ ਕਾਇਮ ਰੱਖੀਏ

ਅਜੀਤ ਡੈਸਕ 07-09-2026

ਸਿੱਖ ਜਗਤ ਵਿਚ ਗੁਰਦੁਆਰਾ ਸਾਹਿਬ ਉਹ ਪਾਵਨ ਅਸਥਾਨ ਹੈ, ਜਿੱਥੇ ਰੱਬੀ ਗਿਆਨ ਉਪਦੇਸ਼ ਸੰਸਾਰ ਦੇ ਪ੍ਰਾਣੀ ਮਾਤਰ ਲਈ ਬਖਸ਼ਿਸ਼ ਹੁੰਦਾ ਹੈ | ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਹੋਣ ਵਾਲੇ ਗਿਆਨ ਨਾਲ ਮਨੁੱਖ ਨੇ ਆਪਣੇ ਅਵਗੁਣਾਂ ਨੂੰ  ਦੂਰ ਕਰਨਾ ਹੈ ਅਤੇ ਮਨ 'ਤੇ ਲੱਗੀ ਅਗਿਆਨਤਾ ਦੀ ਮੈਲ ਨੂੰ  ਉਤਾਰਨ ਦਾ ਢੰਗ-ਤਰੀਕਾ ਸਿੱਖਣਾ ਹੈ | ਇਸ ਪਾਵਨ ਅਸਥਾਨ ਤੋਂ ਜੀਵਨ ਦੀ ਉਹ ਸੋਝੀ, ਸਮਝ ਤੇ ਗਿਆਨ ਲੈਣਾ ਹੈ, ਜੋ ਸੰਸਾਰ ਦੇ ਕਿਸੇ ਹੋਰ ਅਸਥਾਨ ਤੋਂ ਨਹੀਂ ਮਿਲਦਾ | ਗਿਆਨ ਦੇ ਕੀ ਅਰਥ ਹਨ, ਇਨ੍ਹਾਂ 'ਤੇ ਹਰ ਇਕ ਮਨੁੱਖ ਨੂੰ  ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ | ਇਤਿਹਾਸ ਦੇ ਉਹ ਮਹਾਨ ਮਨੁੱਖ ਧਿਆਨ ਵਿਚ ਲੈ ਕੇ ਆਈਏ, ਜਿਨ੍ਹਾਂ ਗੁਰੂ ਤੋਂ ਗਿਆਨ ਲੈ ਕੇ ਮਨੁੱਖੀ ਜੀਵਨ ਨੂੰ  ਅਸਲ ਵਿਚ ਸਫ਼ਲ ਬਣਾਇਆ ਅਤੇ ਉਹ ਸੰਸਾਰ ਅੰਦਰ ਕਿਵੇਂ ਨਿਰਭਉ, ਨਿਰਵੈਰ ਤੇ ਨਿਰਪੱਖ ਹੋ ਕੇ ਸਭ ਨੂੰ  ਆਪਣੇ ਮਿੱਤਰ ਬਣਾ ਕੇ ਵਿਚਰੇ | ਉਨ੍ਹਾਂ ਨੇ ਕਦੇ ਬੁਰਾਈ ਨਾਲ ਜਾਂ ਮਾੜੇ ਕਰਮਾਂ ਨਾਲ ਸਮਝੌਤਾ ਨਹੀਂ ਕੀਤਾ | ਉਨ੍ਹਾਂ ਸੱਚ ਦਾ ਮਾਰਗ ਅਖ਼ਤਿਆਰ ਕਰਕੇ ਜ਼ੋਰ, ਜ਼ੁਲਮ, ਅੱਤਿਆਚਾਰ, ਧੱਕੇ ਤੇ ਬੇਇਨਸਾਫ਼ੀ ਨੂੰ  ਕਦੀ ਪ੍ਰਵਾਨ ਨਹੀਂ ਕੀਤਾ | ਉਨ੍ਹਾਂ ਕਿਸੇ ਨੂੰ  ਜਾਤ-ਜਨਮ ਆਦਿ ਦੇ ਭੇਦਭਾਵ ਨਾਲ ਨਾ ਵੇਖਿਆ ਤੇ ਨਾ ਵਿਤਕਰਾ ਕੀਤਾ | ਉਨ੍ਹਾਂ ਨੇ ਸਭ ਨੂੰ  ਇਕ ਵਾਹਿਗੁਰੂ ਦੇ ਸਾਜੇ ਹੋਏ ਮਨੁੱਖ ਕਰਕੇ ਜਾਣਿਆ | ਉਹ ਨੇਕੀ ਪਰਉਪਕਾਰੀ ਤਥਾ ਸਰਬੱਤ ਦੇ ਭਲੇ ਵਾਲੀ ਸੋਚ ਦੇ ਧਾਰਨੀ ਹੋ ਕੇ ਜੀਵੇ ਹਨ | ਉਨ੍ਹਾਂ ਲਈ ਗ਼ਰੀਬੀ-ਅਮੀਰੀ ਦਾ ਕੋਈ ਅੰਤਰ ਨਹੀਂ ਸੀ | ਉਹ ਸਬਰ-ਸ਼ੁਕਰ ਦੇ ਨਾਲ ਦੁੱਖ-ਸੁੱਖ ਨੂੰ  ਇਕ ਸਮਾਨ ਸਮਝਦਿਆਂ ਵਿਚਰਦੇ ਰਹੇ |


ਇਹੀ ਖ਼ਿਆਲ ਹਰ ਉਸ ਮਨੁੱਖ ਵਿਚ ਪੈਦਾ ਹੋਵੇ, ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਨਮਸਕਾਰ ਕਰਨ ਲਈ ਜਾ ਰਿਹਾ ਹੈ ਜਾਂ ਆਇਆ ਹੈ | ਗੁਰਦੁਆਰਾ ਸਾਹਿਬ ਰੱਬੀ ਗਿਆਨ ਦਾ ਕੇਂਦਰ ਹੈ | ਇੱਥੋਂ ਜੋ ਗਿਆਨ ਮਿਲਦਾ ਹੈ, ਉਹ ਮਨੁੱਖ ਦੇ ਮਨ ਦੀ ਹਰ ਤਰ੍ਹਾਂ ਦੀ ਨਫ਼ਰਤ, ਘਿਰਣਾ, ਦੂਈ-ਦਵੈਤ ਤੋਂ ਮੁਕਤੀ ਦਿਵਾਉਂਦਾ ਹੈ | ਜਦੋਂ ਹਰ ਮਨੁੱਖ ਇਸ ਤਰ੍ਹਾਂ ਆਪਣੇ-ਆਪ ਨੂੰ  ਜਗਿਆਸੂ ਬਣਾ ਕੇ ਆਪਣੇ ਘਰ ਤੋਂ ਗੁਰਦੁਆਰਾ ਸਾਹਿਬ ਵੱਲ ਨੂੰ  ਸੁਰਤ ਤੇ ਸਰੀਰ ਦੋਵਾਂ ਦੇ ਕਦਮ ਪੁੱਟਦਾ ਚੱਲੇਗਾ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਹੇ ਹੋਏ ਤਜਰਬੇ 'ਚੋਂ ਪ੍ਰਾਪਤ ਬੋਲਾਂ ਵਾਲਾ ਸੱਚ ਜਗਿਆਸੂ ਮਨੁੱਖ ਦੀ ਸਮਝ ਦਾ ਝੱਟ ਹਿੱਸਾ ਹੋ ਜਾਵੇਗਾ:-
ਚਰਨ ਸਰਨਿ ਗੁਰ ਏਕ ਪੈਡਾ ਜਾਏ ਚਲ
ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ |
ਸਾਡੇ ਕੋਲ ਇਤਿਹਾਸ ਹੈ ਤੇ ਇਤਿਹਾਸ ਦੇ ਅਮਲੀ ਜੀਵਨ ਵਾਲੇ ਮਹਾਨ ਗੁਰਸਿੱਖ ਹਨ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੀ ਮਹਾਨਤਾ ਨੂੰ  ਮਨ, ਬਚਨ, ਕਰਮ ਕਰਕੇ ਜਾਣਿਆ ਅਤੇ ਕਮਾਇਆ | ਜਗਿਆਸੂ ਮਨੁੱਖ ਦੀ ਸਮਝ ਬਲਵਾਨ ਹੁੰਦੀ ਜਾਵੇਗੀ ਤੇ ਇਹ ਵੀ ਪਤਾ ਲੱਗੇਗਾ ਕਿ ਗੁਰਦੁਆਰਾ ਸਾਹਿਬ ਆਉਣਾ ਮਹਿਜ਼ ਪਰੰਪਰਾ ਨਹੀਂ, ਇਹ ਗਿਆਨ ਦਾਤੇ ਦੇ ਚਰਨਾਂ ਵਿਚ ਸਮਰਪਣ ਹੈ | ਇੱਥੋਂ ਦੀ ਮਰਿਆਦਾ ਉਹੀ ਹੈ, ਜੋ ਸ੍ਰੀ ਗੁਰੂ ਅਮਰਦਾਸ ਜੀ ਨੇ ਅਨੰਦ ਸਾਹਿਬ ਦੀ ਨੌਵੀਂ ਪਉੜੀ 'ਚ ਸਮਝਾਈ ਹੋਈ ਹੈ:- 
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ
ਹੁਕਮਿ ਮੰਨਿਐ ਪਾਈਐ¨
(ਅੰਗ: 917)
ਵਰਤਮਾਨ ਵਿਚ ਖ਼ੁਦ ਤੋਂ ਵੇਖਣਾ-ਪਰਖਣਾ ਸ਼ੁਰੂ ਕਰੀਏ ਕਿ ਮੈਂ ਕਿਹੜੇ ਲਹਿਜ਼ੇ ਵਿਚ ਗੁਰਦੁਆਰਾ ਸਾਹਿਬ ਜਾ ਰਿਹਾ ਹਾਂ | ਇਕ ਸੱਚਾ ਜਗਿਆਸੂ ਬਣ ਕੇ ਜਾ ਰਿਹਾ ਹਾਂ ਜਾਂ ਖ਼ੁਦ ਨੂੰ  ਖ਼ਾਨਦਾਨੀ ਸਿੱਖ ਮੰਨ ਕੇ ਇਕ ਕਿਸਮ ਦੀ ਮਰਿਆਦਾ ਪੂਰਤੀ ਕਰ ਰਿਹਾ ਹਾਂ ਮੱਥਾ ਟੇਕਣ ਦੀ, ਜਿਸ ਰੋਜ਼ ਇਹ ਅੰਤਰ ਸਮਝ-ਸੂਝ ਦਾ ਸਹੀ ਰੂਪ ਵਿਚ ਹਿੱਸਾ ਬਣ ਗਿਆ, ਉਸ ਦਿਨ ਸਭ ਕੁਝ ਅੰਦਰ ਬਦਲ ਜਾਵੇਗਾ | ਹੈਰਾਨੀਜਨਕ ਤਬਦੀਲੀ ਖ਼ੁਦ 'ਚੋਂ ਵੇਖਣ ਨੂੰ  ਮਿਲੇਗੀ | ਪ੍ਰੇਸ਼ਾਨੀ ਇਸ ਗੱਲ ਦੀ ਹੋਵੇਗੀ ਕਿ ਅਜਿਹਾ ਪਹਿਲਾਂ ਕਿਉਂ ਨਹੀਂ ਕੀਤਾ | ਸਿਰ ਆਪਣੇ-ਆਪ ਗਿਆਨ ਦਾਤਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕ ਜਾਵੇਗਾ | ਗੁਰਦੁਆਰਾ ਸਾਹਿਬ ਦਾ ਮਹੱਤਵ ਅੰਦਰ ਖੁੱਲ੍ਹੇਗਾ | ਸ਼ੁਕਰ-ਸ਼ੁਕਰ-ਸ਼ੁਕਰ ਕਰਦਾ ਜਗਿਆਸੂ ਮਨੁੱਖ ਗੁਰੂ ਤੋਂ ਸਦਕੇ ਜਾਵੇਗਾ | ਹਿਰਦੇ 'ਚੋਂ ਗੁਰੂ ਦੇ ਗਿਆਨ ਬੋਲ ਆਪਣੇ-ਆਪ ਨਿਕਲ ਪੈਣਗੇ:-
ਬਲਿਹਾਰੀ ਗੁਰ ਆਪਣੇ
ਦਿਉਹਾੜੀ ਸਦ ਵਾਰ¨
ਜਿਨਿ ਮਾਣਸ ਤੇ ਦੇਵਤੇ ਕੀਏ
ਕਰਤ ਨ ਲਾਗੀ ਵਾਰ¨
(ਅੰਗ: 462)
ਵਾਹਿਗੁਰੂ ਜੀ ਦੀ ਇਸ ਨਦਰਿ ਨੂੰ  ਪਾ ਕੇ ਫਿਰ ਅੰਦਰ ਬਾਹਰ ਵੇਖੀਏ ਕੀ ਦਿਖਾਈ ਦੇਵੇਗਾ, ਜੋ ਹੋਵੇਗਾ ਉਸ ਦੀ ਵਿਆਖਿਆ ਲਈ ਸ਼ਬਦ ਨਹੀਂ ਹੋਣਗੇ | ਅਸੀਂ ਸਭ ਨੂੰ  ਦੁਸ਼ਮਣ ਗਰਦਾਨਣ ਲੱਗੇ ਹੋਏ ਹਾਂ, ਕੀ ਹੋ ਗਿਆ ਹੈ ਸਾਨੂੰ | ਸਾਨੂੰ ਤਾਂ ਗੁਰੂ ਜੀ ਨੇ ਇਹ ਸਬਕ ਦਿੱਤਾ ਹੋਇਆ ਹੈਯ-
ਮਨ ਅਪੁਨੇ ਤੇ ਬੁਰਾ ਮਿਟਾਨਾ¨
ਪੇਖੈ ਸਗਲ ਸਿ੍ਸਟਿ ਸਾਜਨਾ¨
(ਅੰਗ: 265)
ਗਲਤੀਆਂ ਕੌਣ ਨਹੀਂ ਕਰਦਾ? ਕੀ ਅਸੀਂ ਗ਼ਲਤੀਆਂ ਤੋਂ ਮੁਕਤ ਹਾਂ? ਸਾਡੇ ਵਿਚ ਕੋਈ ਗ਼ਲਤੀ ਨਹੀਂ? ਆਓ, ਆਪਾਂ ਵੇਖੀਏ ਆਪਣੇ ਅੰਦਰ ਆਪਣੀਆਂ ਗ਼ਲਤੀਆਂ ਨੂੰ , ਕਿਉਂਕਿ ਅਸੀਂ ਖ਼ੁਦ ਨੱਕੋ-ਨੱਕ ਭਰੇ ਹੋਏ ਹਾਂ, ਨਾ ਗਿਣੀਆਂ ਜਾ ਸਕਣ ਵਾਲੀਆਂ ਗ਼ਲਤੀਆਂ ਨਾਲ |
ਮੈ ਅਵਗਣ ਭਰਪੂਰਿ ਸਰੀਰੇ¨
ਹਉ ਕਿਉ ਕਰਿ ਮਿਲਾ ਅਪਣੇ ਪ੍ਰੀਤਮ ਪੂਰੇ¨
(ਅੰਗ: 560)
ਅੱਜ ਗੁਰਦੁਆਰਾ ਸਾਹਿਬ ਅੰਦਰ ਅਸੀਂ ਕੀ ਕੁਝ ਕਰਨ ਲੱਗੇ ਹੋਏ ਹਾਂ | ਸਾਡੀ ਬੁੱਧੀ 'ਤੇ ਕਿਵੇਂ ਦੇ ਪਰਦੇ ਪੈ ਗਏ ਹਨ | ਸਾਨੂੰ ਗੁਰੂ ਅਦਬ, ਗੁਰੂ ਭੈਅ, ਗੁਰੂ ਭਾਉ ਸਭ ਭੁੱਲ ਗਏ ਹਨ | ਸਾਡੀ ਖੋਟੀ ਅਕਲ ਹੀ ਸਭ ਕੁਝ ਹੋ ਗਈ ਹੈ | ਮਾੜਾ ਜਿਹਾ ਮਤਭੇਦ ਹੋਇਆ ਨਹੀਂ, ਅਸੀਂ ਕਿਸੇ ਦੀ ਧÏਣ ਵੱਢਣ ਤੱਕ ਤਿਆਰ ਹੋ ਜਾਂਦੇ ਹਾਂ | ਸਾਡੇ ਕੋਲ ਅੱਜ ਆਪਣੇ ਪੰਥਕ ਪ੍ਰਬੰਧ ਦਾ ਜੋ ਕਦੀ ਕੁੰਡਾ ਸੀ, ਗਵਾਚ ਗਿਆ ਹੈ | ਅੱਜ ਅਸੀਂ ਗੁਰੂ ਪੰਥ ਨਾਲੋਂ ਸੰਪਰਦਾਵਾਂ-ਡੇਰਿਆਂ ਤੇ ਇਨ੍ਹਾਂ ਦੇ ਮੁਖੀਆਂ ਦੇ ਵਧੇਰੇ ਆਦਰ-ਸਤਿਕਾਰ ਵਿਚ ਲੱਗ ਗਏ ਹਾਂ | 
ਗੁਰਦੁਆਰਾ ਸਾਹਿਬ ਸਾਡੇ ਲਈ ਅਤਿ ਪਵਿੱਤਰ ਅਸਥਾਨ ਹੈ, ਜਿੱਥੇ ਵੈਰ, ਵਿਰੋਧ, ਅੰਤਰ ਆਦਿ ਦੇ ਮਸਲੇ ਕਿਸੇ ਵੀ ਰੂਪ ਅੰਦਰ ਵਿਵਾਦ ਦਾ ਹਿੱਸਾ ਨਹੀਂ ਬਣਨੇ ਚਾਹੀਦੇ | ਵਿਚਾਰ ਧਿਆਨ ਨਾਲ ਸੁਣਨੇ ਚਾਹੀਦੇ ਹਨ | ਕੱਟੜ ਤੋਂ ਕੱਟੜ ਦੁਸ਼ਮਣ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਆਵੇ, ਤਾਂ ਉਸ ਪਾਸੋਂ ਦੁਸ਼ਮਣੀ ਦਾ ਬਦਲਾ ਨਹੀਂ ਲੈਣਾ ਚਾਹੀਦਾ | ਇਹ ਗੁਰੂ ਵਿਚਾਰ ਦੇ ਅਨੁਸਾਰ ਨਹੀਂ ਮੰਨਿਆ ਜਾ ਸਕਦਾ | ਅੱਜ ਸੰਸਾਰ ਭਰ 'ਚੋਂ ਸਾਡੀਆਂ ਆਪਸੀ ਵਿਰੋਧ ਵਾਲੀਆਂ ਕਿਰਿਆਵਾਂ ਦੀਆਂ ਰੂਹਾਂ ਨੂੰ  ਵਲੂੰਧਰਨ ਵਾਲੀਆਂ ਖ਼ਬਰਾਂ ਵਧੇਰੇ ਆਉਣ ਲੱਗੀਆਂ ਹਨ | ਪੰਥ ਦਰਦੀ ਇਸ ਪਾਸੇ ਧਿਆਨ ਦੇਣ | ਪ੍ਰਬੰਧਕੀ ਢਾਂਚੇ ਹੋਰ ਜ਼ਿੰਮੇਵਾਰ ਬਣਨ |

-ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ |
ਈਮੇਲ
:panthaktalmelsangathan@gmail.com

ਪਿਛਲੀ ਖ਼ਬਰ 9 ਨੂੰ ਧਰਮਕੋਟ ਵਿਚ ਹੋਣ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਇਤਿਹਾਸ ਸਿਰਜੇਗੀ-ਖ਼ਾਲਸਾ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਵਿਰਸਾ-ਲਿਖਣਸਰ ਸਰੋਵਰ ਅਤੇ ਦਮਦਮੀ ਟਕਸਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।