14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਿ੍ਸ਼ਟੀ ਦੀ ਰਚਨਾ ਸੰਬੰਧੀ ਅਧਿਆਤਮਕ ਵਿਚਾਰਧਾਰਾ

ਸਿ੍ਸ਼ਟੀ ਦੀ ਰਚਨਾ ਸੰਬੰਧੀ ਅਧਿਆਤਮਕ ਵਿਚਾਰਧਾਰਾ

ਅਜੀਤ ਡੈਸਕ 14-09-2026
 
 
ਮਨੁੱਖ ਜਾਤੀ ਦੀ ਸ਼ੁਰੂਆਤ ਦਾ ਇਤਿਹਾਸ ਭਾਵੇਂ ਹਾਲੇ ਡੂੰਘੀ ਖੋਜ ਦਾ ਵਿਸ਼ਾ ਹੈ ਪਰ ਜਿਨ੍ਹਾਂ ਕੁ ਇਤਿਹਾਸ ਇਸ ਸਿ੍ਸ਼ਟੀ ਅਤੇ ਮਾਨਵਤਾ ਦਾ ਸੋਚਿਆ, ਸਮਝਿਆ ਜਾਂ ਵਿਚਾਰਿਆ ਜਾ ਚੁੱਕਾ ਹੈ, ਉਹੀ ਇਤਿਹਾਸ ਆਧੁਨਿਕ ਤਕਨੀਕਾਂ, ਸੁੱਖ-ਸਹੂਲਤਾਂ, ਵਰਤਮਾਨ ਸਮਾਜ ਅਤੇ ਸੱਭਿਆਚਾਰ ਦੀ ਨੀਂਹ ਵੀ ਰੱਖਦਾ ਹੈ |
ਇਕ ਤੱਥ ਦਾ ਜ਼ਰੂਰ ਸੱਚ ਹੈ ਕਿ ਸਿ੍ਸ਼ਟੀ ਦੀ ਰਚਨਾ ਮਨੁੱਖ ਦੀ ਹੋਂਦ ਤੋਂ ਕਿਤੇ ਵਧੇਰੇ ਪਹਿਲਾਂ ਦੀ ਹੈ | ਮਨੁੱਖ ਨੇ ਤਾਂ ਇਸ ਰਚਨਾ ਨੂੰ  ਉਦੋਂ ਸਮਝਣਾ ਸ਼ੁਰੂ ਕੀਤਾ, ਜਦੋਂ ਮਨੁੱਖ ਨੂੰ  ਸੋਝੀ ਆਈ | ਵਿਗਿਆਨ ਵੀ ਇਸ ਗੱਲ ਨੂੰ  ਮੰਨਦੀ ਹੈ ਕਿ ਮਨੁੱਖੀ ਇਤਿਹਾਸ ਹੁਣ ਤੱਕ ਪ੍ਰਾਪਤ ਹੋਏ ਲਿਖਤ ਇਤਿਹਾਸ ਤੋਂ ਵੀ ਕਿਤੇ ਵਧੇਰੇ ਪੁਰਾਣਾ ਹੈ | ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਅਧਿਆਤਮਿਕਤਾ, ਸਿ੍ਸ਼ਟੀ ਦੀ ਰਚਨਾ ਅਤੇ ਉਤਪਤੀ ਦਾ ਸਿਧਾਂਤ ਆਤਮਿਕ ਅਨੁਭਵ ਦੇ ਜ਼ਰੀਏ ਪ੍ਰਗਟ ਕਰਦੀ ਹੈ | ਲੇਖਕ ਮੇਵਾ ਸਿੰਘ ਪੁਰਖਾਲੀ ਦੀ ਕਿਤਾਬ 'ਬੁੱਧ, ਸੰਤ ਅਤੇ ਸਿੱਖ ਧਰਮ : ਇਕੋ ਵਿਚਾਰਧਾਰਾ' ਅਨੁਸਾਰ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਪਹਿਲੇ ਅਜਿਹੇ ਮਹਾਂਪੁਰਖ ਹੋਏ ਹਨ, ਜਿਨ੍ਹਾਂ ਨੂੰ  ਬ੍ਰਹਿਮੰਡ ਤੋਂ ਵੀ ਅੱਗੇ ਦਾ ਵਿਗਿਆਨ ਅਤੇ ਸਮਾਜਿਕ ਗਿਆਨ ਦੀ ਸੋਝੀ ਸੀ | ਲੇਖਕ ਦੇ ਇਸ ਵਿਚਾਰ 'ਤੇ ਕਿਸੇ ਵੀ ਪ੍ਰਕਾਰ ਦੀ ਕਿੰਤੂ-ਪ੍ਰੰਤੂ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਪੀਪਾ ਜੀ ਦੀ ਬਾਣੀ
ਜੋ ਬ੍ਰਹਮੰਡੇ ਸੋਈ ਪਿੰਡੇ
ਜੋ ਖੋਜੈ ਸੋ ਪਾਵੈ¨ (ਅੰਗ:695)
ਪੜ੍ਹਦੇ ਹਾਂ ਤਾਂ ਅਜਿਹੀਆਂ ਮਹਾਨ ਅਧਿਆਤਮਿਕ ਤੁਕਾਂ ਮਨੁੱਖ ਨੂੰ  ਆਪਣੀ ਹੋਂਦ ਬਾਰੇ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ | ਕੇਵਲ ਇਹੀ ਨਹੀਂ, ਬਲਕਿ ਸਿ੍ਸ਼ਟੀ ਦੀ ਉਤਪਤੀ ਤੋਂ ਪਹਿਲਾਂ ਦੀ ਸਥਿਤੀ ਦਾ ਵਰਣਨ ਵੀ ਗੁਰੂ ਗ੍ਰੰਥ ਸਾਹਿਬ ਵਿਚ ਵਰਨਣ ਹੈ, ਜਿਵੇਂ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:-
ਅਰਬਦ ਨਰਬਦ ਧੁੰਧੂਕਾਰਾ
ਧਰਣਿ ਨ ਗਗਨਾ ਹੁਕਮੁ ਅਪਾਰਾ¨
(ਅੰਗ:1035)
ਭਾਵ ਅਰਥ ਕਿ ਸਿ੍ਸ਼ਟੀ ਦੀ ਰਚਨਾ ਤੋਂ ਪਹਿਲਾਂ ਨਾ ਧਰਤੀ ਸੀ, ਨਾ ਆਕਾਸ਼, ਕੇਵਲ ਪਰਮਾਤਮਾ ਦਾ ਅਪਾਰ ਹੁਕਮ ਹੀ ਸੀ | ਇਸ ਤੋਂ ਅੱਗੇ ਤਾਂ ਹਾਲ ਵਰਣਨ ਕਰਦਿਆਂ ਗੁਰੂ ਨਾਨਕ ਦੇਵ ਜੀ ਲਿਖਦੇ ਹਨ:- 
ਆਪੀਨ੍ਹ੍ਹੈ ਆਪੁ ਸਾਜਿਓ
ਆਪੀਨ੍ਹ੍ਹੈ ਰਚਿਓ ਨਾਉ¨ (ਅੰਗ:462)
ਭਾਵ ਪ੍ਰਭੂ ਨੇ ਆਪ ਹੀ ਆਪਣਾ ਪ੍ਰਗਟਾਵਾ ਕੀਤਾ, ਆਪ ਹੀ ਆਪਣਾ ਨਾਮ ਰਚਿਆ ਅਤੇ ਫਿਰ ਕੁਦਰਤ ਦੀ ਸਿਰਜਣਾ ਕਰਕੇ ਉਸ ਦਾ ਆਨੰਦ ਮਾਣਿਆ | ਕੇਵਲ ਇੱਥੇ ਹੀ ਬਸ ਨਹੀਂ, ਗੁਰੂ ਨਾਨਕ ਦੇਵ ਜੀ ਨੇ ਇਸ ਰਚਨਾ ਤੋਂ ਪਾਰ ਦੀਆਂ ਹੋਰ ਅਨੇਕਾਂ ਰਚਨਾਵਾਂ ਦਾ ਵਰਨਣ ਵੀ ਕੀਤਾ ਹੈ:- 
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ¨(ਅੰਗ:5)
ਭਾਵ ਪਰਮਾਤਮਾ ਦੀ ਰਚਨਾ ਬੇਅੰਤ ਹੈ | ਅਣਗਿਣਤ ਪਤਾਲ ਤੇ ਅਣਗਿਣਤ ਆਕਾਸ਼ ਹਨ |  ਇਸੇ ਵਿਸ਼ੇ ਨਾਲ ਸੰਬੰਧਿਤ ਸਿੱਖ ਧਰਮ ਤੋਂ ਇਲਾਵਾ ਹੋਰ ਧਰਮਾਂ ਜਿਵੇਂ ਹਿੰਦੂ, ਮੁਸਲਿਮ, ਇਸਾਈ, ਬੋਧੀ, ਜੈਨੀ ਆਦਿ ਧਰਮਾਂ ਵਿਚ ਵੀ ਅਨੇਕ ਅਧਿਆਤਮਿਕ ਵਿਚਾਰ ਪ੍ਰਗਟ ਕੀਤੇ ਗਏ ਹਨ |
ਰਿਗਵੇਦ 10.129.1 (ਨਾਸਦੀਯ ਸੂਕਤ) ਦੇ ਸੰਸਕ੍ਰਿਤ ਪਾਠ ਅਨੁਸਾਰ- ਸਿ੍ਸ਼ਟੀ ਦੀ ਰਚਨਾ ਤੋਂ ਪਹਿਲਾਂ ਨਾ ਸਤ ਸੀ, ਨਾ ਅਸਤ, ਨਾ ਆਕਾਸ਼,  ਨਾ ਧਰਤੀ, ਉਸ ਵੇਲੇ ਕੀ ਸੀ? ਇਕ ਗੂੜ੍ਹਾ ਭੇਦ ਸੀ |
ਮੁਸਲਿਮ ਧਰਮ ਵਿਚ ਵੀ ਸ਼ਿ੍ਸ਼ਟੀ ਦੀ ਰਚਨਾ ਦਾ ਪ੍ਰਮੁੱਖ ਪਰਮਾਤਮਾ ਨੂੰ  ਦੱਸਿਆ ਗਿਆ ਹੈ | ਮੁਸਲਿਮ ਧਰਮ ਦੇ ਸੂਰਹ ਫੁਸਿਲਤ 41:9-12 ਅਨੁਸਾਰ ਦੱਸਿਆ ਗਿਆ ਹੈ ਕਿ ਅੱਲ੍ਹਾ ਨੇ ਧਰਤੀ ਦੀ ਰਚਨਾ ਕੀਤੀ | ਉਸ ਵਿਚ ਪਹਾੜ ਅਤੇ ਰੋਜ਼ੀ ਦੇ ਸਾਧਨ ਬਣਾਏ ਅਤੇ ਫਿਰ ਆਕਾਸ਼ਾਂ ਦੇ ਰੂਪ ਵਿਚ ਵਿਵਸਥਿਤ ਕੀਤਾ | ਇਹ ਤਾਂ ਕੇਵਲ ਸਿ੍ਸ਼ਟੀ ਦੀ ਉਤਪਤੀ ਸਬੰਧੀ ਅਧਿਆਤਮਿਕ ਵਿਚਾਰ ਹਨ ਪ੍ਰੰਤੂ ਇਸ ਰਚਨਾ ਦੇ ਅੰਤ ਸਬੰਧੀ ਵੀ ਅਧਿਆਤਮਿਕ ਗ੍ਰੰਥਾਂ ਵਿਚ ਸੰਤਾਂ-ਮਹਾਤਮਾਵਾਂ ਦੇ ਵਿਚਾਰ ਦਰਜ ਹਨ | ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਹਨ:-
ਢਾਹਿ ਉਸਾਰੇ ਹੁਕਮਿ ਸਮਾਵੈ¨
ਹੁਕਮੋ ਵਰਤੈ ਜੋ ਤਿਸੁ ਭਾਵੈ¨(ਅੰਗ:414)
ਭਾਵ ਅਰਥ ਕਿ ਪਰਮਾਤਮਾ ਆਪ ਹੀ ਸਿ੍ਸ਼ਟੀ ਨੂੰ  ਰਚਦਾ ਹੈ ਤੇ ਸਮਾਂ ਆਉਣ 'ਤੇ ਆਪ ਹੀ ਇਸ ਨੂੰ  ਆਪਣੇ ਵਿਚ ਸਮੇਟ ਲੈਂਦਾ ਹੈ |
-ਮੋਬਾਈਲ : 79733-27963
ਪਿਛਲੀ ਖ਼ਬਰ ਕੱਲ੍ਹ ਬਰਸੀ 'ਤੇ ਵਿਸ਼ੇਸ਼ ਮਹਾਰਾਜਾ ਸ਼ੇਰ ਸਿੰਘ ਦਾ ਦੁਖਦਾਈ ਅੰਤ ਅਗਲੀ ਖ਼ਬਰ ਸਾਡਾ ਐੱਮ . ਐੱਲ . ਏ . ਸਾਡੇ ਵਿਚ ’ ਤਹਿਤ ਹਰਜੋਤ ਬੈਂਸ ਨੇ ਸੁਣੀਆਂ ਜਨਤਾ ਦੀਆਂ ਮੁਸ਼ਕਿਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।