12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਅਕਾਲ ਤਖ਼ਤ ਸਾਹਿਬ ਦੀ ਮਰਿਆਦਾ-ਇਕ ਪੰਥਕ ਚਿੰਤਾ

ਅਕਾਲ ਤਖ਼ਤ ਸਾਹਿਬ ਦੀ ਮਰਿਆਦਾ-ਇਕ ਪੰਥਕ ਚਿੰਤਾ

ਅਜੀਤ ਡੈਸਕ 12-10-2026

ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀਆਂ ਸਭ ਤੋਂ ਮਹੱਤਵਪੂਰਨ ਸੰਸਥਾਵਾਂ 'ਚੋਂ ਇਕ ਹੈ | ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 1606 ਈ. 'ਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਇਸ ਤਖ਼ਤ ਦੀ ਸਿਰਜਣਾ ਕੀਤੀ ਸੀ | ਇਹ ਸਿਰਫ਼ ਇਕ ਇਮਾਰਤ ਨਹੀਂ ਸੀ, ਸਗੋਂ ਗੁਰੂ ਸਾਹਿਬ ਦੀ ਮੀਰੀ-ਪੀਰੀ ਦੀ ਸੋਚ ਦਾ ਸੰਸਥਾਗਤ ਪ੍ਰਗਟਾਵਾ ਸੀ | ਇਤਿਹਾਸਕ ਵੇਰਵੇ ਅਨੁਸਾਰ ਅਕਾਲ ਤਖ਼ਤ ਸਿੱਖ ਪੰਥ ਦੀ ਸ਼ਕਤੀ ਤੇ ਸੁਤੰਤਰ ਸਿੱਖ ਸੋਚ ਨੂੰ  ਰੂਪਮਾਨ ਕਰਨ ਵਾਲੀ ਸੰਸਥਾ ਹੈ | ਇਸ ਤਖ਼ਤ ਦੀ ਮਹਾਨਤਾ ਇਸ ਗੱਲ ਵਿਚ ਹੈ ਕਿ ਇੱਥੋਂ ਸਿੱਖ ਪੰਥ ਦੇ ਸਾਂਝੇ ਮਸਲਿਆਂ ਬਾਰੇ ਮਾਰਗਦਰਸ਼ਨ ਤੇ ਫ਼ੈਸਲਿਆਂ ਦੀ ਪਰੰਪਰਾ ਵਿਕਸਿਤ ਹੋਈ | ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਇੱਥੇ ਸੰਗਤਾਂ ਨਾਲ ਵਿਚਾਰ-ਵਟਾਂਦਰਾ ਹੁੰਦਾ ਤੇ ਪੰਥਕ ਮਸਲਿਆਂ ਬਾਰੇ ਚਰਚਾ ਕੀਤੀ ਜਾਂਦੀ ਸੀ | ਬਾਅਦ 'ਚ ਵੀ ਅਕਾਲ ਤਖ਼ਤ ਸਰਬੱਤ ਖ਼ਾਲਸਾ ਅਤੇ ਪੰਥਕ ਵਿਚਾਰ-ਵਟਾਂਦਰੇ ਨਾਲ ਜੁੜਿਆ ਇਕ ਕੇਂਦਰੀ ਅਸਥਾਨ ਬਣਿਆ ਰਿਹਾ | ਇਸੇ ਪੰਥਕ ਪਰੰਪਰਾ ਵਿਚ ਸਾਨੂੰ ਅਜਿਹੇ ਜਥੇਦਾਰ ਵੀ ਮਿਲਦੇ ਹਨ, ਜਿਨ੍ਹਾਂ ਨੇ ਆਪਣੇ ਸਮੇਂ ਵਿਚ ਅਕਾਲ ਤਖ਼ਤ ਦੀ ਸੁਤੰਤਰਤਾ ਤੇ ਪੰਥਕ ਅਧਿਕਾਰ ਨੂੰ  ਮਹੱਤਵ ਦਿੱਤਾ | ਪ੍ਰੋ. ਮਨਜੀਤ ਸਿੰਘ ਦੇ ਕਾਰਜਕਾਲ ਦੌਰਾਨ ਵੱਖ-ਵੱਖ ਸਿੱਖ ਸਿਆਸੀ ਧੜਿਆਂ ਨੂੰ  ਇਕ ਮੰਚ 'ਤੇ ਲਿਆਉਣ ਦੇ ਯਤਨ ਹੋਏ | ਭਾਈ ਰਣਜੀਤ ਸਿੰਘ ਦੇ ਕਾਰਜਕਾਲ ਦੌਰਾਨ ਵੀ ਅਕਾਲ ਤਖ਼ਤ ਦੀ ਸੁਤੰਤਰਤਾ ਤੇ ਪੰਥਕ ਅਧਿਕਾਰ ਨੂੰ  ਲੈ ਕੇ ਮਹੱਤਵਪੂਰਨ ਘਟਨਾਵਾਂ ਵਾਪਰੀਆਂ | ਗਿਆਨੀ ਪੂਰਨ ਸਿੰਘ ਦੇ ਸਮੇਂ ਵੀ ਪੰਥਕ ਤੇ ਧਾਰਮਿਕ ਮਸਲਿਆਂ 'ਤੇ ਅਕਾਲ ਤਖ਼ਤ ਵਲੋਂ ਸਰਗਰਮ ਭੂਮਿਕਾ ਨਿਭਾਈ ਗਈ | ਇਨ੍ਹਾਂ ਉਦਾਹਰਨਾਂ ਨਾਲ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ, ਪਰ ਇਹ ਜ਼ਰੂਰ ਦੱਸਦੀਆਂ ਹਨ ਕਿ ਅਕਾਲ ਤਖ਼ਤ ਦੀ ਮਹਾਨਤਾ ਉਸ ਵੇਲੇ ਵੀ ਪੰਥਕ ਵਿਚਾਰ, ਸੰਵਾਦ ਤੇ ਸੰਸਥਾਗਤ ਅਧਿਕਾਰ ਨਾਲ ਜੁੜੀ ਹੋਈ ਸੀ |

ਇਤਿਹਾਸ ਸਾਨੂੰ ਇਹ ਵੀ ਦੱਸਦਾ ਹੈ ਕਿ ਜਥੇਦਾਰਾਂ ਅਤੇ ਸਿਆਸੀ ਆਗੂਆਂ ਵਿਚਕਾਰ ਤਣਾਅ ਦੇ ਬਾਵਜੂਦ ਅਕਾਲ ਤਖ਼ਤ ਦੀ ਪੰਥਕ ਮਹੱਤਤਾ ਨੂੰ  ਕੇਂਦਰ ਵਿਚ ਰੱਖਣ ਦੀ ਕੋਸ਼ਿਸ਼ ਹੁੰਦੀ ਰਹੀ | ਇਸੇ ਲਈ ਸਾਨੂੰ ਪੁਰਾਣੇ ਜਥੇਦਾਰਾਂ ਦੀਆਂ ਸੇਵਾਵਾਂ ਤੇ ਉਨ੍ਹਾਂ ਵਲੋਂ ਕੀਤੇ ਚੰਗੇ ਪੰਥਕ ਕਾਰਜਾਂ ਨੂੰ  ਯਾਦ ਕਰਦਿਆਂ ਇਹ ਸੋਚਣਾ ਚਾਹੀਦਾ ਹੈ ਕਿ ਅੱਜ ਅਸੀਂ ਉਸੇ ਸੰਸਥਾਗਤ ਮਰਿਆਦਾ ਨੂੰ  ਕਿਵੇਂ ਹੋਰ ਮਜ਼ਬੂਤ ਕਰ ਸਕਦੇ ਹਾਂ | ਪਰ 2015 ਦੀ ਘਟਨਾ ਇਸ ਪੂਰੀ ਪਰੰਪਰਾ ਦੇ ਸੰਦਰਭ ਵਿਚ ਇਕ ਬਹੁਤ ਹੀ ਗੰਭੀਰ ਤੇ ਦੁਖਦਾਈ ਅਧਿਆਇ ਵਜੋਂ ਸਾਹਮਣੇ ਆਉਂਦੀ ਹੈ | 24 ਸਤੰਬਰ, 2015 ਨੂੰ  ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਡੇਰਾ ਮੁਖੀ ਨੂੰ  ਦਿੱਤੀ ਗਈ ਮੁਆਫ਼ੀ ਦਾ ਫ਼ੈਸਲਾ ਪੰਥਕ ਪੱਧਰ 'ਤੇ ਬਹੁਤ ਵੱਡੇ ਵਿਵਾਦ ਦਾ ਕਾਰਨ ਬਣਿਆ | ਜਿਸ ਵਿਅਕਤੀ ਵਿਰੁੱਧ ਪਹਿਲਾਂ ਹੀ ਸਿੱਖ ਪੰਥ ਵਿਚ ਗੰਭੀਰ ਰੋਸ ਤੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਵਿਵਾਦ ਸਨ, ਉਸ ਨੂੰ  ਦਿੱਤੀ ਮੁਆਫ਼ੀ ਬਹੁਤੇ ਸਿੱਖਾਂ ਦੀ ਨਜ਼ਰ ਵਿਚ ਅਕਾਲ ਤਖ਼ਤ ਦੀ ਮਰਿਆਦਾ ਤੇ ਨਿਰਪੱਖਤਾ ਲਈ ਇਕ ਵੱਡੀ ਗਲਤੀ ਸੀ | ਮੇਰੇ ਵਿਚਾਰ ਵਿਚ ਇਹ ਸਿਰਫ਼ ਇਕ ਵਿਅਕਤੀ ਨੂੰ  ਮੁਆਫ਼ ਕਰਨ ਦਾ ਮਾਮਲਾ ਨਹੀਂ ਸੀ | ਵੱਡਾ ਸਵਾਲ ਇਹ ਸੀ ਕਿ ਅਕਾਲ ਤਖ਼ਤ ਤੋਂ ਹੋਣ ਵਾਲੇ ਫ਼ੈਸਲਿਆਂ ਪਿੱਛੇ ਪੰਥ ਨੂੰ  ਕਿੰਨਾ ਵਿਸ਼ਵਾਸ ਤੇ ਨੈਤਿਕ ਅਧਿਕਾਰ ਮਹਿਸੂਸ ਹੁੰਦਾ ਹੈ | ਜਦੋਂ ਕਿਸੇ ਅਜਿਹੇ ਮਾਮਲੇ 'ਚ ਜਿਸ ਨਾਲ ਸਿੱਖ ਪੰਥ ਦੀਆਂ ਡੂੰਘੀਆਂ ਭਾਵਨਾਵਾਂ ਜੁੜੀਆਂ ਹੋਣ, ਫ਼ੈਸਲਾ ਇਸ ਢੰਗ ਨਾਲ ਸਾਹਮਣੇ ਆਵੇ ਕਿ ਵੱਡਾ ਹਿੱਸਾ ਸੰਗਤ ਦਾ ਉਸ ਨੂੰ  ਸਵੀਕਾਰ ਨਾ ਕਰ ਸਕੇ, ਤਾਂ ਇਹ ਸੰਸਥਾ ਦੀ ਸਾਖ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ | ਬਾਅਦ 'ਚ ਇਸ ਫ਼ੈਸਲੇ ਨੂੰ  ਵਾਪਸ ਲੈਣਾ ਵੀ ਇਸ ਗੱਲ ਦਾ ਸੰਕੇਤ ਸੀ ਕਿ ਮਾਮਲਾ ਸਿਰਫ਼ ਇਕ ਆਮ ਪ੍ਰਸ਼ਾਸਕੀ ਫ਼ੈਸਲਾ ਨਹੀਂ ਸੀ | ਇਸ ਘਟਨਾ ਤੋਂ ਬਹੁਤ ਵੱਡਾ ਸਬਕ ਮਿਲਦਾ ਹੈ—ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਭਾਵੇਂ ਕਿਸੇ ਵਿਅਕਤੀ ਦੇ ਹੱਕ ਵਿਚ ਹੋਵੇ ਜਾਂ ਵਿਰੋਧ 'ਚ, ਉਸ ਪਿੱਛੇ ਪੰਥ ਨੂੰ  ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਫ਼ੈਸਲਾ ਪੂਰੀ ਤਰ੍ਹਾਂ ਨਿਰਪੱਖ, ਗੁਰਮਤਿ ਅਨੁਸਾਰ ਤੇ ਕਿਸੇ ਬਾਹਰੀ ਦਬਾਅ ਤੋਂ ਮੁਕਤ ਹੈ |
ਇਸੇ ਸੰਦਰਭ ਵਿਚ ਅੱਜ ਜਾਂ ਹਾਲੀਆ ਸਮੇਂ 'ਚ ਜਥੇਦਾਰਾਂ ਨੂੰ  ਅਹੁਦਿਆਂ ਤੋਂ ਹਟਾਉਣ ਨਾਲ ਜੁੜੇ ਮਾਮਲਿਆਂ ਨੂੰ  ਵੀ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ | ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਵਰਗੇ ਜਥੇਦਾਰਾਂ ਨਾਲ ਜੁੜੇ ਅਹੁਦਾ-ਬਦਲਾਅ ਜਾਂ ਹਟਾਉਣ ਦੇ ਫ਼ੈਸਲੇ ਜੇ ਪੰਥਕ ਪੱਧਰ 'ਤੇ ਸਪੱਸ਼ਟ, ਪਾਰਦਰਸ਼ੀ ਤੇ ਸੁਤੰਤਰ ਪ੍ਰਕਿਰਿਆ ਰਾਹੀਂ ਨਾ ਸਮਝਾਏ ਜਾਣ ਤਾਂ ਸਵਾਲ ਸਿਰਫ਼ ਕਿਸੇ ਇਕ ਜਥੇਦਾਰ ਦੀ ਯੋਗਤਾ ਜਾਂ ਅਯੋਗਤਾ ਦਾ ਨਹੀਂ ਰਹਿੰਦਾ | ਸਵਾਲ ਇਹ ਬਣ ਜਾਂਦਾ ਹੈ ਕਿ ਜਥੇਦਾਰ ਦੇ ਅਹੁਦੇ ਦੀ ਸੰਸਥਾਗਤ ਸੁਤੰਤਰਤਾ ਕਿੰਨੀ ਹੈ ਤੇ ਉਸ ਦੀ ਜਵਾਬਦੇਹੀ ਕਿਸ ਦੇ ਪ੍ਰਤੀ ਹੈ | ਅਜਿਹੇ ਮਾਮਲਿਆਂ 'ਚ ਵੀ ਪੰਥਕ ਭਰੋਸਾ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ |
ਇਤਿਹਾਸਕ ਵੇਰਵਿਆਂ ਅਨੁਸਾਰ ਅਕਾਲ ਤਖ਼ਤ ਨੂੰ  ਅਫ਼ਗਾਨ ਹਮਲਾਵਰਾਂ ਵਲੋਂ ਵੀ ਨੁਕਸਾਨ ਪਹੁੰਚਾਇਆ ਗਿਆ ਸੀ ਤੇ 1984 'ਚ ਬਹੁਤ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਪਰ ਇਤਿਹਾਸ ਇਹ ਵੀ ਸਿਖਾਉਂਦਾ ਹੈ ਕਿ ਇਮਾਰਤ ਨੂੰ  ਦੁਬਾਰਾ ਬਣਾਇਆ ਜਾ ਸਕਦਾ ਹੈ, ਸੰਸਥਾ ਪ੍ਰਤੀ ਲੋਕਾਂ ਦਾ ਵਿਸ਼ਵਾਸ ਜੇ ਟੁੱਟ ਜਾਵੇ ਤਾਂ ਉਸ ਨੂੰ  ਮੁੜ ਬਣਾਉਣਾ ਕਿਤੇ ਵਧੇਰੇ ਔਖਾ ਹੁੰਦਾ ਹੈ | ਇਸ ਲਈ ਸਾਡੀ ਚਿੰਤਾ ਕਿਸੇ ਇਕ ਮੌਜੂਦਾ ਜਾਂ ਪੁਰਾਣੇ ਜਥੇਦਾਰ ਸਾਹਿਬ ਬਾਰੇ ਨਹੀਂ | ਅੱਜ ਦੇ ਜਥੇਦਾਰ ਸਾਹਿਬ ਵੀ ਸਾਡੇ ਲਈ ਸਤਿਕਾਰਯੋਗ ਹਨ | ਚਿੰਤਾ ਅਹੁਦੇ ਦੀ ਸੰਸਥਾਗਤ ਆਜ਼ਾਦੀ ਬਾਰੇ ਹੈ | ਜਥੇਦਾਰ ਬਦਲਦੇ ਰਹਿਣਗੇ, ਸਰਕਾਰਾਂ ਬਦਲਦੀਆਂ ਰਹਿਣਗੀਆਂ, ਸਿਆਸੀ ਪਾਰਟੀਆਂ ਬਦਲਦੀਆਂ ਰਹਿਣਗੀਆਂ ਅਤੇ ਪਰਿਵਾਰ ਵੀ ਬਦਲ ਜਾਣਗੇ, ਪਰ ਅਕਾਲ ਤਖ਼ਤ ਦੀ ਮਰਿਆਦਾ ਸਦੀਵੀ ਰਹਿਣੀ ਚਾਹੀਦੀ ਹੈ | ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਦੀਆਂ ਆਪਣੀਆਂ ਮਜਬੂਰੀ ਹਨ | ਹਰ ਕਰਮਚਾਰੀ ਨੇ ਨੌਕਰੀ ਕਰਕੇ ਆਪਣਾ ਘਰ ਚਲਾਉਣਾ ਹੈ | ਗੱਲ ਉਸ ਪ੍ਰਬੰਧਕੀ ਤੇ ਸਿਆਸੀ ਦਖ਼ਲ ਦੀ ਹੈ, ਜਿਸ ਨਾਲ ਇਕ ਮਹਾਨ ਪੰਥਕ ਸੰਸਥਾ ਦੀ ਨਿਰਪੱਖਤਾ 'ਤੇ ਸਵਾਲ ਉੱਠਣ | ਅਕਾਲ ਤਖ਼ਤ ਸਾਹਿਬ ਨੂੰ  ਕਿਸੇ ਇਕ ਪਰਿਵਾਰ, ਪਾਰਟੀ ਜਾਂ ਧੜੇ ਦੀ ਛਾਂ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ | ਜਥੇਦਾਰ ਦੀ ਨਿਯੁਕਤੀ, ਕਾਰਜਕਾਲ ਤੇ ਜਵਾਬਦੇਹੀ ਲਈ ਅਜਿਹੀ ਪੰਥਕ ਤੇ ਪਾਰਦਰਸ਼ੀ ਵਿਵਸਥਾ ਬਣੇ, ਜਿਸ 'ਤੇ ਦੁਨੀਆ ਭਰ ਦੀ ਸਿੱਖ ਸੰਗਤ ਨੂੰ  ਵਿਸ਼ਵਾਸ ਹੋਵੇ | ਸਾਡਾ ਇਤਿਹਾਸ ਇਹ ਨਹੀਂ ਸਿਖਾਉਂਦਾ ਕਿ ਕਿਸੇ ਵਿਅਕਤੀ ਨੂੰ  ਸਦਾ ਲਈ ਨਿਸ਼ਾਨਾ ਬਣਾਇਆ ਜਾਵੇ | ਇਤਿਹਾਸ ਇਹ ਸਿਖਾਉਂਦਾ ਹੈ ਕਿ ਸੰਸਥਾਵਾਂ ਨੂੰ  ਵਿਅਕਤੀਆਂ ਤੋਂ ਉੱਪਰ ਰੱਖਿਆ ਜਾਵੇ |
ਇਹ ਲੇਖ ਕਿਸੇ ਵਿਅਕਤੀ ਵਿਰੁੱਧ ਇਲਜ਼ਾਮ ਨਹੀਂ, ਸਗੋਂ ਇਕ ਪੰਥਕ ਅਰਦਾਸ ਹੈ ਕਿ ਅਕਾਲ ਤਖ਼ਤ ਦੀ ਮਰਿਆਦਾ ਸਿਆਸੀ ਦਖ਼ਲ ਤੋਂ ਉੱਪਰ ਰਹੇ, ਜਥੇਦਾਰ ਸਾਹਿਬ ਪੰਥਕ ਜ਼ਮੀਰ ਦੀ ਆਵਾਜ਼ ਬਣਨ ਅਤੇ ਕੋਈ ਵੀ ਸਿਆਸੀ ਤਾਕਤ ਇਸ ਮਹਾਨ ਸੰਸਥਾ ਨੂੰ  ਆਪਣੇ ਨਿੱਜੀ ਜਾਂ ਸਿਆਸੀ ਪਾਰਟੀ ਹਿੱਤਾਂ ਲਈ ਵਰਤਣ ਦੀ ਹਿੰਮਤ ਨਾ ਕਰ ਸਕੇ | ਅਕਾਲ ਤਖ਼ਤ ਸਾਹਿਬ ਦੀ ਇਮਾਰਤ ਸਿਰਫ਼ ਪੱਥਰਾਂ ਦੀ ਇਮਾਰਤ ਨਹੀਂ, ਇਹ ਸਿੱਖ ਪੰਥ ਦੀ ਸਾਂਝੀ ਚੇਤਨਾ ਦਾ ਪ੍ਰਤੀਕ ਹੈ | ਇਸ ਦੀ ਮਰਿਆਦਾ ਦੀ ਰੱਖਿਆ ਕਰਨਾ ਕਿਸੇ ਇਕ ਜਥੇਦਾਰ, ਸੰਸਥਾ ਜਾਂ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ, ਇਹ ਸਮੁੱਚੇ ਖ਼ਾਲਸਾ ਪੰਥ ਦੀ ਸਾਂਝੀ ਜ਼ਿੰਮੇਵਾਰੀ ਹੈ | ਅਕਾਲ ਤਖ਼ਤ ਦੀ ਮਰਿਆਦਾ ਕਾਇਮ ਰਹੇ, ਪੰਥਕ ਏਕਤਾ ਮਜ਼ਬੂਤ ਹੋਵੇ ਅਤੇ ਗੁਰੂ ਸਾਹਿਬਾਨ ਦੀ ਮੀਰੀ-ਪੀਰੀ ਦੀ ਸੋਚ ਸਾਡੀ ਅਗਵਾਈ ਕਰਦੀ ਰਹੇ, ਇਹੀ ਇਸ ਲੇਖ ਦਾ ਮੂਲ ਉਦੇਸ਼ ਹੈ |

-ਸਾਬਕਾ ਮੀਤ ਸਕੱਤਰ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ |
ਮੋਬਾਈਲ : 98786-12735

ਪਿਛਲੀ ਖ਼ਬਰ ਨਿਸ਼ਕਾਮ ਇੰਟਰਨੈਸ਼ਨਲ ਗਰਲਜ਼ ਸਪਰਿਚੁਅਲ ਰੀਟਰੀਟ-2026 ਕੀਨੀਆ ਵਿਚ 6 ਮੁੱਖ ਸਿੱਖ ਸੰਗਠਨਾਂ ਦੀ ਅਹਿਮ ਕਾਰਗੁਜ਼ਾਰੀ ਅਗਲੀ ਖ਼ਬਰ ਚੰਗਾ ਚਰਿੱਤਰ ਕਿਵੇਂ ਕਾਇਮ ਹੋਵੇ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।