ਆਮ ਤੌਰ 'ਤੇ ਇਹ ਧਾਰਨਾ ਪ੍ਰਚੱਲਤ ਹੈ ਕਿ ਗ਼ਰੀਬੀ ਮਨੁੱਖ ਨੂੰ ਕਈ ਵਾਰ ਅਜਿਹੇ ਹਾਲਾਤ ਵਿਚ ਧੱਕ ਦਿੰਦੀ ਹੈ, ਜਿੱਥੇ ਉਹ ਗ਼ਲਤ ਰਾਹ ਅਖ਼ਤਿਆਰ ਕਰ ਬੈਠਦਾ ਹੈ, ਜਦਕਿ ਬੇਅੰਤ ਧਨ ਦੀ ਮਾਲਕੀ ਕਈ ਵਾਰ ਮਨੁੱਖ ਦੇ ਅੰਦਰ ਹਉਮੈ, ਅਯਾਸ਼ੀ ਅਤੇ ਦੂਜਿਆਂ ਦੇ ਹੱਕ ਮਾਰਨ ਦੀ ਪ੍ਰਵਿਰਤੀ ਪੈਦਾ ਕਰ ਦਿੰਦੀ ਹੈ |

ਮਨੁੱਖ ਨੂੰ ਗ਼ਰੀਬੀ ਚੰਗੀ ਨਹੀਂ ਲੱਗਦੀ ਤੇ ਅਮੀਰਾਂ ਨੂੰ ਗ਼ਰੀਬ ਚੰਗੇ ਨਹੀਂ ਲੱਗਦੇ | ਇਸ ਲਈ ਅਮੀਰ-ਗ਼ਰੀਬ ਦੀ ਇਹ ਜੰਗ ਸਦੀਆਂ ਤੋਂ ਚਲਦੀ ਆ ਰਹੀ ਹੈ | ਗ਼ਰੀਬ ਦੀ ਭੁੱਖ ਤਾਂ ਦੋ ਰੋਟੀਆਂ ਨਾਲ ਸ਼ਾਂਤ ਕੀਤੀ ਜਾ ਸਕਦੀ ਹੈ, ਪਰ ਅਮੀਰ ਦੇ ਮਨ ਦੀ ਭੁੱਖ ਦੀ ਸੀਮਾ ਕੋਈ ਨਹੀਂ ਹੈ | ਉਸ ਭੁੱਖ ਦੀ ਖਾਤਰ ਅਮੀਰ ਵੀ ਕੋਈ ਪਾਪ ਕਰਨ ਤੋਂ ਪਿੱਛੇ ਨਹੀਂ ਹਟਦਾ, ਸਗੋਂ ਉਹ ਤਾਂ ਹੱਕ ਮਾਰਨ ਦੇ ਕੰਮ ਨੂੰ ਵੀ ਆਪਣਾ ਹੱਕ ਸਮਝਦਾ ਹੈ ਤੇ ਹੋਰ ਅਮੀਰ ਹੋਣਾ ਚਾਹੁੰਦਾ ਹੈ | ਜਿਵੇਂ ਕਿ ਜਪੁ ਬਾਣੀ ਵਿਚ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:-
ਭੁਖਿਆ ਭੁਖ ਨ ਉਤਰੀ
ਜੇ ਬੰਨਾ ਪੁਰੀਆ ਭਾਰ¨ (ਅੰਗ:1)
ਪਰ ਜੇਕਰ ਇੰਞ ਹੋ ਜਾਵੇ ਕਿ ਜਦ ਮਨੁੱਖ ਕੋਲ ਧਨ ਥੋੜ੍ਹਾ ਹੋਵੇ ਤਾਂ ਉਹ ਗ਼ਲਤ ਕੰਮ ਨਾ ਕਰੇ ਅਤੇ ਜਦ ਬਹੁਤਾ ਹੋਵੇ ਤਾਂ ਬਦਮਾਸ਼ ਨਾ ਬਣੇ ਤਾਂ ਇਸ ਬਾਰੇ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ ਕਿ ਉਹੀ ਮਨੁੱਖ ਜੀਵਨ ਦਾ ਪਰਮ ਅਨੰਦ ਮਾਣ ਸਕਦਾ ਹੈ | ਰਾਗ ਮਾਰੂ ਵਿਚ ਆਪ ਜੀ ਦਾ ਸ਼ਬਦ ਹੈ:-
ਜਿਸੁ ਗਿ੍ਹਿ ਬਹੁਤੁ ਤਿਸੈ ਗਿ੍ਹਿ ਚਿੰਤਾ¨
ਜਿਸੁ ਗਿ੍ਹਿ ਥੋਰੀ ਸੁ ਫਿਰੈ ਭ੍ਰਮੰਤਾ¨
ਦੁਹੂ ਬਿਵਸਥਾ ਤੇ ਜੋ ਮੁਕਤਾ
ਸੋਈ ਸੁਹੇਲਾ ਭਾਲੀਐ¨
(ਅੰਗ:1019)
ਭਾਵ ਕਿ ਹੇ ਭਾਈ! ਜਿਸ ਮਨੁੱਖ ਦੇ ਘਰ ਵਿਚ ਬਹੁਤੀ ਮਾਇਆ ਹੁੰਦੀ ਹੈ, ਉਸ ਮਨੁੱਖ ਦੇ ਘਰ (ਹਿਰਦੇ) ਵਿਚ ਹਰ ਵੇਲੇ ਚਿੰਤਾ ਰਹਿੰਦੀ ਹੈ ਕਿ ਕਿਤੇ ਖੁੱਸ ਨਾਹ ਜਾਏ | ਜਿਸ ਮਨੁੱਖ ਦੇ ਘਰ ਵਿਚ ਥੋੜੀ ਮਾਇਆ ਹੈ ਉਹ ਮਨੁੱਖ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ | ਜਿਹੜਾ ਮਨੁੱਖ ਇਨ੍ਹਾਂ ਦੋਹਾਂ ਹਾਲਤਾਂ ਤੋਂ ਬਚਿਆ ਰਹਿੰਦਾ ਹੈ, ਉਹੀ ਮਨੁੱਖ ਸੌਖਾ ਤੇ ਸੁਖੀ ਹੁੰਦਾ ਹੈ |
ਕਿਉਂਕਿ ਅਸਲ ਸਮੱਸਿਆ ਧਨ ਨਹੀਂ, ਧਨ ਨਾਲ ਜੁੜੀ ਤਿ੍ਸ਼ਨਾ ਹੈ | ਬਿਨਾਂ ਸ਼ੱਕ ਮਾਇਆ/ਧਨ ਦੀ ਜ਼ਰੂਰਤ ਮਨੁੱਖੀ ਲਈ ਇਕ ਮੁੱਢਲੀਆਂ ਲੋੜਾਂ 'ਚੋਂ ਹੈ, ਪਰ ਉਸ ਦੀ ਪ੍ਰਾਪਤੀ ਲਈ ਚੋਰੀ ਜਾਂ ਲਾਲਚ ਦੀ ਕੋਈ ਥਾਂ ਨਹੀਂ ਹੈ | ਉਸ ਲਈ ਸਾਨੂੰ ਕਿਰਤ ਕਰਨ ਦਾ ਸਿਧਾਂਤ ਪ੍ਰਾਪਤ ਹੋਇਆ ਹੈ | ਉੱਦਮ, ਮਿਹਨਤ ਤੇ ਭਾਗ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ | ਗੁਰਮਤਿ ਨਾ ਤਾਂ ਗ਼ਰੀਬੀ ਨੂੰ ਕੋਈ ਆਦਰਸ਼ ਮੰਨਦੀ ਹੈ ਤੇ ਨਾ ਹੀ ਧਨ ਨੂੰ ਆਪਣੇ-ਆਪ ਵਿਚ ਬੁਰਾਈ ਸਮਝਦੀ ਹੈ, ਸਗੋਂ ਇਹ ਸਮਝਾਉਂਦੀ ਹੈ ਕਿ ਧਨ ਪ੍ਰਾਪਤੀ ਵਿਚ ਖੱਚਿਤ ਹੋਣਾ ਯਕੀਨਨ ਇਕ ਬੁਰਾਈ ਬਣ ਜਾਂਦਾ ਹੈ | ਗੁਰੂ ਨਾਨਕ ਸਾਹਿਬ ਤਾਂ ਆਪ ਹੁਕਮ ਕਰਦੇ ਹਨ:-
ਘਾਲਿ ਖਾਇ ਕਿਛੁ ਹਥਹੁ ਦੇਇ¨
ਨਾਨਕ ਰਾਹੁ ਪਛਾਣਹਿ ਸੇਇ¨
(ਅੰਗ:1245)
ਭਾਵ ਕਿ ਅਸਲ ਰੱਬੀ ਮਾਰਗ ਜਾਂ ਸਹੀ ਜੀਵਨ-ਜੁਗਤ ਨੂੰ ਉਹੀ ਮਨੁੱਖ ਪਛਾਣਦੇ ਹਨ, ਜੋ ਕਿਰਤ ਕਰਦੇ ਹਨ ਤੇ ਵੰਡ ਕੇ ਛਕਦੇ ਹਨ | ਮਨੁੱਖ ਨੂੰ ਆਪਣੀ ਮਿਹਨਤ (ਕਿਰਤ) ਦੀ ਕਮਾਈ ਕਰਕੇ ਖਾਣਾ ਚਾਹੀਦਾ ਹੈ ਅਤੇ ਆਪਣੀ ਨੇਕ ਕਮਾਈ 'ਚੋਂ ਲੋੜਵੰਦਾਂ ਜਾਂ ਗ਼ਰੀਬਾਂ ਦੀ ਭਲਾਈ ਲਈ ਕੁਝ ਹਿੱਸਾ (ਵੰਡ ਛਕਣਾ) ਕੱਢਣਾ ਚਾਹੀਦਾ ਹੈ |
ਗੁਰਮਤਿ ਸਾਨੂੰ ਧਨ ਕਮਾਉਣ ਤੋਂ ਨਹੀਂ ਰੋਕਦੀ, ਸਗੋਂ ਧਨ ਕਮਾਉਣ ਦੇ ਢੰਗ ਅਤੇ ਉਸ ਦੀ ਵਰਤੋਂ ਪ੍ਰਤੀ ਸੁਚੇਤ ਕਰਦੀ ਹੈ | ਗੁਰੂ ਸਾਹਿਬਾਨ ਨੇ ਕਿਰਤ ਕਰਨ ਦਾ, ਵੰਡ ਕੇ ਛਕਣ ਦਾ ਅਤੇ ਨਾਮ ਜਪਣ ਦਾ ਸਿਧਾਂਤ ਦਿੱਤਾ ਹੈ | ਇਸ ਲਈ ਮਨੁੱਖ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਇਮਾਨਦਾਰੀ ਨਾਲ ਕਿਰਤ ਕਰਨੀ ਚਾਹੀਦੀ ਹੈ ਅਤੇ ਆਪਣੀ ਸਮਰੱਥਾ ਅਨੁਸਾਰ ਦੂਜਿਆਂ ਦੀ ਸਹਾਇਤਾ ਵੀ ਕਰਨੀ ਚਾਹੀਦੀ ਹੈ | ਇਸ ਲਈ ਗੁਰਬਾਣੀ ਦਾ ਸੰਦੇਸ਼ ਹੈ ਕਿ ਨਾ ਤਾਂ ਗ਼ਰੀਬੀ ਮਨੁੱਖ ਦੀ ਮੰਜ਼ਿਲ ਹੈ ਤੇ ਨਾ ਹੀ ਅਮੀਰੀ ਉਸ ਦੀ ਪ੍ਰਾਪਤੀ ਦਾ ਅੰਤਿਮ ਸਿਖ਼ਰ | ਅਸਲ ਮੰਜ਼ਿਲ ਤਾਂ ਦੋਵੇਂ ਹਾਲਤਾਂ ਵਿਚ ਮਨ ਨੂੰ ਸੰਤੋਖ ਤੇ ਸਹਿਜ ਵਿਚ ਟਿਕਾਉਣਾ ਹੈ ਤੇ ਦੋਵੇਂ ਸਥਿਤੀਆਂ ਤੋਂ ਮੁਕਤ ਹੋਣਾ ਹੈ |
-ਸ੍ਰੀ ਅੰਮਿ੍ਤਸਰ ਸਾਹਿਬ |
ਮੋਬਾਈਲ : 94787-67620